ਲੋਹੜੀ ਪੁੱਤਾਂ ਦੀ ਪਾਓ ਤੁਸੀਂ ਜੀ ਸਦਕੇ,
ਐਪਰ ਲੋਹੜੀ ਧੀਆਂ ਦੀ ਵੀ ਪਾਓ ਮਿੱਤਰੋ।
ਧੀਆਂ ਬਿਨਾਂ ਵੰਸ਼ ਨਹੀਂ ਚਲ ਸਕਦਾ,
ਇਸ ਸੱਚਾਈ ਨੂੰ ਜ਼ਿੰਦਗੀ ‘ਚ ਅਪਣਾਓ ਮਿੱਤਰੋ।
ਧੀਆਂ ਤੁਹਾਡੇ ਪਿਆਰ ਦੀਆਂ ਹੱਕਦਾਰ ਨੇ,
ਪੁੱਤਾਂ ਦੇ ਵਾਂਗ ਇਨ੍ਹਾਂ ਨੂੰ ਗਲ਼ ਲਾਓ ਮਿੱਤਰੋ।
ਪੁੱਤ ਹੁੰਦੇ ਸਹਾਰਾ ਬੁੱਢੇ ਮਾਪਿਆਂ ਦਾ,
ਇਕ ਵਾਰ ਧੀਆਂ ਨੂੰ ਵੀ ਅਜ਼ਮਾਓ ਮਿੱਤਰੋ।
ਸਮਾਂ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ,
ਤੁਸੀਂ ਵੀ ਸਮੇਂ ਦੇ ਨਾਲ ਬਦਲ ਜਾਓ ਮਿੱਤਰੋ।
ਗੁਰੂ ਨਾਨਕ ਵੀ ਧੀਆਂ ਦੇ ਹੱਕ ‘ਚ ਬੋਲੇ ਸਨ,
ਤੁਸੀਂ ਵੀ ਮਾੜੀ ਸੋਚ ਤੋਂ ਪਿੱਛਾ ਛਡਾਓ ਮਿੱਤਰੋ।
ਧੀਆਂ ਨੂੰ ਪੈਰਾਂ ਦੀ ਧੂੜ ਨਾ ਸਮਝੋ ਹੁਣ,
ਇਨ੍ਹਾਂ ਨੂੰ ਪੁੱਤਾਂ ਦੇ ਵਾਂਗ ਪੜ੍ਹਾਓ ਮਿੱਤਰੋ।
ਪੁੱਤਾਂ ਵਾਂਗ ਧੀਆਂ ਵੀ ਰੱਬ ਦੀ ਦਾਤ ਨੇ,
ਧੀਆਂ ਹੋਣ ਤੇ ਮੱਥੇ ਵੱਟ ਨਾ ਪਾਓ ਮਿੱਤਰੋ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ 9915803554