ਜੇ ਕਰ ਕਿੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਕਿੱਤੇ ਵਿੱਚ ਕਲਾ ਦੀ ਝਲਕ ਸਬੰਧਤ ਕਾਰੀਗਰ ਦੇ ਕੰਮ ‘ਚੋਂ ਜਰੂਰ ਦਿਖਾਈ ਦਿੰਦੀ ਹੈ । ਲਕੜ ‘ਚ ਜਾਨ ਪਾਉਣ ਵਾਲੇ ਮਿਸਤਰੀ ਦੇ ਹੱਥਾਂ ਵਿੱਚ ਸੱਚ ਮੁੱਚ ਕਲਾ ਸਮੋਈ ਹੁੰਦੀ ਹੈ ।ਇਸੇ ਤਰ੍ਹਾਂ ਦੇ ਹੀ ਕਾਰੀਗਰ ਹਨ ਸ੍ਰ. ਪਾਲ ਸਿੰਘ ਥੂਹੀ ਵਾਲੇ ਜਿਨ੍ਹਾਂ ਦੇ ਹੱਥਾਂ ਦੀਆਂ ਬਣਾਈਆਂ ਕਲਾਤਮਿਕ ਵਸਤਾਂ ਮਨ ਨੂੰ ਦੂਰੋਂ ਹੀ ਭਾਉਂਦੀਆਂ ਹਨ । ਉਸ ਦਾ ਜਨਮ ਪਿੰਡ ਥੂਹੀ (ਪਟਿਆਲਾ) ਵਿਖੇ ਸਵ: ਸ੍ਰ. ਕਰਤਾਰ ਸਿੰਘ ਸਾਬਕਾ ਸਿਪਾਹੀ (ਮਿਲਟਰੀ) ਜਿਨ੍ਹਾਂ ਨੇ ਦੂਜੀ ਸੰਸਾਰ ਜੰਗ ਲੜਕੇ ਪੈਨਸ਼ਨ ਲਈ , ਦੇ ਘਰ ਮਾਤਾ ਸਵ: ਸਰਦਾਰਨੀ ਚੰਦ ਕੌਰ ਦੀ ਕੁੱਖੋਂ 21 ਨਵੰਬਰ 1953 ਨੂੰ ਹੋਇਆ ।
ਪਾਲ ਸਿੰਘ ਦੇ ਪਿਤਾ ਸ੍ਰੀ ਕਰਤਾਰ ਸਿੰਘ ਇੱਕ ਸੱਚੀ ਕਿਰਤ ਕਰਨ ਵਾਲੇ ਇਨਸਾਨ ਸਨ।ਉਨ੍ਹਾਂ ਨੇ ਬੜੇ ਔਖੇ ਦਿਨਾਂ ਵਿੱਚ ਦ੍ਰਿੜਤਾ ਨਾਲ ਬੇਝਿਜਕ ਹੋ ਕੇ ਮਿਹਨਤ ਕੀਤੀ । ਸੇਵਾ ਮੁਕਤੀ ਤੋਂ ਬਾਅਦ ਉਹ ਜੱਦੀ ਤਰਖਾਣਾ ਕੰਮ ਵੀ ਕਰਦੇ ਰਹੇ । ਉਹ ਚਰਖੇ, ਗੱਡੇ , ਬੜੀ ਰੀਝ ਨਾਲ ਬਣਾਉਂਦੇ ਸਨ । ਉਨ੍ਹਾਂ ਨੇ ਫੌਜ ਦੀ ਨੌਕਰੀ ਦੌਰਾਨ ਇਮਾਨਦਾਰੀ ਨਾਲ ਕੰਮ ਕੀਤਾ ।ਪਾਲ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਪੰਜਵੀਂ ਤੱਕ ਆਪਣੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ।ਉਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਾਭਾ ਤੋਂ ਮਿਡਲ ਤੱਕ ਪੜ੍ਹਾਈ ਕਰ ਲਈ ਪਰ ਘਰ ਦੀ ਆਰਥਿਕ ਮਜਬੂਰੀ ਕਾਰਣ ਆਪ ਨੂੰ ਪੜ੍ਹਾਈ ਛੱਡ ਕੇ ਲਕੜੀ ਦਾ ਕੰਮ ਕਰਨਾ ਪਿਆ ਜਦੋਂ ਕਿ ਉਸ ਦਾ ਪੜ੍ਹਨ ਨੂੰ ਦਿਲ ਕਰਦਾ ਸੀ । ਉਹ ਨਾਮਵਰ ਸ੍ਰੋਮਣੀ ਕਵੀ ਦਰਸ਼ਨ ਬੁੱਟਰ ਦੇ ਜਮਾਤੀ ਹਨ। ਉਸ ਦਾ ਵਿਆਹ 1973 ਵਿੱਚ ਪਿੰਡ ਧਬਲਾਨ ਵਿਖੇ ਮਹਿੰਦਰ ਕੌਰ ਨਾਲ ਹੋਇਆ ।ਉਸ ਨੇ ਆਪਣੇ ਪਿਤਾ ਨਾਲ 1975 ਤੱਕ ਲਕੜੀ ਦਾ ਕੰਮ ਕੀਤਾ ।ਵੱਡਾ ਭਰਾ ਪ੍ਰੇਮ ਸਿੰਘ ਅਤੇ ਪਾਲ ਸਿੰਘ ਇੱਕੋ ਘਰ ਘਰ ਵਿਆਹੇ ਹੋਏ ਹਨ । ਦੋਹਾਂ ਭਰਾਵਾਂ ਨੇ ਫਿਰ ਸਾਂਝਾ ਫਰਨੀਚਰ ਦਾ ਕੰਮ ਸ਼ੁਰੂ ਕੀਤਾ ਜੋ ਉਨ੍ਹਾਂ ਸਾਂਝੇ ਤੌਰ ਤੇ 2016 ਤੱਕ ਕੀਤਾ ।ਮਿ: ਪਾਲ ਸਿੰਘ ਜਿਥੇ ਮੇਖ ਲਾ ਦਿੰਦਾ ਹੈ ਮਜ਼ਾਲ ਕਿ ਚੂਲ ਹਿੱਲ ਜਾਵੇ । ਥੋੜ੍ਹਾ ਚਿਰ ਉਸ ਨੇ ਵੱਖਰਾ ਕੰਮ ਕੀਤਾ ਅਤੇ ਫਿਰ ਪਵਿੱਤਰ ਸ਼ਹੀਦਾਂ ਦੀ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਪੱਕੀ ਰਿਹਾਇਸ਼ ਬਣਾ ਲਈ ਕਿਉਂ ਕਿ ਬੇਟਾ ਹਰਪ੍ਰੀਤ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਵਿਖੇ ਕਲੈਰੀਕਲ ਪੋਸਟ ਤੇ ਨੌਕਰੀ ਕਰ ਰਿਹਾ ਹੈ । ਪਾਲ ਸਿੰਘ ਦੇ ਹੱਥ ਦੀ ਸਫਾਈ ਬਣਾਈ ਆਈਟਮ ‘ਚੋਂ ਸਾਫ ਝਲਕਦੀ ਹੁੰਦੀ ਹੈ ।ਕੋਠੀਆਂ , ਦੁਕਾਨਾਂ ਅੰਦਰ ਕੱਪ-ਬੋਰਡ , ਅਲਮਾਰੀਆਂ , ਸ਼ੌਅ-ਕੇਸ , ਹੋਰ ਸਾਰਾ ਫਰਨੀਚਰ ਆਦਿ ਦਾ ਤਸੱਲੀਬਖਸ਼ ਕੰਮ ਕਰਕੇ ਸ਼ਹਿਰ ਵਿੱਚ ਨਾਮ ਬਣਾਇਆ ਹੈ । ਉਹ ਡਿਜ਼ਾਇਨ ਵਾਲੇ ਚਰਖੇ ਬਣਾਉਣ ਤੋਂ ਇਲਾਵਾ ਨਮਕਦਾਨੀ, ਚਕਲੇ-ਵੇਲਣੇ , ਰੋਟੀ ਆਦਿ ਰੱਖਣ ਵਾਲੀਆਂ ਜਾਲੀਆਂ , ਘੋਟਣੇ , ਮੋਗਰੀਆਂ, ਬਚੀ ਹੋਈ ਲਕੜੀ ਦੇ ਟੋਟਿਆਂ ਤੋਂ ਬਣਾਉਂਦੇ ਰਹੇ ਹਨ । ਉਨ੍ਹਾਂ ਦਾ ਬੇਟਾ ਹਰਪ੍ਰੀਤ ਸਿੰਘ ਗੋਬਿੰਦਗੜ੍ਹ ਵਿਖੇ ਹਰਪ੍ਰੀਤ ਕੌਰ ਨਾਲ ਵਿਆਹਿਆ ਹੋਇਆ ਹੈ । ਉਸ ਦੀਆਂ ਬੇਟੀਆਂ ਅਰਸ਼ਜੋਤ ਕੌਰ ਅਤੇ ਪ੍ਰਭਨੂਰ ਕੌਰ ਪੜ੍ਹ ਰਹੀਆਂ ਹਨ । ਸਾਰਾ ਪਰਿਵਾਰ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ । ਬੇਟਾ ਹਰਪ੍ਰੀਤ ਸਿੰਘ ਕਈ ਧਾਰਮਿਕ ਸੰਸਥਾਵਾਂ ਨਾਲ ਜੁੜੇ ਹੋਣ ਕਾਰਨ ਲੌੜਵੰਦਾਂ ਦੀ ਹਮੇਸ਼ਾ ਮਦਦ ਕਰਨ ਲਈ ਤੱਤਪਰ ਰਹਿੰਦਾ ਹੈ । ਮਿ: ਪਾਲ ਸਿੰਘ ਆਪਣੇ ਪਰਿਵਾਰ ਨਾਲ ਮਾਡਰਨ ਵੈਲੀ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਰਹਿ ਰਹੇ ਹਨ ਅਤੇ ਹੁਣ ਵੀ ਉਹ ਵੀ ਉਹ ਕੰਮ ਕਰਦੇ ਰਹਿੰਦੇ ਹਨ । ਵਾਹਿਗੁਰੂ ਜੀ ਪਰਿਵਾਰ ਨੂੰ ਹਮੇਸ਼ਾਂ ਸਿਹਤਯਾਬੀ ਅਤੇ ਚੜ੍ਹਦੀਕਲਾ ਬਖਸ਼ਣ ।
….ਮੇਜਰ ਸਿੰਘ ਨਾਭਾ, ਮੋਬ.9463553962
