ਲੋਹੜੀ ਦਾ ਤਿਉਹਾਰ ਪੰਜਾਬ ਦਾ ਸੱਭਿਆਚਾਰਕ ਅਤੇ ਪ੍ਰਸਿੱਧ ਤਿਉਹਾਰ ਹੈ। ਇਹ ਕੜਾਕੇ ਦੀ ਸਰਦ ਰੁੱਤ ਵਿੱਚ ਪੋਹ ਮਹੀਨੇ ਦੀ ਅਖੀਰਲ਼ੀ ਰਾਤ ਨੂੰ ਮਨਾਇਆ ਜਾਂਦਾ ਹੈ। ਲੋਹੜੀ ਤੋਂ ਅਗਲੇ ਦਿਨ ਮਾਘ ਮਹੀਨੇ ਦੀ ਸੰਗਰਾਂਦ ਹੁੰਦੀ ਹੈ, ਇਸ ਦਿਨ ਮਾਘੀ ਦਾ ਤਿਉਹਾਰ ਹੁੰਦਾ ਹੈ।
ਇਸ ਤਿਉਹਾਰ ਵਿਚ ਹਰ ਕੋਈ ਅੱਗ ਦੇ ਦੁਆਲੇ ਨੱਚ ਕੇ ਗੀਤ ਗਾਉਂਦੇ ਹੋਏ ਖੁਸ਼ੀ ਮਨਾਉਂਦਾ ਹੈ। ਸਰਦੀਆਂ ਦੀਆਂ ਘਰੇਲੂ ਮਠਿਆਈਆਂ, ਪਕਵਾਨ ਤਿਆਰ ਕੀਤੇ ਬੜੇ ਚਾਅ ਨਾਲ਼ ਖਾਧੇ ਜਾਂਦੇ ਹਨ, ਜੋ ਠੰਡ ਤੋਂ ਬਚਣ ਲਈ ਸਰੀਰਕ ਊਰਜਾ ਪ੍ਦਾਨ ਕਰਦੇ ਸਨ। ਗੁੜ, ਮੂੰਗਫ਼ਲ਼ੀ, ਗੱਚਕ, ਤਿਲਾਂ ਤੋਂ ਬਣੀਆਂ ਪਿੰਨੀਆਂ, ਗੱਚਕ ਆਦਿ ਸੁਆਦੀ ਪਕਵਾਨ ਹਰ ਪੰਜਾਬੀ ਦੀ ਮਨਪਸੰਦ ਖੁਰਾਕ ਬਣ ਜਾਂਦੇ ਹਨ।
ਜਿਸ ਘਰ ਮੁੰਡਾ ਜੰਮਿਆ ਹੋਵੇ ਜਾਂ ਨਵ-ਵਿਆਹੀ ਵਹੁਟੀ ਆਈ ਹੋਵੇ, ਉਸ ਦੀ ਪਹਿਲੀ ਲੋਹੜੀ ਨੂੰ ਬੜੇ ਹੀ ਚਾਅ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇੰਨਾਂ ਹੀ ਨਹੀਂ ਇਸ ਦਿਨ ਅੱਗ ਦੁਆਲੇ ਚੱਕਰ ਬਣਾ ਕੇ ਮੁਗਲਕਾਲ ਵੇਲੇ ਦੇ ਪੰਜਾਬੀ ਲੋਕ-ਨਾਇਕ ਦੁੱਲਾ ਭੱਟੀ (ਅਬਦੁੱਲਾ ਭੱਟੀ) ਦੇ ਗੀਤ ਗਾਏ ਜਾਂਦੇ ਹਨ। ਇਸ ਕਹਾਣੀ ਬਾਰੇ ਕਿਹਾ ਜਾਂਦਾ ਹੈ ਕਿ ਦੁੱਲਾ ਭੱਟੀ ਦੀ ਕਹਾਣੀ ਤੋਂ ਬਿਨਾਂ ਲੋਹੜੀ ਅਧੂਰੀ ਹੈ।
ਮੁਗਲ ਬਾਦਸ਼ਾਹ ਅਕਬਰ ਦੇ ਸਮੇਂ ਪੰਜਾਬ ਵਿਚ ਦੁੱਲਾ ਭੱਟੀ ਨਾਂ ਦਾ ਇਕ ਵਿਅਕਤੀ ਰਹਿੰਦਾ ਸੀ। ਸਾਂਦਲ ਬਾਰ ਜੋ ਕੇ ਰਾਵੀ ਅਤੇ ਝਨਾਬ ਦੇ ਵਿਚਕਾਰਲਾ ਇਲਾਕਾ ਸੀ, ਨੂੰ ਦੁੱਲੇ ਦੇ ਦਾਦਾ ਸਾਂਦਲ ਭੱਟੀ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।ਸਾਂਦਲ ਭੱਟੀ ਨੇ ਕਿਸਾਨਾਂ ਤੋਂ ਜਬਰੀ ਉਗਰਾਹੇ ਜਾਂਦੇ ਲਗਾਨ ਯਾਣੀ ਟੈਕਸ ਦੀ ਵਿਰੋਧਤਾ ਕਰਕੇ ਲੋਕਾਂ ਨੂੰ ਮੁਗਲ ਹਕੂਮਤ ਦੇ ਜਬਰ ਵਿਰੁੱਧ ਲੋਕਾਂ ਨੂੰ ਲਾਮਬੱਧ ਕੀਤਾ। ਇਸੇ ਸਿਲਸਿਲੇ ਨੂੰ ਦੁੱਲੇ ਭੱਟੀ ਦੇ ਪਿਤਾ ਫਰੀਦ ਭੱਟੀ ਨੇ ਵੀ ਜਾਰੀ ਰੱਖਿਆ। ਆਖਿਰ ਮੁਗਲ ਹਕੂਮਤ ਦੇ ਬਾਦਸ਼ਾਹ ਅਕਬਰ ਨੇ ਦੁੱਲੇ ਦੇ ਦਾਦਾ ਅਤੇ ਬਾਅਦ ਵਿੱਚ ਪਿਤਾ ਦੇ ਸਿਰ ਕਲਮ ਕਰਵਾ ਕੇ ਕਿਲੇ ਲਹੌਰ ਦੇ ਮੁੱਖ ਦਰਵਾਜੇ ਅੱਗੇ ਟੰਗਵਾ ਦਿੱਤੇ ਤਾਂ ਕਿ ਲੋਕਾਂ ਵਿੱਚ ਮੁਗਲ ਹਕੂਮਤ ਦਾ ਖੌਫ਼ ਰਹੇ। ਜਵਾਨ ਹੁੰਦਿਆਂ ਦੁੱਲੇ ਨੂੰ ਆਪਣੇ ਪੁਰਖਿਆਂ ਬਾਰੇ ਪਤਾ ਲੱਗਣ ਤੇ ਦੁੱਲੇ ਨੇ ਵੀ ਬਗਾਵਤ ਜ਼ਾਰੀ ਰੱਖੀ। ਜਿਸ ਕਰਕੇ ਦੁੱਲਾ ਭੱਟੀ ਪੰਜਾਬ ਦਾ ਲੋਕ ਨਾਇਕ ਬਣ ਗਿਆ। ਕਿਹਾ ਜਾਂਦਾ ਹੈ ਕਿ ਦੁੱਲਾ ਭੱਟੀ ਨੇ ਬੜੀ ਬਹਾਦਰੀ ਨਾਲ ਧਨਾਢ ਵਪਾਰੀਆਂ ਨੂੰ ਵੇਚੀਆਂ ਜਾ ਰਹੀਆਂ ਕੁੜੀਆਂ ਦੀ ਰੱਖਿਆ ਕੀਤੀ। ਇਸ ਤੋਂ ਬਾਅਦ ਦੁੱਲਾ ਭੱਟੀ ਨੇ ਇਨ੍ਹਾਂ ਕੁੜੀਆਂ ਦਾ ਵਿਆਹ ਕਰਵਾ ਦਿੱਤਾ। ਇਸੇ ਲਈ ਹਰ ਸਾਲ ਦੁੱਲਾ ਭੱਟੀ ਦੀ ਕਹਾਣੀ ਸੁਣਾਈ ਜਾਂਦੀ ਹੈ। ਦੁੱਲਾ ਭੱਟੀ ਦੀ ਮਹਾਨਤਾ ਨੂੰ ਯਾਦ ਕਰ ਕੇ ਲੋਹੜੀ ਨੂੰ ਜਸ਼ਨ ਵਜੋਂ ਮਨਾਇਆ ਜਾਂਦਾ ਹੈ।
ਲੋਹੜੀ ਵਾਲੀ ਰਾਤ ਜਿਸ ਘਰ ਨਵਾਂ ਵਿਆਹ ਹੋਵੇ ਜਾਂ ਮੁੰਡੇ ਦਾ ਜਨਮ ਹੋਇਆ ਹੋਵੇ, ਦੇ ਸੱਦੇ ‘ਤੇ ਕਿਸੇ ਖੁੱਲ੍ਹੇ ਥਾਂ ‘ਤੇ ਲੱਕੜਾਂ ਦਾ ਢੇਰ ਲਗਾ ਕੇ ਅੱਗ ਬਾਲ਼ੀ ਜਾਂਦੀ ਹੈ ਤੇ ਸਾਰੇ ਲੋਕ ਉਸ ਅੱਗ ਦੁਆਲੇ ਇਕੱਠੇ ਹੋ ਜਾਂਦੇ ਹਨ ਤੇ ਮੂੰਗਫਲੀ ਰਿਉੜੀਆਂ, ਗੱਚਕ ਖਾਂਦੇ ਹਨ ਤੇ ਅੱਗ ਵਿਚ ਤਿੱਲ ਸੁੱਟ ਕੇ ਬੋਲਦੇ ਹਨ ਕਿ ” ਈਸ਼ਰ ਆ, ਦਲਿੱਦਰ ਜਾਹ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।”
ਲੋਹੜੀ ਵਾਲੇ ਦਿਨ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਮੂਲੀ, ਗੰਨੇ, ਮੂੰਗਫਲੀ, ਰਿਉੜੀਆਂ, ਗੱਚਕ, ਭੁੱਗਾ, ਖਿੱਲਾਂ, ਖਜੂਰਾਂ ਤੇ ਖਿਚੜੀ ਬਣਾਈ ਜਾਂਦੀ ਹੈ। ਅਗਲੇ ਦਿਨ ਮਾਘੀ ‘ਤੇ ਖਾਧੀ ਜਾਂਦੀ ਹੈ। ਜਿਸ ਨੂੰ ” ਪੋਹ ਰਿੱਝੀ ਮਾਘ ਖਾਧੀ” ਇਸੇ ਲਈ ਆਖਦੇ ਹਨ ।
ਅੱਜ ਕਲ੍ਹ ਸ਼ਹਿਰ ਵਿਚ ਸਮਾਜ ਸੇਵੀਆਂ ਸੰਸਥਾਵਾਂ ਵਲੋਂ ਵੀ ਲੋਹੜੀ ਦੇ ਤਿਉਹਾਰ ਮਨਾਉਣ ਦੀ ਰੀਤ ਚੱਲ ਨਿਕਲ ਪਈ ਹੈ, ਜਿਸ ਨੂੰ ਲੜਕੀਆਂ ਦੀ ਲੋਹੜੀ ਦਾ ਨਾਮ ਦਿੱਤਾ ਜਾਂਦਾ ਹੈ।ਇਹ ਸਮੇਂ ਦੀ ਲੋੜ ਵੀ ਹੈ, ਕਿਉਂਕਿ ਲੜਕੀਆਂ ਕਿਸੇ ਵੀ ਖੇਤਰ ਵਿਚ ਲੜਕਿਆਂ ਤੋਂ ਘੱਟ ਨਹੀ ਹਨ।ਆਪਣੀ ਮਿਹਨਤ ਨਾਲ ਅਹਿਮ ਅਹੁੱਦੇ ਤੇ ਪੁਜੀਸ਼ਨਾਂ ਹਾਸਲ ਕਰ ਕੇ ਲੜਕੀਆਂ ਨੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕੀਤਾ ਹੈ। ਸਮਾਜ ਵਿਚ ਸੂਝਵਾਨ ਲੋਕਾਂ ਦੀ ਸਮਝ ਸਦਕਾ ਇਹ ਤਿਉਹਾਰ ਹੁਣ ਧੀਆਂ ਦੀ ਲੋਹੜੀ ਕਰਕੇ ਵੀ ਮਨਾਇਆ ਜਾਣ ਲੱਗਾ ਹੈ। ਧੀਆਂ ਹਰ ਖੇਤਰ ਵਿਚ ਮੱਲਾਂ ਮਾਰ ਰਹੀਆਂ ਹਨ ਤੇ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹ ਰਹੀਆਂ ਹਨ, ਚਾਹੇ ਉਹ ਖੇਡਾਂ ਦਾ ਖੇਤਰ, ਚਾਹੇ ਪੜ੍ਹਾਈ ਦਾ ਖੇਤਰ, ਚਾਹੇ ਸੰਗੀਤ ਦਾ ਖੇਤਰ ਤੇ ਚਾਹੇ ਕੋਈ ਹੋਰ ਖੇਤਰ ਹੋਵੇ, ਹਰ ਖੇਤਰ ਵਿਚ ਧੀਆਂ ਨੇ ਮੱਲਾਂ ਮਾਰੀਆਂ ਹਨ।
ਲੋਹੜੀ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ, ਸਦ ਭਾਵਨਾ ਅਤੇ ਕੌਮੀ ਏਕਤਾ ਦਾ ਪ੍ਰਤੀਕ ਹੈ।ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਲੋਕ ਸਮੂਹ ਨੂੰ ਸਰਬਸਾਂਝੀਵਾਲਤਾ ਅਤੇ ਸ਼ਾਂਤੀ ਬਣਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ। ਚੰਗਾ ਹੋਵੇ ਇਸ ਤਿਉਹਾਰ ਨੂੰ ਨਸ਼ਾ ਯਾਣੀ ਸ਼ਰਾਬ ਰਹਿਤ ਮਨਾਇਆ ਜਾਵੇ। ਆਉ ਹੱਸਦੇ ਵੱਸਦੇ ਪੰਜਾਬ ਲਈ ਦੁਆ ਕਰੀਏ ਅਤੇ ਪੰਜਾਬ ਦੇ ਮੁੱਦਿਆਂ ਨੂੰ ਯਾਦ ਕਰੀਏ।
ਰਾਜਿੰਦਰ ਰਾਣੀ ਗੰਢੂਆਂ (ਸੰਗਰੂਰ)
