ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਉੱਘੇ ਪੰਜਾਬੀ ਕਵੀ ਅਤੇ ਯੁਗ ਪੁਰਸ਼ ਹੋਏ ਹਨ, ਜਿਨ੍ਹਾਂ ਨੇ ਪੰਜਾਬੀ ਕਵਿਤਾ ਵਿੱਚ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਸਾਹਿਤ ਵਿੱਚ ਨਵ-ਚੇਤਨਤਾ ਦੀ ਲਹਿਰ ਤੋਰੀ ਅਤੇ ਪੰਜਾਬੀ ਸਾਹਿਤ ਨੂੰ ਨਵੇਂ ਰਾਹਾਂ ਉਤੇ ਤੋਰਿਆ। ਹਰਿੰਦਰਨਾਥ ਚਟੋਪਾਧਿਆਏ ਨੇ ਭਾਈ ਸਾਹਿਬ ਨੂੰ ‘ਪੰਜਾਂ ਦਰਿਆਵਾਂ ਦੀ ਧਰਤੀ ਦੇ ਛੇਵੇਂ ਦਰਿਆ’ ਦੀ ਉਪਾਧੀ ਦਿੱਤੀ ਹੈ।
ਇਸਤੋਂ ਇਲਾਵਾ ਭਾਰਈ ਵੀਰ ਸਿੰਘ ਨੂੰ ਛੋਟੀਆਂ ਕਵਿਤਾਵਾਂ ਸਦਾ ਵੱਡਾ ਕਵੀ ਹੋਣ ਦਾ ਮਾਣ ਵੀ ਪ੍ਰਾਪਤ ਹੈ।
ਭਾਈ ਵੀਰ ਸਿੰਘ ਦਾ ਜੀਵਨ ਕਾਲ 1872-1957 ਤੱਕ ਦਾ ਰਿਹਾ , ਉਹਨਾਂ ਦਾ ਜਨਮ 5 ਦਸੰਬਰ 1872ਈਂ. ਨੂੰ ਅੰਮ੍ਰਿਤਸਰ ਵਿਖੇ ਡਾ. ਚਰਨ ਸਿੰਘ ਦੇ ਘਰ ਮਾਤਾ ਉੱਤਮ ਕੌਰ ਦੀ ਕੁੱਖੋਂ ਹੋਇਆ।
ਭਾਈ ਸਾਹਿਬ ਦੀ ਵਿੱਦਿਆ ਪ੍ਰਾਪਤੀ ਦਾ ਸਮਾਂ ਪੰਜ ਸਾਲ ਦੀ ਉਮਰ ਤੋਂ ਆਰੰਭ ਹੋਇਆ। ਇਨ੍ਹਾਂ ਨੂੰ ਵਿੱਦਿਅਕ ਅਤੇ ਧਾਰਮਿਕ ਵਾਤਾਵਰਣ ਵਿਰਸੇ ਵਿੱਚ ਹੀ ਪ੍ਰਾਪਤ ਹੋਇਆ। ਭਾਈ ਸਾਹਿਬ ਦੇ ਪਿਤਰੀ ਧਨ ਵਿੱਚ ਦੀਵਾਨ ਕੌੜਾ ਮੱਲ ਦੀ ਰਾਜਸੀ ਮਹੱਤਤਾ, ਬਾਬਾ ਕਾਹਨ ਸਿੰਘ ਦਾ ਸਾਧੂਤੱਵ, ਡਾ. ਚਰਨ ਸਿੰਘ ਦੀ ਬੁੱਧੀਜੀਵਤਾ ਅਤੇ ਗਿਆਨੀ ਹਜ਼ਾਰਾ ਸਿੰਘ ਦਾ ਪਰਮਾਰਥ ਗਿਆਨ ਸ਼ਾਮਲ ਸਨ। ਭਾਈ ਸਾਹਿਬ ਨੇ ਆਪਣੀ ਮੁੱਢਲੀ ਵਿੱਦਿਆ ਗਿਆਨੀ ਹਜ਼ਾਰਾ ਸਿੰਘ ਅਤੇ ਉਨ੍ਹਾਂ ਦੇ ਸਹਿਚਾਰੀਆਂ ਪਾਸੋਂ ਪ੍ਰਾਪਤ ਕੀਤੀ। ਅੱਠ ਸਾਲ ਦੀ ਉਮਰ ਤਕ ਉਸ ਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਕਰ ਲਿਆ ਸੀ। ਸੰਨ 1891 ਵਿੱਚ ਉਸ ਨੇ ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚ ਐਂਟਰੈਂਸ ਦੇ ਇਮਤਿਹਾਨ ਵਿੱਚ ਜ਼ਿਲ੍ਹੇ ਵਿੱਚੋਂ ਅੱਵਲ ਦਰਜਾ ਪ੍ਰਾਪਤ ਕੀਤਾ, ਜਿਸ ਤੋਂ ਖ਼ੁਸ਼ ਹੋ ਕੇ ਡਿਸਟ੍ਰਿਕਟ ਬੋਰਡ ਨੇ ਆਪ ਨੂੰ ਸੋਨੇ ਦਾ ਤਮਗਾ ਇਨਾਮ ਵਜੋਂ ਦਿੱਤਾ। ਇਹ ਪ੍ਰੀਖਿਆ ਪਾਸ ਕਰਨ ਤੋਂ ਦੋ ਸਾਲ ਪਹਿਲਾਂ (1889) ਵਿੱਚ ਉਸ ਦਾ ਵਿਆਹ ਬੀਬੀ ਚਤੁਰ ਕੌਰ ਨਾਲ ਹੋ ਗਿਆ ਸੀ, ਜਿਸ ਦੀ ਕੁੱਖੋਂ ਦੋ ਧੀਆਂ ਕਰਤਾਰ ਕੌਰ ਅਤੇ ਸੁਸ਼ੀਲ ਕੌਰ ਨੇ ਜਨਮ ਲਿਆ। ਮੈਟ੍ਰਿਕ ਤੋਂ ਪਿੱਛੋਂ ਉਸ ਨੇ ਸਰਕਾਰੀ ਨੌਕਰੀ ਦਾ ਵਿਚਾਰ ਨਾ ਬਣਾਇਆ, ਕਿਉਂਕਿ ਆਪਣੇ ਪਿਤਾ ਦੇ ਪ੍ਰਭਾਵ ਹੇਠ ਅਤੇ ਉਨ੍ਹਾਂ ਦੇ ਸਫ਼ਲ ਜੀਵਨ ਸਦਕਾ ਉਸ ਦੇ ਮਨ ਵਿੱਚ ਸਮਾਜ ਦੀ ਖੁੱਲ੍ਹੀ ਸੇਵਾ ਦੀ ਧੁਨ ਵੱਜ ਰਹੀ ਸੀ। ਸਾਹਿਤ ਪ੍ਰਤੀ ਉਸ ਦੀ ਰੁਚੀ ਬਹੁਤ ਜ਼ਿਆਦਾ ਸੀ।
ਪਿਤਾ ਦੇ ਇੱਕ ਸਹਿਯੋਗੀ ਵਜ਼ੀਰ ਸਿੰਘ ਨਾਲ ਮਿਲ ਕੇ ਉਸ ਨੇ ‘ਵਜ਼ੀਰ ਹਿੰਦ ਪ੍ਰੈੱਸ’ ਨਾਂ ਦਾ ਛਾਪੇਖਾਨਾ ਸ਼ੁਰੂ ਕੀਤਾ ਫਿਰ ‘ਖਾਲਸਾ ਟ੍ਰੈਕਟ ਸੁਸਾਇਟੀ’ ਦੀ ਨੀਂਹ ਰੱਖੀ। ਨਵੰਬਰ 1899 ਵਿੱਚ ਇੱਕ ਸਪਤਾਹਿਕ ‘ਖਾਲਸਾ ਸਮਾਚਾਰ’ ਜਾਰੀ ਕੀਤਾ।
ਸਾਹਿਤ ਦੇ ਖੇਤਰ ਵਿੱਚ ਭਾਈ ਸਾਹਿਬ ਨੇ ਬਹੁਪੱਖੀ ਹਿੱਸਾ ਪਾਇਆ। ਕਵਿਤਾ ਤੋਂ ਬਿਨਾ ਉਸ ਨੇ ਨਾਵਲ, ਨਾਟਕ, ਵਾਰਤਕ ਸੰਪਾਦਨ ਤੇ ਸਟੀਕ ਦੇ ਖੇਤਰ ਵਿੱਚ ਕਾਫ਼ੀ ਗੰਭੀਰ ਰਚਨਾਵਾਂ ਦੇ ਕੇ ਨਵੀਆਂ ਲੀਹਾਂ ਪਾਈਆਂ। ਭਾਈ ਵੀਰ ਸਿੰਘ ਨੇ ਪੰਜਾਬੀ ਵਿੱਚ ਰੁਬਾਈ ਲਿਖਣ ਦੀ ਪਿਰਤ ਪਾਈ , ਰੁਬਾਈ ਲਈ ਤੁਰਿਆਈ ਸ਼ਬਦ ਵੀ ਭਾਈ ਵੀਰ ਸਿੰਘ ਨੇ ਹੀ ਵਰਤਿਆ । ਆਪ ਦੀਆਂ ਰੁਬਾਈਆਂ ਨੂੰ ਡਾ. ਮੋਹਨ ਸਿੰਘ ਦੀਵਾਨਾ ਹੀਰੇ ਦੀਆਂ ਕਣੀਆਂ ਕਹਿੰਦਾ ਹੈ।
ਭਾਈ ਵੀਰ ਸਿੰਘ ਨੂੰ ਆਧੁਨਿਕ ਕਵਿਤਾ ਹੀ ਨਹੀਂ ਸਮੁੱਚੇ ਆਧੁਨਿਕ ਸਾਹਿਤ ਦਾ ਮੋਢੀ ਕਿਹਾ ਜਾਂਦਾ ਹੈ। ਉਹਨਾਂ ਦੇ ਨਾਵਲ ਸੁੰਦਰੀ ,ਸਤਵੰਤ ਕੌਰ,ਬਾਬਾ ਨੌਧ ਸਿੰਘ, ਬਿਜੈ ਸਿੰਘ ਅਤੇ ਨਾਟਕ ਰਾਜਾ ਲਖਦਾਤਾ ਸਿੰਘ ਹਨ। ਸੁੰਦਰੀ ਨਾਵਲ ਨਾਲ ਪੰਜਾਬੀ ਨਾਵਲ ਦਾ ਮੁੱਢ ਮੰਨ੍ਹਿਆ ਜਾਂਦਾ ਹੈ।
ਉਹਨਾਂ ਦੀਪਹਿਲੀ ਰਚਨਾ ‘ਨਿਨਾਣ ਭਰਜਾਈ (ਬੈਂਤ ਛੰਦ) ‘( 1899) ਵਿੱਚ ਪ੍ਰਕਾਸ਼ਿਤ ਹੋਈ,ਜੋ ਸਮਾਜ ਸੁਧਾਰਕ ਰਚਨਾ ਹੈ । ਉਹਨਾਂ ਦਾ ਨਿੱਕੀਆਂ ਕਵਿਤਾਵਾਂ ਦਾ ਪਹਿਲਾਂ ਕਾਵਿ ਸੰਗ੍ਰਿਹ ‘ਦਿਲ ਤਰੰਗ'(1920) ਵਿੱਚ ਪ੍ਰਕਾਸ਼ਿਤ ਹੋਈ ।
ਰਚਨਾਵਾਂ:- ਕਾਵਿ ਸੰਗ੍ਹਿਹ
- ਦਿਲ ਤਰੰਗ(1920)
- ਤ੍ਰੇਲ ਤੁਪਕੇ(1921)
- ਲਹਿਰਾਂ ਦੇ ਹਾਰ(1921)
- ਮਟਕ ਹੁਲਾਰੇ(1922)
- ਬਿਜਲੀਆਂ ਦੇ ਹਾਰ(1927)
- ਪ੍ਰੀਤ ਵੀਣਾਂ(1929)
- ਕੰਬਦੀਕਲਾਈ (1933)
- ਲਹਿਰ ਹੁਲਾਰੇ(1951)
- ਕੰਤ ਮਹੇਲੀ(ਬਾਰਾਂਮਾਹ)(1952)
- ਮੇਰੇ ਸਾਂਈਆਂ ਜੀਉ(1953)
- ਅਰਸ਼ੀ ਛੂਹਾਂ (ਚੋਣਵੀਆਂ ਕਵਿਤਾਵਾਂ)
ਜੀਵਨੀਆਂ
- ਸ੍ਰੀ ਕਲਗੀਧਰ ਚਮਤਕਾਰ (1925)
- ਪੁਰਾਤਨ ਜਨਮ ਸਾਖੀ, (1926)
- ਸ੍ਰੀ ਗੁਰੂ ਨਾਨਕ ਚਮਤਕਾਰ (1928)
- ਭਾਈ ਝੰਡਾ ਜੀਓ (1933)
- ਭਾਈ ਭੂਮੀਆਂ ਅਤੇ ਕਲਿਜੁਗ ਦੀ ਸਾਖੀ (1936)
- ਸੰਤ ਗਾਥਾ (1938)
- ਸ੍ਰੀ ਅਸ਼ਟ ਗੁਰ ਚਮਤਕਾਰ ਭਾਗ – 1 ਤੇ 2 (1952)
- ਗੁਰਸਿੱਖ ਵਾੜੀ, (1951)
- ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੁਰ ਬਾਲਮ ਸਾਖੀਆਂ (1955)
- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੁਰ ਬਾਲਮ ਸਾਖੀਆਂ (1955)
ਪੁਰਾਤਨ ਜਨਮਸਾਖੀ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ ਸੰਪਾਦਿਤ ਕੀਤੀ ।
ਟੀਕੇ ਅਤੇ ਹੋਰ- - ਸਿਖਾਂ ਦੀ ਭਗਤ ਮਾਲਾ (1912)
- ਪ੍ਰਾਚੀਨ ਪੰਥ ਪ੍ਰਕਾਸ਼ (1914)
- ਗੰਜ ਨਾਮਹ ਸਟੀਕ (1914)
- ਸ੍ਰੀ ਗੁਰੂ ਗ੍ਰੰਥ ਕੋਸ਼ (1927)
- ਸ੍ਰੀ ਗੁਰਪ੍ਰਤਾਪ ਸੂਰਜ ਗਰੰਥ ਸਟਿੱਪਣ (1927-1935)-ਟਿੱਪਣੀਆਂ ਸਹਿਤ 14 ਜਿਲਦਾਂ ਵਿੱਚ ਇਸ ਗ੍ਰੰਥ ਨੂੰ ਪ੍ਰਕਾਸ਼ਤ ਕੀਤਾ
- ਦੇਵੀ ਪੂਜਨ ਪੜਤਾਲ (1932)
- ਪੰਜ ਗ੍ਰੰਥੀ ਸਟੀਕ (1940)
- ਕਬਿੱਤ ਭਾਈ ਗੁਰਦਾਸ (1940)
- ਵਾਰਾਂ ਭਾਈ ਗੁਰਦਾਸ
- ਬਨ ਜੁੱਧ
- ਸਾਖੀ ਪੋਥੀ (1950)
ਜੂਨ 1957 ਦੇ ਪਹਿਲੇ ਹਫ਼ਤੇ ਭਾਈ ਸਾਹਿਬ ਨੂੰ ਬੁਖ਼ਾਰ ਹੋ ਗਿਆ, ਜੋ ਲਗਾਤਾਰ ਜਾਰੀ ਰਿਹਾ ਤੇ ਓੜਕ ਜਾਨ-ਲੇਵਾ ਸਾਬਤ ਹੋਇਆ। ਸਿਹਤ ਦਿਨੋ-ਦਿਨ ਕਮਜ਼ੋਰ ਹੁੰਦੀ ਗਈ ਪਰ ਆਲਸ ਜਾਂ ਸੁਸਤੀ ਜੀਵਨ ਭਰ ਇਨ੍ਹਾਂ ਦੇ ਨੇੜੇ ਨਹੀਂ ਸੀ ਲੱਗੀ। ਡਾਕਟਰਾ ਨੇ ਆਪ ਨੂੰ ਮੁਕੰਮਲ ਆਰਾਮ ਕਰਨ ਦੀ ਸਲਾਹ ਦਿੱਤੀ ਪਰ ਜਿਹੜੇ ਲੋਕਾਂ ਨੂੰ ਇਹ ਉਪਦੇਸ਼ ਕਰਦੇ ਹੋਣ, ਉਹ ਆਪ ਕਿਵੇਂ ਆਰਾਮ ਕਰ ਸਕਦੇ ਹਨ :
ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਅਰਾਮ ਨਹੀਂ ਬਹਿੰਦੇ।
ਨਿਹੁੰ ਵਾਲੇ ਨੈਣਾਂ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ।
ਅੰਤ 10 ਜੂਨ, 1957 ਈ: ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ, ਕਾਦਰ ਦੀ ਕੁਦਰਤ ਦਾ ਕਵੀ ਸਭ ਨੂੰ ਸਦਾ ਲਈ ਅਲਵਿਦਾ ਕਹਿ ਗਿਆ ਪਰ ਆਪਣੀਆਂ ਸਾਹਿਤਕ ਕਿਰਤਾਂ ਸਦਕਾ ਹਮੇਸ਼ਾ-ਹਮੇਸ਼ਾ ਲਈ ਅਮਰ ਹੋ ਗਿਆ।

ਸੁਖਵੀਰ ਕੌਰ (ਸਹਾਇਕ ਪ੍ਰੋ. ਪੰਜਾਬੀ)
ਮੀਰੀ ਪੀਰੀ ਖਾਲਸਾ ਕਾਲਜ ਭਦੌੜ (ਬਰਨਾਲਾ)
