ਉਸ ਸੰਸਥਾ ਦੀ ਬਿਲਡਿੰਗ ਬਹੁਤ ਵੱਡੀ ਸੀ ਤੇ ਅੰਦਰ ਕਾਰ ਸਮੇਤ ਜਾਣ ਲਈ ਗੇਟ ਪਾਸ ਬਣਵਾਉਣਾ ਪੈਂਦਾ ਸੀ। ਸੰਸਥਾ ਦੇ ਬਹੁਤ ਸਾਰੇ ਦਫ਼ਤਰ, ਅੰਦਰ ਹੀ ਅੱਡ ਅੱਡ ਥਾਂਵਾਂ ਤੇ ਸਨ। ਗੇਟ ਪਾਸ ਬਣਵਾਉਣ ਲਈ ਸ਼ਨਾਖਤੀ ਕਾਰਡ ਦਾ ਹੋਣਾ ਜ਼ਰੂਰੀ ਸੀ। ਨਹੀਂ ਤਾਂ ਪੈਦਲ ਜਾਣਾ ਪੈਂਦਾ ਤੇ ਕਾਰ ਨੂੰ ਮੁੱਖ ਦਰਵਾਜ਼ੇ ਤੇ ਬਣੀ ਪਾਰਕਿੰਗ ਵਿੱਚ ਖੜ੍ਹਾਉਣਾ ਪੈਂਦਾ। ਬਿਨਾਂ ਆਪਣੀ ਵੀਕਲ ਤੋਂ ਇੱਕ ਤੋਂ ਦੂਜੇ ਦਫ਼ਤਰ ਜਾਣਾ ਬੜਾ ਔਖਾ ਸੀ ਤੇ ਸਮਾਂ ਵੀ ਬਹੁਤ ਲੱਗਦਾ। ਮੈਂ ਉਸ ਸੰਸਥਾ ਤੋਂ ਕਈ ਸਾਲ ਪਹਿਲਾਂ ਸੇਵਾਮੁਕਤ ਹੋ ਚੁੱਕਾ ਸਾਂ ਤੇ ਮੇਰੇ ਕੋਲ ਸੇਵਾਮੁਕਤ ਹੋਣ ਤੋਂ ਬਾਦ ਦਾ ਪਛਾਣ ਪੱਤਰ ਮੌਜੂਦ ਸੀ। ਮੈਨੂੰ ਅਕਸਰ ਕੋਈ ਨਾ ਕੋਈ ਕੰਮ ਉਸ ਸੰਸਥਾ ਦੇ ਦਫ਼ਤਰਾਂ ਤੱਕ ਜ਼ਰੂਰ ਰਹਿੰਦਾ। ਇਸ ਲਈ ਗੇਟ ਤੋਂ ਪਾਸ ਬਣਵਾ ਕੇ ਅੰਦਰ ਕਾਰ ਸਮੇਤ ਚਲਾ ਜਾਂਦਾ ਤੇ ਵਾਪਸੀ ਸਮੇਂ ਸੁਰੱਖਿਆ ਕਰਮਚਾਰੀ ਨੂੰ ਉਹ ਗੇਟ ਪਾਸ ਸੌਂਪ ਦਿੰਦਾ। ਇੱਕ ਵਾਰ ਮੈਨੂੰ ਹਫ਼ਤਾ ਭਰ ਉੱਥੇ ਜਾਣਾ ਪਿਆ। ਗੇਟ ਪਾਸ ਬਣਾਉਣ ਵਾਲਾ ਕਰਮਚਾਰੀ ਮੈਨੂੰ ਜਾਣਨ ਲੱਗ ਪਿਆ ਸੀ। ਇੱਕ ਦਿਨ ਕਾਹਲੀ ਵਿੱਚ ਮੈਂ ਪਛਾਣ ਪੱਤਰ ਘਰੇ ਭੁੱਲ ਗਿਆ, ਗੇਟ ਕਰਮਚਾਰੀ ਨੂੰ ਆਪਣੀ ਸਮੱਸਿਆ ਦੱਸੀ ਤੇ ਪਾਸ ਬਣਾਉਣ ਲਈ ਕਿਹਾ। ਪਰ ਉਹਨੇ ਬਿਨਾਂ ਪਛਾਣ ਪੱਤਰ ਗੇਟ ਪਾਸ ਬਣਾਉਣ ਤੋਂ ਹੱਥ ਖੜ੍ਹੇ ਕਰ ਦਿੱਤਾ। ਉਹ ਇਸ ਗੱਲ ਤੇ ਬਜ਼ਿਦ ਸੀ “ਠੀਕ ਹੈ, ਮੈਂ ਤੁਹਾਨੂੰ ਜਾਣਦਾ ਹਾਂ ਤੇ ਤੁਸੀਂ ਪਿਛਲੇ ਕਈ ਦਿਨਾਂ ਤੋਂ ਏਥੇ ਆ ਰਹੇ ਹੋ ਪਰ ਬਿਨਾਂ ਸ਼ਨਾਖਤੀ ਕਾਰਡ ਤੋਂ ਮੈਂ ਮਜਬੂਰ ਹਾਂ।” ਮੈਨੂੰ ਜਾਪਿਆ ਕਿ ਮੇਰੀ ਹੋਂਦ ਤਾਂ ਪਛਾਣ ਪੱਤਰ ਕਰਕੇ ਹੀ ਹੈ, ਮੇਰੀ ਆਪਣੀ ਕੋਈ ਪਛਾਣ ਹੀ ਨਹੀਂ ਹੈ…।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)