ਪੁਲੀਸ ਵਿਭਾਗ ਦੀ ਕਿਰਿਆਹੀਣਤਾ ਕਾਰਨ ਸ਼ਹਿਰ ਵਿੱਚ ਲਗਾਤਾਰ ਚੋਰੀ, ਡਾਕੇ, ਲੁੱਟਮਾਰ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਸਨ। ਕਾਰਵਾਈ ਦੇ ਨਾਂ ਤੇ ਸਿਰਫ਼ ਕਾਗਜ਼ੀ ਖਾਨਾਪੂਰਤੀ। ਆਮ ਲੋਕ ਬੇਹੱਦ ਪਰੇਸ਼ਾਨ ਸਨ। ਪਰ ਪੁਲੀਸ ਦੇ ਕੰਨਾਂ ਤੇ ਜੂੰ ਤੱਕ ਨਾ ਰੀਂਘਦੀ। ਪਾਸਾ ਅਚਾਨਕ ਪਲਟਿਆ, ਜਦੋਂ ਬੀਤੀ ਰਾਤ ਹੋਈ ਚੋਰੀ ਦੀ ਵਾਰਦਾਤ ਨੂੰ ਲੈ ਕੇ ਪੁਲੀਸ ਵਿਭਾਗ ਅਤਿ ਸਕ੍ਰਿਅ ਹੋ ਉਠਿਆ। ਥਾਂ-ਥਾਂ ਛਾਪੇ, ਪੁੱਛਗਿੱਛ…। ਉਨ੍ਹਾਂ ਦੀ ਇਸ ਤੇਜ਼ੀ ਨੂੰ ਵੇਖ ਕੇ ਸਾਰੇ ਸ਼ਹਿਰ-ਵਾਸੀ ਹੈਰਾਨ ਰਹਿ ਗਏ। ਕਿਉਂਕਿ ਇਹ ਚੋਰੀ ਨਾ ਤਾਂ ਕਿਸੇ ਨੇਤਾ ਦੇ ਘਰੇ ਹੋਈ ਸੀ ਅਤੇ ਨਾ ਹੀ ਕਿਸੇ ਅਧਿਕਾਰੀ ਦੇ ਘਰ, ਫੇਰ ਵੀ ਏਨੀ ਜ਼ਿਆਦਾ ਪੁੱਛ-ਪੜਤਾਲ…। ਕੁਝ ਇੱਕ ਨੇ ਕਿਹਾ – “ਚਲੋ, ਦੇਰ ਨਾਲ ਹੀ ਸਹੀ, ਪੁਲੀਸ ਨੂੰ ਜਨਤਾ ਦਾ ਖਿਆਲ ਤਾਂ ਆਇਆ।” ਕੁਝ ਇਸ ਗੱਲ ਨੂੰ ਸਵੀਕਾਰ ਕਰਨ ਲਈ ਤਿਆਰ ਹੀ ਨਹੀਂ ਸਨ। ਇਨ੍ਹਾਂ ਲੋਕਾਂ ਦਾ ਮੰਨਣਾ ਸੀ -“ਕੁੱਤੇ ਦੀ ਪੂਛ ਚਾਹੇ ਬਾਰਾਂ ਸਾਲ ਰੂੜੀ ‘ਚ ਦੱਬੀ ਰੱਖੋ, ਕਦੇ ਸਿੱਧੀ ਨਹੀਂ ਹੁੰਦੀ।” ਅਸਲੀਅਤ ਪਤਾ ਕਰਨ ਲਈ ਦੋਹਾਂ ਪੱਖਾਂ ਦੇ ਲੋਕਾਂ ਨੇ ਆਪੋ-ਆਪਣੇ ਖੁਫ਼ੀਆ-ਤੰਤਰ ਦਾ ਸਹਾਰਾ ਲਿਆ। ਕਾਫ਼ੀ ਖੋਜ-ਪੜਤਾਲ ਪਿੱਛੋਂ ਦੂਜੀ ਧਿਰ ਆਖ਼ਰ ਜਿੱਤ ਹੀ ਗਈ। ਭਰੋਸੇਯੋਗ ਸੂਤਰਾਂ ਤੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ‘ਐਤਕੀ ਚੋਰੀ ਦਾ ਪੂਰਾ ਮਾਲ ਚੋਰ ਹੀ ਲੈ ਉਡੇ ਸਨ ਅਤੇ ਪੁਲੀਸ ਦੇ ਹੱਥ ਕੁਝ ਨਹੀਂ ਸੀ ਲੱਗਿਆ।’

~ ਮੂਲ : ਮੀਰਾ ਜੈਨ, ਉੱਜੈਨ (ਮੱਧਪ੍ਰਦੇਸ਼)
~ ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002.
9417692015.