
ਰਵਿੰਦਰ ਸਿੰਘ ਸੋਢੀ ਇੱਕ ਪ੍ਰੌਢ ਲੇਖਕ ਹੈ। ਉਹਨੇ ਪੰਜਾਬੀ ਸਾਹਿਤ ਦੀਆਂ ਵਿਭਿੰਨ ਵੰਨਗੀਆਂ ਵਿੱਚ ਸਾਹਿਤ ਰਚਨਾ ਕੀਤੀ ਹੈ, ਜਿਸ ਵਿੱਚ ਆਲੋਚਨਾ, ਨਾਟਕ, ਖੋਜਕਾਰਜ, ਕਵਿਤਾ, ਅਨੁਵਾਦ, ਕਹਾਣੀ, ਬਾਲ ਸਾਹਿਤ ਅਤੇ ਸੰਪਾਦਨ ਆਦਿ ਸ਼ਾਮਲ ਹੈ। ਲੰਮਾ ਸਮਾਂ ਉਹਨੇ ਪੀਪੀਐੱਸ ਨਾਭਾ ਵਿਖੇ ਅਧਿਆਪਨ ਕਰਦਿਆਂ ਨਾਟਕ ਲੇਖਨ ਵਿੱਚ ਨਿੱਗਰ ਕਾਰਜ ਕੀਤਾ, ਜਿਸ ਲਈ ਉਹਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਰਸਕ੍ਰਿਤ ਵੀ ਕੀਤਾ ਗਿਆ। ਹੁਣ ਪਰਵਾਸੀ ਜ਼ਿੰਦਗੀ (ਕੈਨੇਡਾ) ਬਤੀਤ ਕਰਦਿਆਂ ਵੀ ਉਹ ਨਿਸ਼ਕ੍ਰਿਅ ਹੋ ਕੇ ਨਹੀਂ ਬੈਠਾ, ਸਗੋਂ ਪਰਵਾਸੀ ਲੇਖਕਾਂ ਦੀਆਂ ਰਚਨਾਵਾਂ ਦਾ ਸੁਚੱਜਾ ਸੰਪਾਦਨ ਕਰਨ ਦੇ ਨਾਲ ਨਾਲ ਆਪਣੀਆਂ ਮੌਲਿਕ ਲਿਖਤਾਂ ਵੀ ਪੰਜਾਬੀ ਪਾਠਕਾਂ ਦੇ ਰੂਬਰੂ ਕਰ ਰਿਹਾ ਹੈ। ਕੁਝ ਸਮਾਂ ਪਹਿਲਾਂ ਪਰਵਾਸੀ ਜੀਵਨ ਦੇ ਤਕਾਜ਼ਿਆਂ ਨੂੰ ਉਹਨੇ ਆਪਣੇ ਕਥਾ ਸੰਗ੍ਰਹਿ ‘ਹੱਥਾਂ ਚੋਂ ਕਿਰਦੀ ਰੇਤ’ ਵਿੱਚ ਪ੍ਰਸਤੁਤ ਕੀਤਾ, ਜਿਸਦਾ ਕੇਵਲ ਪੰਜਾਬੀ ਹੀ ਨਹੀਂ, ਸਗੋਂ ਹਿੰਦੀ ਤੇ ਅੰਗਰੇਜ਼ੀ ਪਾਠਕਾਂ ਨੇ ਵੀ ਜ਼ੋਰਦਾਰ ਸਵਾਗਤ ਕੀਤਾ ਹੈ।
ਪਿਛਲੇ ਦਿਨੀਂ ਉਹਦਾ ਨਵਾਂ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ (ਜੇਪੀ ਪਬਲੀਕੇਸ਼ਨ ਪਟਿਆਲਾ, ਪੰਨੇ 80, ਮੁੱਲ 130/-) ਪ੍ਰਕਾਸ਼ਿਤ ਹੋਇਆ ਹੈ, ਜਿਸ ਵਿੱਚ ਪ੍ਰਾਕਥਨ ਤੋਂ ਇਲਾਵਾ 43 ਕਾਵਿ ਵੰਨਗੀਆਂ ਹਨ। ਇਨ੍ਹਾਂ ਵੰਨਗੀਆਂ ਵਿੱਚ 19 ਕਵਿਤਾਵਾਂ, 18 ਗ਼ਜ਼ਲਾਂ ਅਤੇ 6 ਗੀਤ ਸ਼ਾਮਲ ਹਨ। ਮੈਨੂੰ ਯਾਦ ਆਉਂਦਾ ਹੈ ਕਿ ਪੰਜਾਬੀ ਦੇ ਕਈ ਸਥਾਪਤ ਕਵੀਆਂ (ਪ੍ਰੋ. ਮੋਹਨ ਸਿੰਘ ਆਦਿ) ਨੇ ਵੀ ਆਪਣੇ ਕਾਵਿ ਸੰਗ੍ਰਹਿਆਂ ਵਿੱਚ ਇਹ ਤਿੰਨੇ ਵੰਨਗੀਆਂ ਸ਼ਾਮਲ ਕੀਤੀਆਂ ਸਨ।
ਇਹ ਸਾਰੀਆਂ ਕਾਵਿ ਰਚਨਾਵਾਂ ਸਮਕਾਲੀ ਯਥਾਰਥ ਦੀ ਬਾਰੀਕਬੀਨੀ ਨਾਲ ਚੀਰਫਾੜ ਕਰਦੀਆਂ ਹਨ। ਇੱਕ ਚੰਗਾ ਲੇਖਕ ਉਹੀ ਹੁੰਦਾ ਹੈ ਜੋ ਯਥਾਰਥ ਦੀਆਂ ਕਰੂਰ ਹਕੀਕਤਾਂ ਨੂੰ ਪਾਠਕਾਂ ਦੇ ਰੂਬਰੂ ਕਰੇ, ਨਾ ਕਿ ਕਲਪਨਾ, ਜਜ਼ਬਿਆਂ, ਵਲਵਲਿਆਂ ਦੀ ਦੁਨੀਆਂ ਵਿੱਚ ਹੀ ਤਾਰੀਆਂ ਲਾਉਂਦਾ ਰਹੇ। ਇਸ ਪ੍ਰਥਾਇ ਸੋਢੀ ਦਾ ਇਹ ਵਿਚਾਰ ਅਧੀਨ ਕਾਵਿ ਸੰਗ੍ਰਹਿ ਮੇਰੇ ਇਸ ਕਥਨ ਦੀ ਪੁਸ਼ਟੀ ਕਰਦਾ ਹੈ।
ਸੰਗ੍ਰਹਿ ਦੀਆਂ ਸਾਰੀਆਂ ਲਿਖਤਾਂ ਸਮਕਾਲੀ ਸਮੇਂ ਦੇ ਸੱਚ ਨੂੰ ਬਿਆਨ ਕਰਦਿਆਂ ਵਿਅੰਗ ਦੀ ਤੇਜ਼ ਧਾਰ ਦੀ ਵੀ ਵਰਤੋਂ ਕਰਦੀਆਂ ਹਨ। ‘ਕੈਦ ਕਰੋ’ ਕਵਿਤਾ ਵਿੱਚ ਕਵੀ ਨੇ ਪ੍ਰਕਿਰਤੀ, ਪ੍ਰਾਕਿਤਕ ਦ੍ਰਿਸ਼ਾਂ ਵੱਲੋਂ ਲਈ ਜਾਂਦੀ ਖੁੱਲ੍ਹ/ਆਜ਼ਾਦੀ ਦੇ ਨਾਲ ਨਾਲ ਬੇਰੁਜ਼ਗਾਰਾਂ, ਲੇਖਕਾਂ ਵੱਲੋਂ ਮੰਗੇ ਜਾਂਦੇ ਹੱਕਾਂ ਉੱਤੇ ਸਰਕਾਰ/ਹਕੂਮਤ/ਹੁਕਮਰਾਨਾਂ ਵੱਲੋਂ ਲਾਈਆਂ ਬੰਦਿਸ਼ਾਂ ਦਾ ਪਰਦਾਫ਼ਾਸ਼ ਕੀਤਾ ਹੈ :
ਉਹ ਕਿਹੜੇ ਨੇ ਕਲਮਾਂ ਵਾਲੇ, ਜੋ ਸਾਡੇ ਤੇ ਤਨਜ਼ਾਂ ਕੱਸਦੇ
ਉਹ ਕਿਹੜੇ ਨੇ ਗੁਸਤਾਖ਼ ਲੋਕ, ਜੋ ਸਾਡੀ ਹਰ ਗੱਲ ਤੇ ਹੱਸਦੇ
ਇਹ ਕਲਮਾਂ ਵਾਲੇ ਕੈਦ ਕਰੋ, ਇਹ ਹੱਸਣ ਵਾਲੇ ਕੈਦ ਕਰੋ
ਕੈਦ ਕਰੋ, ਕੈਦ ਕਰੋ। (10)
ਸੰਗ੍ਰਹਿ ਦੀ ਸ਼ੀਰਸ਼ਕ ਕਵਿਤਾ ‘ਰਾਵਣ ਹੀ ਰਾਵਣ’ ਵਿੱਚ ਰਾਜਸੀ ਨੇਤਾਵਾਂ, ਮਿਲਾਵਟੀ ਲੋਕਾਂ, ਥਾਣਿਆਂ, ਕਚਹਿਰੀਆਂ, ਸਕੂਲਾਂ ਵਿੱਚ ਨਕਲਾਂ ਮਰਵਾਉਣ, ਨਿੱਜੀ ਸਕੂਲਾਂ ਵਿੱਚ ਫੀਸਾਂ-ਕਿਤਾਬਾਂ-ਵਰਦੀਆਂ, ਨਸ਼ਿਆਂ ਦੇ ਕਾਰੋਬਾਰੀਆਂ, ਬਲਾਤਕਾਰੀਆਂ, ਵਿਦੇਸ਼ ਦੀ ਅੰਨ੍ਹੀ ਦੌੜ, ਦੰਗਈਆਂ ਨੂੰ ਬੇਨਕਾਬ ਕੀਤਾ ਗਿਆ ਹੈ :
ਵਿਦੇਸ਼ਾਂ ਵਿੱਚ ਵੀ
ਕੁਝ ਦੇਸੀ ਰਾਵਣ ਵਿਚਰ ਰਹੇ
ਜੋ
ਮਜਬੂਰ ਵਿਦਿਆਰਥੀਆਂ ਦੇ ਕੰਮ ਦੇ
ਪੈਸੇ ਮਾਰ
ਕੁੜੀਆਂ ਨੂੰ
ਹਵਸ ਦਾ ਸ਼ਿਕਾਰ ਬਣਾ
ਮੁੰਡਿਆਂ ਨੂੰ ਨਸ਼ੇ ਵੇਚਣ ਦੇ ਰਾਹ ਪਾ
ਆਪਣੀ ਸੋਨ ਲੰਕਾ ਨੂੰ
ਹੋਰ ਰਹੇ ਚਮਕਾ
ਉਹਨਾਂ ਲਈ ਵੀ
ਕਿਸੇ ਅਗਨ ਬਾਣ ਦਾ
ਪ੍ਰਬੰਧ ਕਰੋ। (17)
‘ਅੱਜ ਦੇ ਡਾਇਨਾਸੋਰ’ ਦਾ ਵਿਸ਼ਾ-ਵਸਤੂ ਅਜਿਹੇ ਹੁਕਮਰਾਨਾਂ ਤੇ ਵਿਅੰਗ ਹੈ, ਜੋ ਦੁਨੀਆਂ ਨੂੰ ਜੰਗ ਦਾ ਅਖਾੜਾ ਬਣਾਉਣ ਲਈ ਤਰ੍ਹਾਂ ਤਰ੍ਹਾਂ ਦੀਆਂ ਅੱਗਾਂ ਲਾ ਰਹੇ ਹਨ। ਸਿਰਫ਼ ਇਸਲਈ ਕਿ ਉਨ੍ਹਾਂ ਦੀ ਚੌਧਰ ਬਣੀ ਰਹੇ, ਕੁਰਸੀ ਬਚੀ ਰਹੇ। ਕਵੀ ਦੀ ਤੀਬਰ ਇੱਛਾ ਹੈ ਕਿ ਇਨ੍ਹਾਂ ਡਾਇਨਾਸੋਰਾਂ ਤੇ ਛੇਤੀ ਤੋਂ ਛੇਤੀ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ :
ਸੋਚਣ ਦਾ ਵੇਲਾ ਹੈ
ਕੁਝ ਕਰਨ ਦਾ ਵੀ
ਕਿ
ਇਹਨਾਂ ਖ਼ਤਰਨਾਕ
‘ਡਾਇਨਾਸੋਰਾਂ’ ਦੇ ‘ਕਾਲੇ ਯੁਗ’ ਨੂੰ
ਭੂਤ ਕਾਲ ਦੀ ਕਾਲ ਕੋਠੜੀ ਵਿੱਚ
ਕਦੋਂ ਦਫ਼ਨਾਇਆ ਜਾਵੇਗਾ?
ਕਦੋਂ? (22)
‘ਅੱਜ ਦੇ ਬੇਦਾਵੀਏ’ (41-44) ਕਵਿਤਾ ਵਿੱਚ ਕਵੀ ਨੇ ਬਹੁਤ ਸਾਰੇ ਵਿਸ਼ੇ ਛੋਹੇ ਹਨ। ਮੂਲ ਵਿਸ਼ਾ ਤਾਂ ਭਾਈ ਮਹਾਂ ਸਿੰਘ ਤੇ ਉਹਦੇ ਸਾਥੀਆਂ ਵੱਲੋਂ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣਾ ਅਤੇ ਮਾਤਾ ਭਾਗੋ ਦੇ ਰਾਹੀਂ ਖਿਦਰਾਣੇ ਦੀ ਢਾਬ ਵਿੱਚ ਸੂਰਮਗਤੀ ਨਾਲ ਦੁਸ਼ਮਣ ਦੇ ਵਿਰੁੱਧ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰਨੀ ਤੇ ਖ਼ੁਦ ਨੂੰ ਮੁਕਤ ਕਰਵਾ ਕੇ ਟੁੱਟੀ ਗੰਢਣ ਬਾਰੇ ਹੈ। ਪਰ ਇਹਦੇ ਨਾਲ ਨਾਲ ਕਵੀ ਨੇ ਮੌਜੂਦਾ ਸਿੰਘਾਂ ਦੇ ਕਾਲੇ ਕਾਰਨਾਮਿਆਂ ਦੀ ਪੋਲ ਖੋਲ੍ਹੀ ਹੈ, ਜੋ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਖ਼ੁਦ ਨੂੰ ਗੁਰੂ ਕਹਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਇੱਕ ਦੂਜੇ ਦੀਆਂ ਪੱਗਾਂ ਲਾਹੁੰਦੇ ਹਨ, ਗੁਰਦੁਆਰਿਆਂ ਦੀ ਪ੍ਰਧਾਨਗੀ ਹਥਿਆਉਣ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ।
‘ਸੋਚ ਦਾ ਫ਼ਰਕ’ (61-63) ਵਿੱਚ ਰਾਜਸੀ ਨੇਤਾ ਅਤੇ ਆਗੂ ਵਿਚਲੇ ਫ਼ਰਕ ਨੂੰ ਬਰੀਕੀ ਨਾਲ ਸਮਝਾਇਆ ਗਿਆ ਹੈ, ਯਾਨੀ ਰਾਜਸੀ ਨੇਤਾ ਚੋਣਾਂ ਤੋਂ ਪਹਿਲਾਂ ਕਈ ਤਰ੍ਹਾਂ ਦੇ ਲਾਰੇ ਲਾਉਂਦਾ, ਚੋਣਾਂ ਜਿੱਤ ਕੇ ਸਾਰੇ ਵਾਅਦੇ ਭੁੱਲਦਾ ਹੈ, ਜਦਕਿ ਆਗੂ ਬੇਰੁਜ਼ਗਾਰੀ ਦੂਰ ਕਰਨ, ਭੁੱਖਿਆਂ ਨੂੰ ਰੋਟੀ ਦੇਣ, ਅਮੀਰ ਗਰੀਬ ਦੇ ਪਾੜੇ ਨੂੰ ਦੂਰ ਕਰਨ ਦੀ ਚਿੰਤਾ ਵਿੱਚ ਖੁੱਭਿਆ ਰਹਿੰਦਾ ਹੈ।
‘ਸ਼ਹੀਦਾਂ ਦਾ ਪਰਿਵਾਰ’ (64-66) ਵਿੱਚ ਦੇਸ਼ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਬਹਾਦਰ ਯੋਧਿਆਂ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੀ ਸਰਕਾਰੀ ਦਫ਼ਤਰਾਂ ਵਿੱਚ ਹੁੰਦੀ ਖੱਜਲ ਖੁਆਰੀ ਦਾ ਮਾਰਮਿਕ ਵਰਣਨ ਹੈ। ਜਦਕਿ ਸਰਕਾਰ ਤੇ ਰਾਜਸੀ ਨੇਤਾ ਉਨ੍ਹਾਂ ਦੀ ਸ਼ਹੀਦੀ ਤੇ ਰਾਜਸੀ ਰੋਟੀਆਂ ਸੇਕਦੇ ਹਨ ਤੇ ਅਖ਼ਬਾਰਾਂ ਵਿੱਚ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਆਪਣਾ ਹੀ ਗੁਣਗਾਨ ਕਰਦੇ ਹਨ।
‘ਮਾਨਸਿਕ ਬਲਾਤਕਾਰ’ (69-70) ਵਿੱਚ ਬੱਚੀਆਂ, ਕੁੜੀਆਂ ਤੇ ਔਰਤਾਂ ਨਾਲ ਹਰ ਰੋਜ਼ ਹੁੰਦੇ ਮਾਨਸਿਕ ਬਲਾਤਕਾਰਾਂ ਦੀ ਗਾਥਾ ਹੈ। ਇਹ ਸਰੀਰਕ ਬਲਾਤਕਾਰ ਨਾਲੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ। ਅਜਿਹੇ ਬਲਾਤਕਾਰ ਬਾਹਰਲਿਆਂ ਵੱਲੋਂ ਨਹੀਂ, ਸਗੋਂ ਕਈ ਵਾਰ ਆਪਣਿਆਂ ਵੱਲੋਂ ਹੀ ਕੀਤੇ ਜਾਂਦੇ ਹਨ। ਕਦੇ ਕਿਸੇ ਰਿਸ਼ਤੇਦਾਰ ਵੱਲੋਂ ‘ਪਾਰੀ’ ਦੀ ਆੜ ਹੇਠ, ਅਧਿਆਪਕ ਵੱਲੋਂ ਸ਼ਾਬਾਸ਼ ਦੇਣ ਦੇ ਅੰਦਾਜ਼ ਵਿੱਚ, ਸਹਿਪਾਠੀ ਵੱਲੋਂ ਕਾਪੀ ਤੇ ਗਲਤ ਸ਼ਬਦ ਲਿਖ ਕੇ, ਬੱਸ ਵਿੱਚ ਭੀੜ ਦੇ ਬਹਾਨੇ ਕੁੜੀ/ਔਰਤ ਨਾਲ ਚਿਪਕ ਕੇ, ਦਫ਼ਤਰ ਵਿੱਚ ਅਫ਼ਸਰ ਵੱਲੋਂ ਕੁੜੀਆਂ ਨਾਲ ਦੋ-ਅਰਥੀ ਵਾਰਤਾਲਾਪ ਕਰਕੇ, ਪਤੀ ਦੀ ਗੈਰਹਾਜ਼ਰੀ ਵਿੱਚ ਦੋਸਤ ਵੱਲੋਂ ਭਾਬੀ ਦੇ ਸੂਟ ਦੀ ਪ੍ਰਸੰਸਾ ਕਰਕੇ ਵੱਖ ਵੱਖ ਢੰਗਾਂ ਨਾਲ ਮਾਨਸਿਕ ਬਲਾਤਕਾਰ ਕੀਤਾ ਜਾਂਦਾ ਹੈ।
ਗ਼ਜ਼ਲਾਂ ਦੇ ਵੱਖ ਵੱਖ ਸ਼ੇਅਰਾਂ ਵਿੱਚ ਵੀ ਕਵੀ ਨੇ ਤਨਜ਼ ਤੇ ਕਟਾਖ ਨੂੰ ਪ੍ਰਮੁਖਤਾ ਨਾਲ ਪੇਸ਼ ਕੀਤਾ ਹੈ। ਇਸਦੀਆਂ ਕੁਝ ਉਦਾਹਰਣਾਂ :
ਸ਼ਰਮ ਹਯਾ ਤਾਂ ਉਡ ਹੀ ਗਈ, ਬੇਸ਼ਰਮੀ ਦਾ ਆਲਮ ਹੈ
ਮੇਲਾ ਨੰਗੇ ਜਿਸਮਾਂ ਦਾ ਹੁਣ ਸ਼ਰੇਆਮ ਹੀ ਲੱਗਦਾ ਹੈ।
(12)
ਥਾਂ ਥਾਂ ਤੇ ਸ਼ਾਹੀ ਪਕਵਾਨਾਂ ਦੇ ਲੱਗ ਰਹੇ ਲੰਗਰ
ਵੀਹ ਦਮੜਿਆਂ ਵਾਲੇ ਲੰਗਰ ਦਾ ਵੇਲਾ ਕਿਤੇ ਲੰਘ ਨਾ ਜਾਵੇ।
(26)
ਨਹਿਰਾਂ ਦੇ ਨਿਰਮਲ ਪਾਣੀ ਵਿੱਚ ਤੂੰ ਜ਼ਹਿਰ ਘੋਲਦਾ ਰਹਿੰਦਾ ਏਂ
ਇਹ ਪਾਣੀ ਪੀ ਪੀ ਮਰਦੇ ਜੋ ਕਦੇ ਉਹਨਾਂ ਵੱਲ ਵੀ ਤੱਕਿਆ ਕਰ।
(33)
ਧਰਮ ਦੀ ਹੱਟੀ ਚਲਾਉਂਦੇ ਜੋ, ਕੰਮ ਸਾਰੇ ਕਰਨ ਅਪਰਾਧੀਆਂ ਦੇ
ਵਹਿਮਾਂ ਵਿੱਚ ਪਾ ਕੇ ਲੋਕਾਂ ਨੂੰ, ਇਹ ਡੇਰਿਆਂ ਵਾਲੇ ਮਾਰ ਗਏ।
(48)
ਇਸ ਤਰ੍ਹਾਂ ਸਮੁੱਚੀ ਪੁਸਤਕ ਵਿੱਚ ਧਾਰਮਿਕ, ਰਾਜਨੀਤਿਕ, ਸਮਾਜਕ ਤੇ ਸਭਿਆਚਾਰਕ ਵਿਸ਼ਿਆਂ ਨੂੰ ਪ੍ਰਿਸ਼ਟ ਭੂਮੀ ਵਿੱਚ ਰੱਖ ਕੇ ਕਵੀ ਨੇ ਤਿੱਖਾ ਤੇ ਤੇਜ਼ ਨਸ਼ਤਰ ਚਲਾਇਆ ਹੈ। ਸਮਾਜਕ ਗੰਧਲੇਪਣ ਨੂੰ ਜੜ੍ਹ ਤੋਂ ਮਿਟਾਉਣ ਲਈ ਕਵੀ ਬਹੁਤ ਫ਼ਿਕਰਮੰਦ ਹੈ। ਕਵੀ ਨੇ ਆਪਣੇ ਆਲੇ-ਦੁਆਲੇ ਤੇ ਚੌਗਿਰਦੇ ਨੂੰ ਬੜੀ ਨੀਝ ਨਾਲ ਵੇਖ ਕੇ ਇਸ ਵਿਚਲੀਆਂ ਬੁਰਾਈਆਂ, ਤਰੁਟੀਆਂ ਤੇ ਸਮੱਸਿਆਵਾਂ ਨੂੰ ਪਾਠਕਾਂ/ਸਰੋਤਿਆਂ ਦੇ ਰੂਬਰੂ ਕੀਤਾ ਹੈ। ਪੰਜਾਬੀ ਸਾਹਿਤ ਵਿੱਚ ਇਸ ਕਾਵਿ-ਕਿਤਾਬ ਦਾ ਹਾਰਦਿਕ ਸਵਾਗਤ ਹੈ!
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015
