ਜੀਵਨ ਜੀਣ ਦਾ ਸਹੀ ਸਲੀਕਾ ਹਰ ਵਿਅਕਤੀ ਨੂੰ ਨਹੀਂ ਆਉਂਦਾ। ਹਾਲਾਂਕਿ ਕੁਝ ਗੱਲਾਂ ਦਾ ਧਿਆਨ ਰੱਖ ਕੇ ਜ਼ਿੰਦਗੀ ਨੂੰ ਸੁਖਾਵਾਂ ਬਣਾਇਆ ਜਾ ਸਕਦਾ ਹੈ। ਮਨੁੱਖੀ ਜੀਵਨ ਵਿੱਚ ਦੁਖ-ਸੁਖ ਆਉਂਦੇ ਹੀ ਹਨ। ਇਨ੍ਹਾਂ ਦੋ ਪੱਖਾਂ ਵਿਚਾਲੇ ਆਪਣੇ-ਆਪ ਨੂੰ ਸੰਤੁਲਿਤ ਰੱਖ ਕੇ ਜ਼ਿੰਦਗੀ ਨੂੰ ਕਿਵੇਂ ਇੱਕ ਬਿਹਤਰੀਨ ਤਰੀਕੇ ਨਾਲ ਜੀਵਿਆ ਜਾਏ – ਇਹ ਕਲਾ ਹਰ ਕਿਸੇ ਨੂੰ ਨਹੀਂ ਆਉਂਦੀ। ਇਸੇ ਨੂੰ ਜੀਣ ਦਾ ਸਲੀਕਾ ਕਹਿੰਦੇ ਹਨ। ਜੀਹਨੂੰ ਇਹ ਕਲਾ ਆਉਂਦੀ ਹੈ, ਉਹ ਕੰਡਿਆਂ ਵਿੱਚੋਂ ਗੁਲਾਬ ਤੋੜ ਕੇ ਲੈ ਜਾਂਦਾ ਹੈ; ਜੀਹਨੂੰ ਨਹੀਂ ਆਉਂਦੀ, ਉਹ ਗੁਲਾਬ ਨੂੰ ਤੋੜਨ ਵਿੱਚ ਆਪਣੇ ਹੱਥ ਲਹੂ-ਲੁਹਾਨ ਕਰ ਲੈਂਦਾ ਹੈ। ਜੀਵਨ ਜੀਣ ਲਈ ਕਰੀਅਰ ਬਣਾਉਣ ਦੀ ਲੋੜ ਪੈਂਦੀ ਹੈ। ਪਰ ਸਿਰਫ਼ ਕਰੀਅਰ ਲਈ ਹੀ ਜ਼ਿੰਦਗੀ ਜੀਣਾ ਕੋਈ ਮਾਇਨੇ ਨਹੀਂ ਰੱਖਦਾ।
ਸੰਤੁਲਿਤ, ਸੁਖਾਵੇੰ ਅਤੇ ਚੰਗੇਰੇ ਜੀਵਨ ਲਈ ਇਹ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ – ਸਾਕਾਰਾਤਮਕ ਪਹਿਲੂ ਤੇ ਧਿਆਨ ਦੇਣਾ; ਪ੍ਰਕਿਰਤੀ ਵਿੱਚ ਸਮਾਂ ਬਿਤਾਉਣਾ; ਸੰਗੀਤ ਨੂੰ ਆਪਣਾ ਪਰਮ ਮਿੱਤਰ ਬਣਾਉਣਾ। ਜੀਵਨ ਜੀਣ ਦੇ ਸਲੀਕੇ ਦਾ ਸਹੀ ਢੰਗ ਹੈ – ਸਿਹਤਮੰਦ ਰਹੋ; ਖੁਦ ਤੇ ਭਰੋਸਾ ਰੱਖੋ; ਰਿਸ਼ਤਿਆਂ ਨੂੰ ਅਹਿਮੀਅਤ ਦਿਓ; ਗੁੱਸੇ ਨੂੰ ਕਾਬੂ ਵਿੱਚ ਰੱਖੋ; ਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹੋ; ਕ੍ਰਿਆਸ਼ੀਲ ਰਹੋ, ਵਿਹਲੇ ਜਾਂ ਨਿਕੰਮੇ ਨਾ ਬੈਠੋ; ਸਮੇਂ ਦਾ ਸਦਉਪਯੋਗ ਕਰੋ; ਮਾਨਸਿਕ ਸਿਹਤ ਦਾ ਖਿਆਲ ਰੱਖੋ; ਪੂਰੀ ਨੀਂਦ ਲਓ; ਨਿਯਮਿਤ ਤੌਰ ਤੇ ਕਸਰਤ/ਸੈਰ ਕਰੋ; ਆਪਣੇ-ਆਪ ਤੇ ਭਰੋਸਾ ਰੱਖੋ; ਆਪਣੇ ਤੋਂ ਵੱਡਿਆਂ ਦਾ ਆਦਰ-ਸਤਿਕਾਰ ਕਰੋ, ਪਰ ਇਹ ਜ਼ਰੂਰੀ ਨਹੀਂ ਕਿ ਉਨ੍ਹਾਂ ਦੀ ਹਰ ਗੱਲ ਅੱਖਾਂ ਬੰਦ ਕਰਕੇ ਮੰਨ ਲਓ; ਸਾਦਾ ਜੀਵਨ ਅਤੇ ਉੱਚ ਵਿਚਾਰ ਰੱਖੋ। ਜੋ ਤੁਹਾਨੂੰ ਮਿਲਣਾ ਹੈ, ਉਹ ਕੋਈ ਖੋਹ ਨਹੀਂ ਸਕਦਾ ਅਤੇ ਦੂਜਾ ਕੋਈ ਆਪਣਾ ਹਿੱਸਾ ਤੁਹਾਨੂੰ ਦੇ ਨਹੀਂ ਸਕਦਾ।
ਕਈ ਲੋਕ ਜੀਵਨ ਜੀਣ ਤੋਂ ਵੱਧ ਸਮਾਂ ਜੀਵਨ ਨੂੰ ਸੰਵਾਰਨ ਵਿੱਚ ਖਰਚ ਕਰ ਦਿੰਦੇ ਹਨ। ਕੋਈ ਵਿਅਕਤੀ ਪੈਸੇ ਕਮਾਉਣ ਨੂੰ ਮਹੱਤਵ ਦਿੰਦਾ ਹੈ ਤੇ ਕੋਈ ਰਾਜਸੀ ਸੱਤਾ ਪ੍ਰਾਪਤ ਕਰਨ ਨੂੰ ਅਹਿਮੀਅਤ ਦਿੰਦਾ ਹੈ। ਇਸ ਤਰ੍ਹਾਂ ਜੀਵਨ ਦੇ ਮਹੱਤਵਪੂਰਣ ਸਮੇਂ ਨੂੰ ਭੱਜ-ਦੌੜ ਵਿੱਚ ਨਸ਼ਟ ਕਰ ਦਿੰਦਾ ਹੈ। ਅੱਜਕੱਲ੍ਹ ਹਰ ਚੀਜ਼ ਤੇ ਉਹਦੀ ਵਰਤੋਂ ਦੀ ਮਿਆਦ ਲਿਖੀ ਹੁੰਦੀ ਹੈ। ਜੇਕਰ ਉਹਨੂੰ ਨਿਸ਼ਚਿਤ ਸਮੇਂ ਦੇ ਅੰਦਰ ਇਸਤੇਮਾਲ ਨਾ ਕੀਤਾ ਜਾਵੇ, ਤਾਂ ਉਹਦੀ ਮਿਆਦ ਪੁੱਗ ਜਾਂਦੀ ਹੈ ਤੇ ਨਾ ਵਰਤੀ ਗਈ ਚੀਜ਼ ਵਰਤਣਯੋਗ ਨਹੀਂ ਰਹਿੰਦੀ। ਇਸੇ ਤਰ੍ਹਾਂ ਬਹੁਤੇ ਮਨੁੱਖ ਜੀਵਨ ਵਿੱਚ ਭੱਜ-ਦੌੜ ਕਰਦੇ ਹੋਏ ਮੌਤ ਦੀ ਦਹਿਲੀਜ਼ ਤੇ ਪਹੁੰਚ ਜਾਂਦੇ ਹਨ, ਫਿਰ ਉਨ੍ਹਾਂ ਨੂੰ ਅਫ਼ਸੋਸ ਹੁੰਦਾ ਹੈ ਕਿ ਜੀਵਨ ਤਾਂ ਉਨ੍ਹਾਂ ਨੇ ਜੀਵਿਆ ਹੀ ਨਹੀਂ!
ਇਸਲਈ ਮਨੁੱਖ ਨੂੰ ਹਮੇਸ਼ਾ ਸੰਤੁਲਿਤ ਅਵਸਥਾ ਵਿੱਚ ਜੀਵਨ ਬਿਤਾਉਣਾ ਚਾਹੀਦਾ ਹੈ। ਯਾਨੀ ਦੁਖ ਵਿੱਚ ਬਹੁਤਾ ਵਿਚਲਿਤ ਨਹੀਂ ਹੋਣਾ ਚਾਹੀਦਾ। ਨਾ ਹੀ ਸੁਖ ਵਿੱਚ ਛਾਲ਼ਾਂ ਮਾਰਨੀਆਂ ਚਾਹੀਦੀਆਂ ਹਨ। ਇਹੋ ਹੀ ਜੀਵਨ ਜੀਣ ਦਾ ਉੱਤਮ ਸਲੀਕਾ ਹੈ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)