ਲੋਹੜੀ ਦਾ ਤਿਉਹਾਰ ਪਿਆਰ ਅਤੇ ਆਪਸੀ ਭਾਈਚਾਰੇ ਦੀ ਸਾਂਝ ਦਾ ਪ੍ਰਤੀਕ ਹੈ। ਲੋਹੜੀ ਦੇ ਤਿਉਹਾਰ ਤੇ ਪਹਿਲਾਂ ਆਮ ਹੀ ਪਿੰਡਾਂ ਵਿਚ ਲੋਹੜੀ ਬੜੇ ਹੀ ਪਿਆਰ ਅਤੇ ਸਾਂਝੇ ਭਾਈਚਾਰੇ ਨਾਲ ਮਨਾਈ ਜਾਂਦੀ ਸੀ ਪਰ ਜਿਉਂ-ਜਿਉਂ ਸਮਾਂ ਬੀਤਦਾ ਜਾਂਦੈ, ਪਹਿਲਾਂ ਲੋਹੜੀ ਤੋਂ ਦੋ ਤਿੰਨ ਦਿਨ ਪਹਿਲਾਂ ਹੀ ਪਿੰਡਾਂ ਵਿਚ ਮੁੰਡਿਆਂ ਅਤੇ ਕੁੜੀਆਂ ਵੱਲੋਂ ਰਲ਼ ਕੇ ਘਰ-ਘਰ ਜਾ ਕੇ ਲੋਹੜੀ ਮੰਗੀ ਜਾਂਦੀ ਸੀ, ਫਿਰ ਉਨ੍ਹਾਂ ਘਰਾਂ ਦੇ ਮੂਹਰੇ ਖੜ੍ਹ ਕੇ ਤਰ੍ਹਾਂ-ਤਰ੍ਹਾਂ ਦੇ ਗੀਤ ਗਾ ਕੇ ਲੋਹੜੀ ਮੰਗੀ ਜਾਂਦੀ ਸੀ। ਲੋਹੜੀ ਮੰਗਣ ਦਾ ਗੀਤ
ਪਾ ਨੀ ਮਾਈ ਪਾਥੀ,
ਤੇਰਾ ਪੁੱਤ ਚੜ੍ਹੇਗਾ ਹਾਥੀ।
ਥੋਡੇ ਕੋਠੇ ਉੱਤੇ ਕੰਚ,
ਥੋਡਾ ਮੁੰਡਾ ਬਣੇ ਸਰਪੰਚ।
ਚਾਰ ਕੁ ਦਾਣੇ ਖਿੱਲਾਂ ਦੇ,
ਅਸੀਂ ਪਾਥੀ ਲੈ ਕੇ ਹਿੱਲਾਂ ਗੇ…
ਪਹਿਲਾਂ ਇਕ-ਦੂਜੇ ਨੂੰ ਤਿਉਹਾਰਾਂ ਦੀ ਵਧਾਈ ਵੀ ਮਿਲ ਕੇ ਦਿੱਤੀ ਜਾਂਦੀ ਸੀ ਪਰ ਹੁਣ ਮੋਬਾਈਲਾਂ ‘ਤੇ ਹੀ ਵਧਾਈਆਂ ਦਿੱਤੀਆਂ ਜਾਂਦੀਆ ਹਨ। ਬੱਚੇ ਨੱਚਣਾ-ਟੱਪਣਾ ਸਭ ਭੁੱਲ ਗਏ ਹਨ। ਹੁਣ ਬਹੁਤ ਘੱਟ ਬੱਚੇ ਲੋਹੜੀ ਮੰਗਦੇ ਹਨ ਤੇ ਜੋ ਮੰਗਦੇ ਨੇ, ਉਹ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਹਨ।
ਮੂੰਗਫਲੀ, ਰਿਉੜੀਆਂ, ਤਿਲਾਂ ਦੀ ਗੱਚਕ, ਮੱਕੀ ਦੇ ਦਾਣੇ ਆਦਿ ਲੈ ਕੇ ਲੋਹੜੀ ਵਾਲੇ ਘਰ ਦੇ ਖੁੱਲ੍ਹੇ ਵਿਹੜੇ ‘ਚ ਲੱਕੜਾਂ ਤੇ ਪਾਥੀਆਂ ਦਾ ਢੇਰ ਲਗਾ ਕੇ ਉਸ ਨੂੰ ਅੱਗ ਲਗਾਈ ਜਾਂਦੀ ਹੈ। ਪਹਿਲਾਂ ਬੱਚੇ ਜਦੋਂ ਵੀ ਲੋਹੜੀ ਮੰਗਣ ਆਉਂਦੇ ਸੀ ਤਾਂ ਗੀਤ ਗਾਉਂਦੇ ਸੀ।
‘ਸੁੰਦਰ ਮੁੰਦਰੀਏ ਹੋ,
ਤੇਰਾ ਕੌਣ ਵਿਚਾਰਾ ਹੋ,
ਦੁੱਲਾ ਭੱਟੀ ਵਾਲਾ ਹੋ,
ਦੁੱਲੇ ਨੇ ਧੀ ਵਿਆਹੀ ਹੋ,
ਸੇਰ ਸ਼ੱਕਰ ਪਾਈ ਹੋ..’
ਪਰ ਹੁਣ ਇਹੋ ਜਿਹਾ ਕੁਝ ਵੀ ਨਜ਼ਰ ਨਹੀਂ ਆਉਂਦਾ। ਬੱਚੇ ਲੋਹੜੀ ਮੌਕੇ ਗਾਉਣ ਵਾਲੇ ਗੀਤਾਂ ਨੂੰ ਭੁੱਲ ਗਏ ਹਨ।
ਮੋਬਾਈਲ ਨੇ ਬੱਚਿਆਂ ਨੂੰ ਆਪਣੇ ਸਭਿਆਚਾਰ ਤੋਂ ਦੂਰ ਕਰ ਕੇ ਰੱਖ ਦਿੱਤਾ ਹੈ। ਬਾਹਰ ਦੇ ਲੋਕ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾਉਂਦੇ ਹਨ ਪਰ ਮੋਬਾਈਲ ਨੇ ਸਾਡੇ ਬੱਚਿਆਂ ਨੂੰ ਆਪਣੇ ਸਭਿਆਚਾਰ ਤੋਂ ਅਲੱਗ-ਥਲੱਗ ਕਰ ਕੇ ਰੱਖ ਦਿੱਤਾ ਹੈ
ਸਾਨੂੰ ਇਨ੍ਹਾਂ ਤਿਉਹਾਰਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਇਕਮੁੱਠ ਹੋ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਖਤਮ ਹੁੰਦਾ ਜਾ ਰਿਹਾ ਆਪਸੀ ਪਿਆਰ ਪਹਿਲਾਂ ਦੀ ਤਰ੍ਹਾਂ ਕਾਇਮ ਰਹੇ।
ਪ੍ਰੇਮ ਸਰੂਪ ਛਾਜਲੀ