ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਡਾਕਟਰ ਨੌਕਰੀ ਛੱਡਣ ਲਈ ਮਜਬੂਰ : ਗੋਇਲ
ਕੋਟਕਪੂਰਾ, 18 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਰਕਾਰ ਅਤੇ ਪੀ.ਸੀ.ਐਮ.ਐਸ.ਏ. ਦਰਮਿਆਨ ਲੜੀਵਾਰ ਗੱਲਬਾਤ ਦਾ ਕੋਈ ਠੋਸ ਨਤੀਜਾ ਨਾ ਨਿਕਲਣ ਕਾਰਨ, ਪੰਜਾਬ ਦੇ ਲਗਭਗ 2500 ਪੀ.ਸੀ.ਐਮ.ਐਸ. ਡਾਕਟਰ 20 ਜਨਵਰੀ ਤੋਂ ਮੁੜ ਹੜਤਾਲ ’ਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ (ਪੀ.ਸੀ.ਐੱਮ.ਐੱਸ.) ਐਸੋਸੀਏਸ਼ਨ ਪੰਜਾਬ ਦੇ ਮੀਤ ਪ੍ਰਧਾਨ ਡਾ: ਵਿਸ਼ਵਦੀਪ ਗੋਇਲ ਤੇ ਜਨਰਲ ਸਕੱਤਰ ਡਾਕਟਰ ਅਰਸ਼ ਬਰਾੜ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਦੀ ਘਾਟ, ਰੁਕੇ ਹੋਏ ਕਰੀਅਰ ਦੀ ਤਰੱਕੀ ਅਤੇ ਡਾਕਟਰਾਂ ਦੀ ਸਮੁੱਚੀ ਘਾਟ ਕਾਰਨ ਵਧੇ ਹੋਏ ਕੰਮ ਦੇ ਬੋਝ ਕਾਰਨ ਅਤੇ ਆਪਣੀਆ ਹੱਕੀ ਮੰਗਾਂ ਨੂੰ ਲੈਕੇ ਹੜਤਾਲ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਡਾਕਟਰ ਨੌਕਰੀ ਛੱਡਣ ਲਈ ਮਜਬੂਰ ਹਨ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਅਣਦੇਖਾ ਕਰਨ ਕਾਰਣ ਨਵੇਂ ਭਰਤੀ ਹੋਏ ਡਾਕਟਰ ਨੌਕਰੀ ਜੁਆਇੰਨ ਹੀ ਨਹੀਂ ਕਰ ਰਹੇ। ਡਾ. ਵਿਸ਼ਵਦੀਪ ਗੋਇਲ ਨੇ ਕਿਹਾ ਕਿ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਮੰਨਣ ਲਈ ਕਈ ਵਾਰ ਵਾਅਦਾ ਕੀਤਾ ਗਿਆ ਪਰ ਲੰਮੀ ਉਡੀਕ ਦੇ ਬਾਵਜੂੂਦ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਜਿਸ ਕਾਰਨ ਮਜਬੂਰਨ ਪੀਸੀਐਮਐਸ ਡਾਕਟਰ 20 ਜਨਵਰੀ ਤੋਂ ਮੁੜ ਹੜਤਾਲ ’ਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੀ.ਸੀ.ਐਮ.ਐਸ.ਏ. ਸਿਹਤ ਵਿਭਾਗ ਦੇ 304 ਮੈਡੀਕਲ ਅਫਸਰਾਂ ਦੀ ਭਰਤੀ ਕਰਨ ਅਤੇ ਕੈਡਰ ਦੇ ਮੈਡੀਕਲ ਅਫਸਰਾਂ ਲਈ ਨਵੀਂ ਉੱਚ ਸਿੱਖਿਆ ਨੀਤੀ ਬਣਾਉਣ ਦੇ ਯਤਨਾਂ ਦੀ ਪ੍ਰਸੰਸਾ ਕਰਦੀ ਹੈ ਅਤੇ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਸਿਹਤ ਵਿਭਾਗ ਦੁਆਰਾ ਤਿਆਰ ਕੀਤੇ ਗਏ ਪ੍ਰਸਤਾਵਾਂ ਅਨੁਸਾਰ ਸੁਰੱਖਿਆ ਅਤੇ ਡੀ.ਏ.ਸੀ.ਪੀ. ਦੀ ਮੁੜ ਬਹਾਲੀ ਦੇ ਮਸਲਿਆਂ ਦੇ ਹੱਲ ਲਈ ਬਣਦੇ ਨੋਟੀਫਿਕੇਸ਼ਨ ਜਾਰੀ ਕੀਤੇ ਜਾਣ।