ਨਾਮਧਾਰੀ ਲਹਿਰ ਦੇ ਪ੍ਰਮੁੱਖ ਆਗੂ ਬਾਬਾ ਰਾਮ ਸਿੰਘ ਇੱਕ ਪ੍ਰਸਿੱਧ ਆਜ਼ਾਦੀ ਘੁਲਾਟੀਏ ਵੀ ਸਨ। ਆਪ ਦਾ ਜਨਮ 3 ਫਰਵਰੀ 1816 ਈ. ਨੂੰ ਪਿੰਡ ਭੈਣੀ ਅਰਾਈਆਂ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਬਸੰਤ ਪੰਚਮੀ ਦੇ ਦਿਨ ਜਨਮੇ ਹੋਣ ਕਰਕੇ ਉਨ੍ਹਾਂ ਦਾ ਜਨਮਦਿਨ ਹਰ ਸਾਲ ਇਸੇ ਦਿਨ ਹੀ ਮਨਾਇਆ ਜਾਂਦਾ ਹੈ, ਨਾ ਕਿ ਉਨ੍ਹਾਂ ਦੀ ਅਸਲ ਜਨਮ ਮਿਤੀ ਨੂੰ। ਉਨ੍ਹਾਂ ਦੇ ਪਿਤਾ ਸ. ਜੱਸਾ ਸਿੰਘ ਤਰਖਾਣਾ ਕੰਮ ਕਰਦੇ ਸਨ ਅਤੇ ਰਾਮਗੜ੍ਹੀਆ ਖ਼ਾਨਦਾਨ ਨਾਲ ਸਬੰਧਤ ਸਨ। ਰਾਮ ਸਿੰਘ ਆਪਣੇ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਦੀ ਮਾਤਾ ਬੀਬੀ ਸਦਾ ਕੌਰ ਧਾਰਮਿਕ ਵਿਚਾਰਾਂ ਵਾਲੀ ਔਰਤ ਸੀ, ਜਿਸ ਨੇ ਰਾਮ ਸਿੰਘ ਨੂੰ ਗੁਰਮੁਖੀ ਲਿਪੀ ਵਿਚ ਪੰਜਾਬੀ ਭਾਸ਼ਾ ਦੀ ਮੁੱਢਲੀ ਜਾਣਕਾਰੀ ਪ੍ਰਦਾਨ ਕੀਤੀ। ਫਿਰ ਕੁਝ ਵੱਡਾ ਹੋਣ ਤੇ ਰਾਮ ਸਿੰਘ ਨੇ ਗੁਰਬਾਣੀ, ਸਿੱਖ ਇਤਿਹਾਸ ਅਤੇ ਗੁਰੂ ਗ੍ਰੰਥ ਸਾਹਿਬ ਬਾਰੇ ਵਿਸਤ੍ਰਿਤ ਤੌਰ ਤੇ ਜਾਣਿਆ।
ਪੁਰਾਣੇ ਸਮੇਂ ਦੀ ਰੀਤੀ ਅਨੁਸਾਰ ਬਾਬਾ ਰਾਮ ਸਿੰਘ ਦੀ ਸ਼ਾਦੀ ਸੱਤ ਸਾਲ ਦੀ ਛੋਟੀ ਉਮਰ ਵਿੱਚ ‘ਜੱਸਾਂ’ ਨਾਂ ਦੀ ਲੜਕੀ ਨਾਲ ਹੋ ਗਈ, ਜਿਸ ਨੂੰ ਨਾਮਧਾਰੀ ਸੰਪਰਦਾਇ ਵਾਲੇ ‘ਮਾਤਾ ਜੱਸਾਂ’ ਵਜੋਂ ਯਾਦ ਕਰਦੇ ਹਨ। ਉਨ੍ਹਾਂ ਦੇ ਘਰ ਦੋ ਲੜਕੀਆਂ- ਨੰਦ ਕੌਰ ਅਤੇ ਦਇਆ ਕੌਰ ਨੇ ਜਨਮ ਲਿਆ। ਵੀਹ ਸਾਲ ਦੀ ਉਮਰ ਵਿਚ ਬਾਬਾ ਰਾਮ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਖ਼ਾਲਸਾ ਫ਼ੌਜ ਵਿੱਚ ਨੌਕਰੀ ਕਰ ਲਈ ਅਤੇ ਕਈ ਸਾਲ ਕੰਵਰ ਨੌਨਿਹਾਲ ਸਿੰਘ (ਮਹਾਰਾਜੇ ਦਾ ਪੋਤਰਾ) ਦੀ ਕਮਾਨ ਹੇਠ ਸੇਵਾ ਨਿਭਾਈ। ਇਸੇ ਦੌਰਾਨ ਬਾਬਾ ਰਾਮ ਸਿੰਘ ਦਾ ਮੇਲ ਬਾਬਾ ਬਾਲਕ ਸਿੰਘ (ਨਾਮਧਾਰੀ ਮੱਤ ਦੇ ਮੁਖੀ) ਨਾਲ ਹੋਇਆ ਅਤੇ ਉਨ੍ਹਾਂ ਦਾ ਪੱਕਾ ਸ਼ਰਧਾਲੂ ਬਣ ਗਿਆ। ਬਾਬਾ ਬਾਲਕ ਸਿੰਘ ਦੀ ਮੌਤ ਪਿੱਛੋਂ ਬਾਬਾ ਰਾਮ ਸਿੰਘ ਨੇ ਇਸ ਸੰਪਰਦਾਇ ਦੇ ਪ੍ਰਬੰਧ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ। 1845-46 ਵਿੱਚ ਉਨ੍ਹਾਂ ਨੇ ਫ਼ੌਜ ਦੀ ਨੌਕਰੀ ਛੱਡ ਦਿੱਤੀ ਅਤੇ ਅਧਿਆਤਮਕ ਜੀਵਨ ਅਪਣਾ ਲਿਆ। ਬਾਬਾ ਰਾਮ ਸਿੰਘ ਚਾਹੁੰਦੇ ਸਨ ਕਿ ਸਿੱਖ ਧਰਮ ਦੇ ਪੈਰੋਕਾਰ ਅੰਧ-ਵਿਸ਼ਵਾਸਾਂ ਅਤੇ ਪੁਰਾਣੇ ਗ਼ਲਤ ਰਿਵਾਜਾਂ ਦਾ ਤਿਆਗ ਕਰ ਦੇਣ। ਪ੍ਰਭੂ ਦੇ ਨਾਮ ਨੂੰ ਸਿਮਰਨ ਅਤੇ ਉੱਚੀ-ਉੱਚੀ ਕੂਕਾਂ ਮਾਰ ਕੇ ਭਗਤੀ ਕਰਨ ਕਰਕੇ ਇਸ ਮੱਤ ਦਾ ਨਾਮ ‘ਨਾਮਧਾਰੀ’ ਜਾਂ ‘ਕੂਕਾ’ ਪ੍ਰਚੱਲਿਤ ਹੋ ਗਿਆ।
ਬਾਬਾ ਰਾਮ ਸਿੰਘ ਨੇ ਕੂਕਾ ਲਹਿਰ ਨੂੰ ਆਪਣੇ ਜੱਦੀ ਪਿੰਡ ਭੈਣੀ ਵਿੱਚ ਜ਼ੋਰ-ਸ਼ੋਰ ਨਾਲ ਗਤੀਸ਼ੀਲ ਕੀਤਾ। ਇਸ ਪਿੰਡ ਨੂੰ ਅੱਜਕੱਲ੍ਹ ‘ਭੈਣੀ ਸਾਹਿਬ’ ਕਿਹਾ ਜਾਂਦਾ ਹੈ। ਉਨ੍ਹਾਂ ਨੇ ਵਿਸਾਖੀ 1857 ਈ. ਨੂੰ ਨਾਮਧਾਰੀ ਮੱਤ ਦੀ ਸ਼ੁਰੂਆਤ ਕੀਤੀ ਅਤੇ ਪੰਜਾਬ ਵਿੱਚ ਸਿੱਖ ਧਰਮ ਦੀਆਂ ਸਿੱਖਿਆਵਾਂ ਫੈਲਾਉਣ ਲਈ ਛੇ ਮੈਂਬਰੀ ਕਮੇਟੀ ਦਾ ਗਠਨ ਕੀਤਾ। ਪਹਿਲੇ ਹੀ ਦਿਨ ਤੋਂ ਉਨ੍ਹਾਂ ਨੇ ਆਪਣੇ ਪੈਰੋਕਾਰਾਂ ਨੂੰ ਸਮਾਜਿਕ ਬੁਰਾਈਆਂ ਦੇ ਵਿਰੋਧ ਅਤੇ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤੀ ਲਈ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦਾ ਵਿਚਾਰ ਸੀ ਕਿ ਸਮਾਜ ਦੇ ਨਿਘਾਰ ਅਤੇ ਆਜ਼ਾਦੀ ਦੇ ਖੁੱਸਣ ਦਾ ਸਭ ਤੋਂ ਵੱਡਾ ਕਾਰਨ ਨੈਤਿਕ ਅਤੇ ਅਧਿਆਤਮਕ ਕਦਰਾਂ-ਕੀਮਤਾਂ ਦਾ ਨਸ਼ਟ ਹੋਣਾ ਹੈ। ਉਨ੍ਹਾਂ ਨੇ ਸਿੱਖ ਧਰਮ ਵਿਚ ਜਾਤ-ਪਾਤ ਦੀ ਬੁਰਾਈ ਨੂੰ ਖਤਮ ਕਰਨ, ਅੰਤਰਜਾਤੀ ਵਿਆਹ ਉੱਤੇ ਜ਼ੋਰ ਦੇਣ ਅਤੇ ਵਿਧਵਾ ਵਿਆਹ ਦੀ ਵਕਾਲਤ ਕਰਨ ਜਿਹੇ ਕਈ ਅਗਾਂਹਵਧੂ ਕਾਰਜਾਂ ਨੂੰ ਉਤਸ਼ਾਹਿਤ ਕੀਤਾ।
ਬਾਬਾ ਰਾਮ ਸਿੰਘ ਅੰਗਰੇਜ਼ਾਂ ਦੀ ਹਕੂਮਤ, ਸਰਕਾਰ ਅਤੇ ਪ੍ਰਬੰਧ ਦੇ ਸਖ਼ਤ ਖ਼ਿਲਾਫ਼ ਸਨ। ਉਹ ਹਰ ਸੰਭਵ ਯਤਨ ਨਾਲ ਪੰਜਾਬ ਵਿੱਚੋਂ ਬਰਤਾਨਵੀ ਹਕੂਮਤ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ, ਸਿੱਖਿਆ ਸੰਸਥਾਵਾਂ, ਕਚਹਿਰੀਆਂ ਅਤੇ ਵਸਤੂਆਂ ਆਦਿ ਦਾ ਬਾਈਕਾਟ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਨਾਮਧਾਰੀਆਂ ਨੇ ਆਮ ਲੋਕਾਂ ਵਿੱਚ ਆਪਣਾ ਆਧਾਰ ਕਾਇਮ ਕਰ ਲਿਆ ਅਤੇ ਉਨ੍ਹਾਂ ਦੀ ਹਰਮਨ-ਪਿਆਰਤਾ ਦਿਨੋਂ-ਦਿਨ ਵਧਣ ਲੱਗੀ। ਬ੍ਰਿਟਿਸ਼ ਸਰਕਾਰ ਉਨ੍ਹਾਂ ਦੇ ਵੱਧਦੇ ਜਨ-ਆਧਾਰ ਅਤੇ ਪ੍ਰਭਾਵ ਨੂੰ ਵੇਖ ਕੇ ਬੌਖਲਾ ਗਈ। ਸਿੱਟੇ ਵਜੋਂ ਕਈ ਕੂਕਾ ਆਜ਼ਾਦੀ ਸੰਗਰਾਮੀਆਂ ਨੂੰ ਮਲੇਰਕੋਟਲਾ ਵਿਖੇ ਤੋਪਾਂ ਨਾਲ ਬੰਨ੍ਹ ਕੇ ਉਡਾ ਦਿੱਤਾ ਗਿਆ।
ਨਾਮਧਾਰੀਆਂ ਦੀਆਂ ਸਰਕਾਰ ਵਿਰੋਧੀ ਗਤੀਵਿਧੀਆਂ ਕਰਕੇ ਬਾਬਾ ਰਾਮ ਸਿੰਘ ਨੂੂੰ 1872 ਈ. ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਪਹਿਲਾਂ ਕੁਝ ਚਿਰ ਉਨ੍ਹਾਂ ਨੂੰ ਅਲਾਹਾਬਾਦ ਜੇਲ੍ਹ ਵਿੱਚ ਰੱਖਿਆ ਗਿਆ ਤੇ ਪਿੱਛੋਂ ਬਰਮਾ, ਰੰਗੂਨ ਭੇਜ ਦਿੱਤਾ ਗਿਆ। ਇੱਥੇ ਹੀ ਜਲਾਵਤਨੀ ਦੌਰਾਨ 29 ਨਵੰਬਰ 1885 ਈ. ਨੂੰ 69 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਬਾਬਾ ਰਾਮ ਸਿੰਘ ਅਤੇ ਕੂਕਿਆਂ ਦਾ ਭਾਰਤੀ ਆਜ਼ਾਦੀ ਦੇ ਇਤਿਹਾਸ ਵਿੱਚ ਅਮਿੱਟ ਯੋਗਦਾਨ ਹੈ। ਬਾਬਾ ਜੀ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਵਿਰੁੱਧ ਨਾ ਮਿਲਵਰਤਨ ਅਤੇ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਕੀਤੀ। ਭਾਰਤ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ (1869-1948) ਨੇ ਬਾਬਾ ਰਾਮ ਸਿੰਘ ਦੇ ਅਸਹਿਯੋਗ ਅੰਦੋਲਨ ਅਤੇ ਸਿਵਿਲ ਨਾ- ਫੁਰਮਾਨੀ ਨੂੰ ਅੰਗਰੇਜ਼ਾਂ ਵਿਰੁੱਧ ਰਾਜਸੀ ਹਥਿਆਰ ਵਜੋਂ ਵਰਤ ਕੇ ਭਾਰਤ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਛੁਟਕਾਰਾ ਦਿਵਾਇਆ ਸੀ। ਅੱਜਕੱਲ੍ਹ ਭੈਣੀ ਸਾਹਿਬ ਨੂੰ ਨਾਮਧਾਰੀ ਮਤ ਦਾ ਕੇਂਦਰੀ ਅਸਥਾਨ ਮੰਨਿਆ ਜਾਂਦਾ ਹੈ ਅਤੇ ਇਸ ਮੱਤ ਦੇ ਅਨੁਯਾਈ ਬਾਬਾ ਰਾਮ ਸਿੰਘ ਨੂੰ “ਸਤਿਗੁਰੂ” ਕਹਿ ਕੇ ਆਦਰ-ਸਤਿਕਾਰ ਦਿੰਦੇ ਹਨ। ਇਕ ਧਾਰਮਿਕ ਆਗੂ, ਸਮਾਜ ਸੁਧਾਰਕ ਅਤੇ ਰਾਸ਼ਟਰੀ ਨਾਇਕ ਵਜੋਂ ਬਾਬਾ ਰਾਮ ਸਿੰਘ ਦਾ ਨਾਂ ਹਮੇਸ਼ਾ ਅਮਰ ਰਹੇਗਾ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)

