“ਓ ਮੰਮੀ! ਤੁਸੀਂ ਤੇ ਭਾਬੀ ਕਦੋਂ ਦੇ ਤਿਲ ਦੇ ਲੱਡੂ ਤੇ ਗਚਕ ਬਣਾ ਰਹੇ ਹੋ। ਬੈਠੇ ਬੈਠੇ ਥੱਕ ਗਏ ਹੋਵੋਗੇ, ਹੁਣ ਬੱਸ ਕਰੋ! ਕਿੰਨੇ ਤਾਂ ਬਣ ਗਏ!” ਵੈਸ਼ਾਲੀ ਨੇ ਕਿਹਾ। ਉਹ ਵਿਆਹ ਪਿੱਛੋਂ ਪਹਿਲੀ ਵਾਰੀ ਪੇਕੇ ਆਈ ਸੀ। ਤੇ ਇਸੇ ਦੌਰਾਨ ਮਾਘੀ ਦਾ ਤਿਓਹਾਰ ਵੀ ਆ ਗਿਆ। ਵੈਸ਼ਾਲੀ ਦੀਆਂ ਗੱਲਾਂ ਸੁਣ ਕੇ ਮਾਂ ਨੂੰ ਉਸ ਤੇ ਬਹੁਤ ਲਾਡ ਆ ਗਿਆ। ਉਹ ਮਨੋ-ਮਨੀਂ ਸੋਚਣ ਲੱਗੀ ਕਿ ਮੇਰੀ ਇਹ ਛੋਟੀ ਜਿਹੀ ਲਾਡੋ ਵਿਆਹ ਪਿੱਛੋਂ ਕਿੰਨੀ ਸਿਆਣੀ ਹੋ ਗਈ ਹੈ! ਪਹਿਲਾਂ ਤਾਂ ਇਹਦਾ ਇਨ੍ਹਾਂ ਚੀਜ਼ਾਂ ਤੋਂ ਜੀਅ ਨਹੀਂ ਸੀ ਭਰਦਾ! ਵੈਸ਼ਾਲੀ ਵੱਲ ਪਿਆਰ ਨਾਲ ਵੇਖਦਿਆਂ ਮਾਂ ਨੇ ਕਿਹਾ, “ਬੇਟੀ, ਇਸ ਵਿੱਚ ਤੇਰੇ ਸਹੁਰਿਆਂ ਲਈ ਵੀ ਬਣਾ ਕੇ ਰੱਖੇ ਹਨ, ਹੁਣ ਤਿਉਹਾਰ ਪਿੱਛੋਂ ਸਹੁਰੇ ਜਾਵੇਂਗੀ ਤਾਂ ਘਰ ਦੀਆਂ ਬਣੀਆਂ ਚੀਜ਼ਾਂ ਹੀ ਚੰਗੀਆਂ ਲੱਗਦੀਆਂ ਹਨ।” ਮਾਂ ਦੀ ਗੱਲ ਸੁਣ ਕੇ ਭਾਬੀ ਨੇ ਵੀ ਕਿਹਾ, “ਹਾਂ ਵੈਸ਼ਾਲੀ ਦੀਦੀ, ਸਾਡੇ ਤਿਉਹਾਰਾਂ ਦੀ ਤਾਂ ਗੱਲ ਹੀ ਵੱਖਰੀ ਹੁੰਦੀ ਹੈ! ਜੇ ਆਪਾਂ ਇਹ ਚੀਜ਼ਾਂ ਘਰੇ ਨਹੀਂ ਬਣਾਵਾਂਗੇ ਤਾਂ ਅੱਜਕੱਲ੍ਹ ਦ ਬੱਚਿਆਂ ਨੂੰ ਸਾਡੀ ਪਰੰਪਰਾ ਅਤੇ ਸੰਸਕ੍ਰਿਤੀ ਬਾਰੇ ਕਿਵੇਂ ਪਤਾ ਲੱਗੇਗਾ? ਪਿਜ਼ਾ ਬਰਗਰ ਦੇ ਜ਼ਮਾਨੇ ਵਿੱਚ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ!” “ਹਾਂ ਭਾਬੀ, ਤੁਸੀ ਸਹੀ ਕਹਿ ਰਹੇ ਹੋ। ਰਾਜੀਵ ਨੂੰ ਵੀ ਇਹ ਤਿਉਹਾਰ ਬਹੁਤ ਪਸੰਦ ਹਨ। ਉਨ੍ਹਾਂ ਨੂੰ ਤਾਂ ਪਤੰਗ ਉਡਾਉਣ ਦਾ ਵੀ ਬੜਾ ਸ਼ੌਕ ਹੈ।” ਇਹ ਗੱਲਾਂ ਕਹਿੰਦੇ ਕਹਿੰਦੇ ਵੈਸ਼ਾਲੀ ਦੇ ਚਿਹਰੇ ਤੇ ਵੱਖਰੀ ਹੀ ਰੌਣਕ ਆ ਗਈ। ਉਹਦੀ ਗੱਲ ਸੁਣ ਕੇ ਭਾਬੀ ਨੇ ਕਿਹਾ, “ਹਾਂ, ਜਵਾਈ ਜੀ ਦੇ ਨਾਲ ਮਾਘੀ ਦਾ ਤਿਉਹਾਰ ਮਨਾਉਣ ਦਾ ਸਾਡਾ ਸਭ ਦਾ ਪਹਿਲਾ ਮੌਕਾ ਹੈ! ਤਾਂ ਫਿਰ ਤਿਆਰੀ ਵੀ ਸ਼ਾਨਦਾਰ ਹੋਣੀ ਚਾਹੀਦੀ ਹੈ ਨਾ! ਵੇਖੋ, ਤੁਹਾਡੇ ਭਰਾ ਜੀ ਕਿੰਨੀਆਂ ਸਾਰੀਆਂ ਪਤੰਗਾਂ ਲੈ ਕੇ ਆਏ ਹਨ! ਤੇ ਆਪਣੇ ਕਿੰਨੇ ਸਾਰੇ ਦੋਸਤਾਂ ਨੂੰ ਵੀ ਦਾਅਵਤ ਤੇ ਬੁਲਾਇਆ ਹੈ! ਜਵਾਈ ਜੀ ਦੇ ਸਵਾਗਤ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ!” ਉਦੋਂ ਹੀ ਮਾਂ ਨੇ ਕਿਹਾ, “ਬਈ ਵਿਨੋਦ, ਕੱਲ੍ਹ ਜਵਾਈ ਜੀ ਨੂੰ ਸਮੇਂ ਤੇ ਸਟੇਸ਼ਨ ਤੋਂ ਲੈ ਆਵੀਂ।” ਮਾਂ ਦੀ ਗੱਲ ਸੁਣ ਕੇ ਭਾਬੀ ਨੇ ਕਿਹਾ, “ਫਿਰ ਆਪਾਂ ਸਾਰੇ ਰਲ ਕੇ ਜਵਾਈ ਜੀ ਦੇ ਨਾਲ ਮਾਘੀ ਦਾ ਤਿਉਹਾਰ ਧੂਮਧਾਮ ਨਾਲ ਮਨਾਵਾਂਗੇ।” ਭਾਬੀ ਦੀ ਗੱਲ ਸੁਣ ਕੇ ਵੈਸ਼ਾਲੀ ਦਾ ਨਵਾਂ ਨਵਾਂ ਪਿਆਰ ਪਤੰਗ ਵਾਂਗ ਉੱਚੀ ਉਡਾਰੀ ਮਾਰਨ ਲੱਗਿਆ।
****
~ ਮੂਲ : ਕਵਿਤਾ ਅਰਗਲ, ਇੰਦੌਰ (ਮੱਧਪ੍ਰਦੇਸ਼)
~ ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002.
(9417692015)