ਜਗਦੀਪ ਸਿੰਘ ਸਿੱਧੂ ਨੇ ਚਾਈਨਾ ’ਤੇ ਸਖਤ ਪਾਬੰਦੀ ਦੀ ਕੀਤੀ ਮੰਗ
ਕੋਟਕਪੂਰਾ, 22 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਂਵੇ ਪਿਛਲੇ ਕਾਫੀ ਅਰਸੇ ਤੋਂ ਸਮੇਂ ਦੀਆਂ ਸਰਕਾਰਾਂ ਅਤੇ ਜਿਲਾ ਪ੍ਰਸ਼ਾਸ਼ਨ ਵਲੋਂ ਚਾਈਨਾ ਡੋਰ ਵੇਚਣ, ਸਟੋਰ ਕਰਨ ਅਤੇ ਵਰਤਣ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਅਤੇ ਇਸ ਵਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਚਾਈਨਾ ਡੋਰ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕੈਦ ਅਤੇ ਮੋਟੇ ਜੁਰਮਾਨੇ ਬਾਰੇ ਅਖਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਏ ਗਏ ਪਰ ਉਸ ਦੇ ਬਾਵਜੂਦ ਵੀ ਚਾਈਨਾ ਡੋਰ ਦੀ ਵਿੱਕਰੀ ਜਾਰੀ ਹੈ ਤੇ ਚਾਈਨਾ ਡੋਰ ਮਨੁੱਖਾਂ ਅਤੇ ਪਸ਼ੂ-ਪੰਛੀਆਂ ਲਈ ਜਾਨਲੇਵਾ ਸਿੱਧ ਹੋ ਰਹੀ ਹੈ। ਇਸ ਦੀ ਵਰਤੋ ਦੇ ਆਏ ਦਿਨ ਭਿਆਨਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਨਾਲ ਪੰਛੀ ਤੇ ਮਨੁੱਖ ਜਾਤੀ ਗੰਭੀਰ ਸਿੱਟੇ ਭੁਗਤ ਰਹੀ ਹੈ। ਹਰ ਸਾਲ ਬਸੰਤ ਪੰਚਮੀ ਨੂੰ ਚਾਇਨਾ ਡੋਰ ਦੀ ਵਿੱਕਰੀ ਅਤੇ ਵਰਤੋਂ ਚਰਮ ਸੀਮਾ ’ਤੇ ਪਹੁੰਚ ਜਾਂਦੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਧੂ ਟੇਲਰਜ਼ ਕੋਟਕਪੂਰਾ ਦੇ ਪ੍ਰਬੰਧਕ ਅਤੇ ਵਾਤਾਵਰਣ ਪ੍ਰੇਮੀ ਜਗਦੀਪ ਸਿੰਘ ਸਿੱਧੂ ਨੇ ਆਖਿਆ ਕਿ ਪਿਛਲੇ ਕਈ ਸਾਲਾਂ ਤੋਂ ਜਾਨਲੇਵਾ ਚਾਈਨਾ ਡੋਰ ਪਤੰਗਬਾਜਾਂ ਵੱਲੋਂ ਧੜੱਲੇ ਨਾਲ ਵਰਤੀ ਜਾ ਰਹੀ ਹੈ। ਭਾਂਵੇ ਇਸ ਡੋਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਾਬੰਦੀ ਲਾ ਰੱਖੀ ਹੈ ਪਰ ਪ੍ਰਸ਼ਾਸਨ ਦੀ ਢਿੱਲ ਮੱਠ ਕਾਰਨ ਇਹ ਡੋਰ ਸ਼ਰੇਆਮ ਵਰਤੀ ਜਾ ਰਹੀ ਹੈ। ਇਸ ਦੀ ਵਰਤੋਂ ਨੌਜਵਾਨ ਵਰਗ ਆਪਣੇ ਸ਼ੁਗਲ ਲਈ ਕਰਦਾ ਹੈ ਪਰ ਅਸਮਾਨ ਵਿੱਚ ਉਡਾਰੀ ਮਾਰਦੇ ਪੰਛੀ ਇਸ ਦੀ ਗਿ੍ਰਫਤ ਵਿੱਚ ਆ ਕੇ ਸਖਤ ਜਖਮੀ ਹੋ ਜਾਂਦੇ ਹਨ ਅਤੇ ਤੜਫ-ਤੜਫ ਕੇ ਆਪਣੀ ਜਾਨ ਦੇ ਦਿੰਦੇ ਹਨ। ਉਹਨਾ ਕਿਹਾ ਕਿ ਇਹ ਡੋਰ ਟੁੱਟ ਕੇ ਦਰੱਖਤਾਂ ਵਿੱਚ ਫਸ ਜਾਂਦੀ ਹੈ, ਡੋਰ ਬਰੀਕ ਹੋਣ ਕਾਰਨ ਪੰਛੀਆਂ ਨੂੰ ਦਿਖਾਈ ਨਹੀਂ ਦਿੰਦੀ, ਜਿਸ ਕਾਰਨ ਪੰਛੀ ਇਸ ਡੋਰ ’ਚ ਫਸ ਕੇ ਜਖਮੀ ਹੋ ਜਾਂਦੇ ਹਨ। ਜਿਵੇ-ਜਿਵੇ ਪੰਛੀ ਇਸ ਦੇ ਚੁੰਗਲ ਵਿੱਚੋਂ ਨਿਕਲਣ ਲਈ ਜੋਰ ਲਾਉਂਦੇ ਹਨ ਤਿਵੇ-ਤਿਵੇ ਹੋਰ ਜਖਮੀ ਹੋ ਜਾਂਦੇ ਹਨ। ਇਸ ਡੋਰ ਵਿੱਚ ਫਸਿਆ ਪੰਛੀ ਆਖਿਰ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਉਹਨਾ ਕਿਹਾ ਕਿ ਪਤੰਗਬਾਜੀ ਸਮੇਂ ਇਹ ਡੋਰ ਹੱਥਾਂ ’ਚ ਡੂੰਘੇ ਜਖਮ ਕਰ ਦਿੰਦੀ ਹੈ, ਇਹ ਡੋਰ ਟੁੱਟ ਕੇ ਦਰੱਖਤਾਂ ਵਿੱਚ ਫਸ ਕੇ ਸੜਕਾਂ ’ਤੇ ਵਿੱਛ ਜਾਂਦੀ ਹੈ। ਜਿਸ ਕਾਰਨ ਇਹ ਸਾਈਕਲ, ਮੋਟਰਸਾਈਕਲ, ਸਕੂਟਰ ਸਵਾਰਾਂ ਦੇ ਮੂੰਹ-ਅੱਖਾਂ ਅਤੇ ਧੋਣ ਆਦਿ ’ਚ ਫਸ ਕੇ ਡੂੰਘੇ ਜਖਮ ਕਰ ਦਿੰਦੀ ਹੈ। ਉਹਨਾਂ ਆਖਿਆ ਕਿ ਅੱਜ ਇਸ ਦੇ ਬਣਾਉਣ, ਵੇਚਣ ਅਤੇ ਵਰਤੋ ਕਰਨ ’ਤੇ ਸਖਤ ਪਾਬੰਦੀ ਅਤੇ ਸਖਤ ਸਜਾ ਦੀ ਲੋੜ ਹੈ ਤਾਂ ਜੋ ਇਸ ਦੀ ਵਰਤੋਂ ਨਾ ਹੋ ਸਕੇ।

