ਗਧੇ ਦਾ ਨਾਂ ਸੁਣਦੇ ਹੀ ਲੋਕ ਹੱਸ ਪੈਂਦੇ ਹਨ। ਜਦਕਿ ਗਧਾ ਇੰਨਾ ਗਿਆ-ਗੁਜ਼ਰਿਆ ਵੀ ਨਹੀਂ ਹੈ ਕਿ ਲੋਕ ਉਹਦਾ ਮਖੌਲ ਉਡਾਉਣ। ਉਹ ਤਾਂ ਬੜਾ ਹੀ ਕੰਮ ਵਾਲ਼ਾ ਹੈ। ਗਧਾ ਹੀ ਇੱਕ ਅਜਿਹਾ ਜਾਨਵਰ ਹੈ, ਜੋ ਚੁੱਪਚੱਪ ਆਪਣਾ ਕੰਮ ਕਰਦਾ ਹੈ। ਸੱਚ ਕਹਾਂ ਤਾਂ ਵਿਚਾਰੇ ਗਧੇ ਦਾ ਸਭ ਤੋਂ ਵੱਡਾ ਅਪਰਾਧ ਇਹੋ ਹੈ ਕਿ ਉਹਨੇ ਕਦੇ ਵਿਰੋਧ ਨਹੀਂ ਕੀਤਾ, ਨਾ ਆਪਣੇ ਉੱਤੇ ਲੱਗੇ ਦੋਸ਼ਾਂ ਦਾ ਕਦੇ ਖੰਡਨ ਕੀਤਾ। ਨਹੀਂ ਤਾਂ ਅੱਜ ਦੀ ਤਰੀਕ ਵਿੱਚ ਉਹਨੂੰ ਵੀ ਕਿਸੇ ਚੈਨਲ ਤੇ ‘ਪਸ਼ੂ ਅਧਿਕਾਰ’ ਦੇ ਨਾਂ ਤੇ ਬਹਿਸ ਕਰਨ ਦਾ ਮੌਕਾ ਮਿਲ ਗਿਆ ਹੁੰਦਾ।
ਗਧਾ ਮਿਹਨਤੀ ਹੁੰਦਾ ਹੈ। ਬਿਨਾਂ ਛੁੱਟੀ ਲਏ, ਬਿਨਾਂ ‘ਓਵਰਟਾਈਮ’ ਦਾ ਹਿਸਾਬ ਮੰਗੇ ਭਾਰ ਢੋਂਦਾ ਹੈ। ਜੇ ਗਧਾ ਵੀ ਬੰਦਿਆਂ ਵਾਂਗ ਹੜਤਾਲ ਕਰਨ ਲੱਗ ਪਵੇ ਤਾਂ ਪਤਾ ਹੈ, ਕੀ ਹੋਵੇ! ਇੱਟਾਂ, ਗਾਰਾ ਅਤੇ ਬੋਰੀਆਂ ਢੋਣ ਦਾ ਕੰਮ ਤਾਂ ਠੱਪ ਹੀ ਹੋ ਜਾਏ। ਪਰ ਗਧਾ, ਗਧਾ ਹੈ, ਉਹ ਸ਼ਿਕਾਇਤ ਨਹੀਂ ਕਰਦਾ। ਗਧਾ ਭਾਵੇਂ ਬੁੱਧੀਮਾਨ ਨਹੀਂ ਹੈ ਪਰ ਉਹ ਸੁਭਾਅ ਤੋਂ ਈਮਾਨਦਾਰ ਹੈ। ਗਧਾ ਆਪਣੇ ਪੁਰਾਣੇ ਜ਼ਮਾਨੇ ਦੀ ਇਜ਼ਤ ਵਿੱਚ ਮਸਤ ਹੈ। ਬੰਦਿਆਂ ਨੇ ਤਾਂ ਨਵੇਂ ਜ਼ਮਾਨੇ ਦੇ ਸੋਸ਼ਲ ਮੀਡੀਆ ਵਿੱਚ ਖ਼ੁਦ ਨੂੰ ‘ਫਿਲਟਰ’ ਨਾਲ਼ ਢਕ ਲਿਆ ਪਰ ਗਧਾ ਓਥੇ ਦਾ ਓਥੇ ਹੈ – ਸੱਚਾ, ਈਮਾਨਦਾਰ ਤੇ ਧਰਤੀ ਨਾਲ ਜੁੜਿਆ ਹੋਇਆ।
ਹੁਣ ਇਨਸਾਨੀ ਗਧਿਆਂ ਦੀ ਗੱਲ ਕਰੀਏ ਤਾਂ ਇਹ ਅਲੱਗ ਹੀ ਨਸਲ ਦੇ ਹੁੰਦੇ ਹਨ। ਇਹ ਜ਼ਬਾਨ ਦੇ ਤਿੱਖੇ ਅਤੇ ਕੰਮ ਵਿੱਚ ਢਿੱਲੇ ਹੁੰਦੇ ਹਨ। ਮੀਟਿੰਗ ਵਿੱਚ ਵੱਡੀਆਂ ਵੱਡੀਆਂ ਗੱਲਾਂ ਕਰਨਗੇ, ਯੋਜਨਾਵਾਂ ਦੀ ਅਜਿਹੀ ਤਸਵੀਰ ਖਿੱਚਣਗੇ ਕਿ ਲੱਗੇਗਾ ਦੇਸ਼ ਦਾ ਭਵਿੱਖ ਇਨ੍ਹਾਂ ਦੇ ਹੀ ਮੋਢਿਆਂ ਤੇ ਟਿਕਿਆ ਹੋਇਆ ਹੈ। ਪਰ ਜਦੋਂ ਅਸਲ ਕੰਮ ਕਰਨ ਦੀ ਵਾਰੀ ਆਉਂਦੀ ਹੈ ਤਾਂ ਸਭ ਅਲੋਪ। ਇਉਂ ਗਾਇਬ ਹੋ ਜਾਂਦੇ ਹਨ ਜਿਵੇਂ ਗਧੇ ਦੇ ਸਿਰ ਤੋਂ ਸਿੰਗ। ਗਧਾ ਭਾਰ ਢੋਂਦਾ ਹੈ ਅਤੇ ਇਨਸਾਨੀ ਗਧੇ ਭਾਰ ਵਧਾਉਂਦੇ ਹਨ। ਸਰਕਾਰੀ ਫ਼ਾਈਲਾਂ ਦਾ, ਵਾਅਦਿਆਂ ਦਾ ਅਤੇ ਜਨਤਾ ਦੀਆਂ ਉਮੀਦਾਂ ਦਾ। ਅੱਜਕੱਲ੍ਹ ਗਧੇ ਹਰ ਥਾਂ ਮੌਜੂਦ ਹਨ – ਸ਼ਹਿਰ ਵਿੱਚ, ਗਲ਼ੀ ਵਿੱਚ, ਦਫ਼ਤਰ ਵਿੱਚ ਅਤੇ ਰਾਜਨੀਤੀ ਵਿੱਚ ਵੀ। ਗਧਿਆਂ ਦੀ ਸਭ ਤੋਂ ਜ਼ਿਆਦਾ ਇਜ਼ਤ ਅੱਜਕੱਲ੍ਹ ਰਾਜਨੀਤੀ ਵਿੱਚ ਹੋ ਰਹੀ ਹੈ। ਉੱਥੇ ਦੋ ਤਰ੍ਹਾਂ ਦੇ ਗਧੇ ਹੁੰਦੇ ਹਨ – ਇੱਕ ਜੋ ਵਾਅਦੇ ਦਾ ਭਾਰ ਢੋਂਦੇ ਹਨ ਤੇ ਦੂਜੇ ਜੋ ਵੋਟ ਦਾ ਭਾਰ ਲੱਦਦੇ ਹਨ। ਫ਼ਰਕ ਇੰਨਾ ਹੈ ਕਿ ਅਸਲੀ ਗਧੇ ਘਾਹ ਚਰਦੇ ਹਨ ਅਤੇ ਇਨਸਾਨੀ ਗਧੇ ਕੁਰਸੀ ਚਰਦੇ ਹਨ। ਅੱਜਕੱਲ੍ਹ ਇਨਸਾਨ ਦੇ ਅੰਦਰ ਗਧਾ ਜ਼ਿਆਦਾ ਵੱਸ ਗਿਆ ਹੈ, ਚਲਾਕੀ ਨਾਲ ਭਰਿਆ ਹੋਇਆ, ਕੰਮ ਤੋਂ ਭੱਜਦਾ ਹੋਇਆ ਅਤੇ ਆਪਣੀ ਪਿੱਠ ਆਪ ਥਾਪੜਦਾ ਹੋਇਆ। ਗਧਾ ਸਾਨੂੰ ਸਿਖਾਉਂਦਾ ਹੈ ਕਿ ਮਿਹਨਤ ਵਿੱਚ ਕੋਈ ਸ਼ਰਮ ਨਹੀਂ ਕਰਨੀ ਚਾਹੀਦੀ। ਕੰਮ ਜਿਹੋ ਜਿਹਾ ਮਿਲੇ, ਕਰਨਾ ਹੀ ਚਾਹੀਦਾ ਹੈ। ਜੇ ਇਨਸਾਨ ਆਪਣਾ ਗਧਾਪੁਣਾ ਛੱਡ ਕੇ ਥੋੜ੍ਹਾ ਗਧੇ ਵਾਂਗ ਮਿਹਨਤ ਕਰੇ ਤਾਂ ਦੇਸ਼ ਦੀ ਕਿਸਮਤ ਚਮਕ ਉਠੇ। ਪਰ ਕੀ ਕਰੀਏ, ਸਾਡੇ ਏਥੇ ਮਿਹਨਤ ਕਰਨ ਵਾਲੇ ਨੂੰ ਗਧਾ ਅਤੇ ਫੁਕਰੀਆਂ ਮਾਰਨ ਵਾਲੇ ਨੂੰ ਨੇਤਾ ਕਿਹਾ ਜਾਂਦਾ ਹੈ। ਗਧਾ ਮਿਹਨਤ ਦਾ ਪ੍ਰਤੀਕ ਹੈ, ਪਰ ਇਨਸਾਨ ਨੇ ਉਹਨੂੰ ਮੂਰਖ ਬਣਾ ਦਿੱਤਾ ਹੈ। ਗਧਾ ਚੁੱਪ ਰਹਿੰਦਾ ਹੈ, ਸਹਿੰਦਾ ਹੈ, ਪਰ ਜਦੋਂ ਉਹ ਦੁਲੱਤੀ ਮਾਰਦਾ ਹੈ ਤਾਂ ਸਮਝਦਾਰਾਂ ਦੀ ਅਕਲ ਟਿਕਾਣੇ ਲੱਗ ਜਾਂਦੀ ਹੈ। ਸਾਡੀ ਦੁਨੀਆਂ ਵਿੱਚ ਵੀ ਇਹੋ ਹੋਣ ਦੀ ਲੋੜ ਹੈ। ਦਫ਼ਤਰਾਂ ਵਿੱਚ ਮਿਹਨਤੀ ਲੋਕ ਦੁਲੱਤੀ ਮਾਰਨ, ਤਾਂ ਬੌਸ ਦੀ ਕੁਰਸੀ ਕੰਬ ਉਠੇ। ਜਨਤਾ ਦੁਲੱਤੀ ਮਾਰੇ ਤਾਂ ਨੇਤਾਵਾਂ ਦੇ ਵਾਅਦਿਆਂ ਦੀ ਹਵਾ ਨਿਕਲ ਜਾਏ। ਗਧਾ ਬੁੱਧੀਹੀਣ ਨਹੀਂ, ਸਗੋਂ ਹਾਲਾਤ ਦਾ ਮਾਰਿਆ ਹੋਇਆ ਹੈ। ਉਹਨੂੰ ਗਧਾ ਕਹਿਣ ਵਾਲ਼ੇ ਇਨਸਾਨ ਹੀ ਹਨ, ਜਦਕਿ ਅਸਲ ਗਧਾ ਤਾਂ ਇਨਸਾਨ ਦੇ ਅੰਦਰ ਛੁਪਿਆ ਹੋਇਆ ਹੈ। ਹੁਣ ਸਮਾਂ ਆ ਗਿਆ ਹੈ ਕਿ ਗਧੇ ਵੀ ਇਨਸਾਨਾਂ ਨੂੰ ਦੁਲੱਤੀ ਮਾਰ ਕੇ ਕਹਿਣ ‘ਮੇਰੀ ਇਜ਼ਤ ਨਾ ਸਹੀ, ਘੱਟੋ ਘੱਟ ਆਪ ਤਾਂ ਗਧੇ ਨਾ ਬਣੋ’।
# ਮੂਲ : ਵੀਨਾ ਸਿੰਘ, ਲਖਨਊ
# ਅਨੁ: ਪ੍ਰੋ. ਨਵ ਸੰਗੀਤ ਸਿੰਘ,ਪਟਿਆਲਾ-147002.
9417692015.