‘ਵਿਦਿਆਰਥੀ, ਸਿੱਖਿਆ ਅਤੇ ਦਰਪੇਸ਼ ਚੁਣੌਤੀਆਂ’ ਵਿਸ਼ੇ ’ਤੇ ਭਾਵਪੂਰਕ ਸੈਮੀਨਾਰ ਦਾ ਆਯੋਜਨ
ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਆਪਣਾ ਸਿਲੇਬਸ ਪੂਰਾ ਕਰਨਾ, ਪੇਪਰ ਦੇਣੇ ਤੇ ਸਰਟੀਫਿਕੇਟ ਪ੍ਰਾਪਤ ਕਰਨੇ ਹੀ ਸਿੱਖਿਆ ਦਾ ਅਸਲ ਮਕਸਦ ਨਹੀ ਹੈ, ਬਲਕਿ ਸਿੱਖਿਆ ਸਾਡੇ ਸਰੀਰ, ਮਨ ਅਤੇ ਦਿਮਾਗ ਦਾ ਸੰਪੂਰਨ ਵਿਕਾਸ ਕਰਾਉਂਦੀ ਹੈ। ਜ਼ਿੰਦਗੀ ਦੀ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਕਰਦੀ ਹੈ। ਜਿਹੜੀ ਸੰਸਥਾ ਇਹ ਕਾਰਜ ਪੂਰਾ ਨਹੀਂ ਕਰਦੀ, ਉਹ ਕੋਈ ਕਾਰੋਬਾਰੀ ਸੰਸਥਾ ਹੋ ਸਕਦੀ ਹੈ, ਸਿੱਖਿਆ ਸੰਸਥਾ ਨਹੀ ਹੈ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਦੇ ਪ੍ਰਸਿੱਧ ਸ਼ਾਇਰ, ਆਲੋਚਕ ਅਤੇ ਚਿੰਤਕ ਡਾ. ਦੇਵਿੰਦਰ ਸੈਫ਼ੀ ਨੇ ਦਸਮੇਸ਼ ਮਾਡਰਨ ਸਕੂਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆ ਕੀਤਾ। ਜ਼ਿਕਰਯੋਗ ਹੈ ਕਿ ਸੰਸਥਾ ਵਿਖੇ ‘‘ਵਿਦਿਆਰਥੀ, ਸਿੱਖਿਆ ਅਤੇ ਦਰਪੇਸ਼ ਚੁਣੌਤੀਆਂ’’ ਵਿਸ਼ੇ ’ਤੇ ਭਾਵਪੂਰਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਤਹਿਤ ਡਾ. ਦੇਵਿੰਦਰ ਸੈਫ਼ੀ ਨੇ ਨਿਵੇਕਲੇ ਅਤੇ ਸਰਲ ਅੰਦਾਜ਼ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਕਿ ਸਿੱਖਿਆ ਦਾ ਅਸਲ ਮੰਤਵ ਹੀ ਸਾਡਾ ਅੰਦਰੂਨੀ ਅਤੇ ਬਾਹਰੀ ਵਿਕਾਸ ਕਰਨਾ ਹੈ। ਜਿੱਥੇ ਚੰਗੀ ਸਿੱਖਿਆ ਸਾਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਂਦੀ ਹੈ, ਉੱਥੇ ਸਾਨੂੰ ਜ਼ਿੰਦਗੀ ਜਿਉਣ ਦੇ ਸਲੀਕੇ ਪ੍ਰਤੀ ਸੁਚੇਤ ਕਰਕੇ, ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਕਾਬਿਲ ਬਣਾਉਂਦੀ ਹੈ। ਉਹਨਾਂ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਉਪਰੋਕਤ ਮੰਤਵਾਂ ਦੀ ਪੂਰਤੀ ਲਈ ਕਿਤਾਬੀ ਸਿੱਖਿਆ ਦੇ ਨਾਲ-ਨਾਲ ਵਿਹਾਰਕ ਸਿੱਖਿਆ ਪ੍ਰਤੀ ਵੀ ਯਤਨਸ਼ੀਲ ਹੋਣਾ ਪਵੇਗਾ। ਉਹਨਾਂ ਕਿਹਾ ਕਿ ਜੇਕਰ ਅਸੀਂ ਵਿਦਿਆਰਥੀ ਵਰਗ ਨੂੰ ਕੌਮ ਦੇ ਅਸਲੀ ਹੀਰੋ ਗੁਰੂ ਨਾਨਕ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ, ਸਾਹਿਬਜ਼ਾਦੇ, ਭਗਤ ਸਿੰਘ, ਊਧਮ ਸਿੰਘ, ਬਾਬਾ ਫ਼ਰੀਦ ਆਦਿ ਵਰਗੀਆਂ ਸ਼ਖਸੀਅਤਾਂ ਤੋਂ ਸੇਧ ਲੈਣ ਲਈ ਪ੍ਰੇਰਿਤ ਕਰਾਂਗੇ ਤਾਂ ਸਹਿਜੇ ਹੀ ਸਮਾਜਿਕ ਕੁਰੀਤੀਆਂ ਤੋਂ ਨਿਜਾਤ ਪਾ ਸਕਾਂਗੇ ਅਤੇ ਸੰਤੁਲਿਤ ਤੇ ਆਦਰਸ਼ ਸਮਾਜ ਦਾ ਨਿਰਮਾਣ ਕਰ ਸਕਾਂਗੇ। ਪ੍ਰਿੰਸੀਪਲ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨ ਦਾ ਰਸਮੀ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਬੁੱਧੀਜੀਵੀਆਂ ਦਾ ਪਰਛਾਵਾਂ ਅੱਜ ਦੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਹੈ ਅਤੇ ਉਹਨਾਂ ਨੂੰ ਸੂਖਮ ਕੁਸ਼ਲਤਾਵਾਂ ਨਾਲ ਭਰਪੂਰ ਕਰੇਗਾ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਅਕਾਦਮਿਕ, ਨਿੱਜੀ ਸਮੱਸਿਆਵਾਂ ਅਤੇ ਰੁਚੀਆਂ ਲਈ ਅਜਿਹੇ ਵਿੱਦਿਅਕ ਸੈਮੀਨਾਰ ਮਹੱਤਵਪੂਰਨ ਹਨ। ਚੇਅਰਮੈਨ ਕਰਨਵੀਰ ਸਿੰਘ ਧਾਲੀਵਾਲ ਨੇ ਮੁੱਖ ਵਕਤਾ ਡਾ. ਦੇਵਿੰਦਰ ਸੈਫ਼ੀ ਦਾ ਧੰਨਵਾਦ ਕਰਦਿਆਂ, ਉਹਨਾਂ ਦੀ ਸਿੱਖਿਆ ਅਤੇ ਸਾਹਿਤ ਨੂੰ ਦਿੱਤੀ ਦੇਣ ਦੀ ਸ਼ਲਾਘਾ ਕੀਤੀ। ਉਹਨਾਂ ਆਸ ਜਤਾਈ ਕਿ ਨਿਸ਼ਚੇ ਹੀ ਵਿਦਿਆਰਥੀ ਡਾ. ਸੈਫ਼ੀ ਵੱਲੋਂ ਦਿੱਤੀਆਂ ਸੇਧਾਂ ’ਤੇ ਅਮਲ ਕਰਦਿਆਂ, ਆਪਣੇ ਰਾਹਾਂ ਨੂੰ ਰੁਸ਼ਨਾਉਣਗੇ। ਉਨ੍ਹਾਂ ਨੇ ਸੈਮੀਨਾਰ ਦੇ ਸਫਲ ਆਯੋਜਨ ਲਈ ਪ੍ਰਿੰਸੀਪਲ ਡਾ. ਵੀਰਪਾਲ ਕੌਰ, ਵਾਈਸ ਪ੍ਰਿੰਸੀਪਲ ਵਿਜੈ ਕੁਮਾਰ, ਮੈਡਮ ਕਰਮਜੀਤ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮੰਚ ਸੰਚਾਲਨ ਦੀ ਭੂਮਿਕਾ ਵਿਦਿਆਰਥਣ ਕੋਮਲਜੋਤ ਕੌਰ ਨੇ ਬਾਖੂਬੀ ਨਿਭਾਈ।

