ਜਿਵੇਂ ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ, ਉਸੇ ਤਰ੍ਹਾਂ ਦੁਨੀਆਂ ਦੀ ਕਿਸੇ ਵੀ ਬੋਲੀ ਨੂੰ ਅਸੀਂ ਮਾਂ ਬੋਲੀ ਦੀ ਜਗਾਹ ਨਹੀਂ ਦੇ ਸਕਦੇ। ਜਿਵੇਂ ਮਾਂ ਤੇ ਮਾਸੀ ਵਿੱਚ ਫ਼ਰਕ ਹੈ, ਉਵੇਂ ਹੀ ਮਾਂ ਬੋਲੀ ਤੇ ਨੇੜੇ ਦੀਆਂ ਭਾਸ਼ਾਵਾਂ ਵਿੱਚ ਅੰਤਰ ਹੈ।
ਦੁਨੀਆਂ ਭਰ ਦੇ ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਦਾ ਮੰਨਣਾ ਹੈ ਕਿ ਬੱਚੇ ਦੇ ਸ਼ੁਰੂਆਤੀ ਵਿਕਾਸ ਅਤੇ ਸਿੱਖਣ ਦੀ ਪ੍ਰਵਿਰਤੀ ਘਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨਾਲ ਹੀ ਵਿਕਸਿਤ ਹੁੰਦੀ ਹੈ। ਨਹੀਂ ਤਾਂ ਉਨ੍ਹਾਂ ਦਾ ਬਹੁਤਾ ਸਮਾਂ ਮਾਤ ਭਾਸ਼ਾ ਅਤੇ ਸਿੱਖਿਆ ਹਾਸਲ ਕਰਨ ਲਈ ਵਰਤੀ ਜਾਣ ਵਾਲੀ ਭਾਸ਼ਾ ਵਿਚਲੇ ਫ਼ਰਕ ਨੂੰ ਸਮਝਣ ਵਿੱਚ ਹੀ ਬਤੀਤ ਹੋ ਜਾਂਦਾ ਹੈ। ਇਸ ਸੰਬੰਧੀ ਮਹਾਤਮਾ ਗਾਂਧੀ ਦਾ ਵਿਚਾਰ ਹੈ – “ਮਾਂ ਬੋਲੀ ਦੀ ਥਾਂ ਕੋਈ ਹੋਰ ਭਾਸ਼ਾ ਨਹੀਂ ਲੈ ਸਕਦੀ। ਮੇਰਾ ਇਹ ਵਿਸ਼ਵਾਸ ਹੈ ਕਿ ਜਿਸ ਕੌਮ ਦੇ ਬੱਚੇ ਆਪਣੀ ਮਾਂ ਬੋਲੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਸਿੱਖਿਆ ਪ੍ਰਾਪਤ ਕਰਦੇ ਹਨ, ਉਹ ਆਤਮ ਹੱਤਿਆ ਕਰਨ ਦੇ ਵਾਂਗ ਹੈ। ਇਹ ਉਨ੍ਹਾਂ ਨੂੰ ਉਨ੍ਹਾਂ ਦੇ ਜਨਮ ਸਿੱਧ ਅਧਿਕਾਰ ਤੋਂ ਵਾਂਝਾ ਕਰ ਦਿੰਦਾ ਹੈ, ਉਨ੍ਹਾਂ ਦੀ ਮੌਲਿਕਤਾ ਨੂੰ ਨਸ਼ਟ ਕਰ ਦਿੰਦਾ ਹੈ, ਇਸ ਨਾਲ ਉਨ੍ਹਾਂ ਦਾ ਵਿਕਾਸ ਰੁਕ ਜਾਂਦਾ ਹੈ। ਇਸਲਈ ਮੈਂ ਇਹਨੂੰ ਪਹਿਲੇ ਦਰਜੇ ਦਾ ਰਾਸ਼ਟਰੀ ਸੰਕਟ ਮੰਨਦਾ ਹਾਂ।”
ਮਾਤ ਭਾਸ਼ਾ ਸਾਨੂੰ ਕੌਮੀਅਤ ਨਾਲ ਜੋੜਦੀ ਹੈ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੀ ਹੈ। ਮਾਂ ਦੀ ਗੋਦ ਵਿੱਚ ਪਲਣ ਵਾਲੀ ਭਾਸ਼ਾ ਹੀ ਬੱਚੇ ਦੇ ਮਾਨਸਿਕ ਵਿਕਾਸ ਲਈ ਪਹਿਲਾ ਸ਼ਬਦ ਸੰਚਾਰ ਦਿੰਦੀ ਹੈ। ਇਸੇ ਰਾਹੀਂ ਹੀ ਮਨੁੱਖ ਸੋਚਦਾ, ਸਮਝਦਾ ਤੇ ਵਿਵਹਾਰ ਕਰਦਾ ਹੈ।” ਡਾ. ਏਪੀਜੇ ਅਬਦੁਲ ਕਲਾਮ ਨੇ ਆਪਣੇ ਤਜਰਬੇ ਦੇ ਆਧਾਰ ਤੇ ਕਿਹਾ ਸੀ – “ਮੈਂ ਇੱਕ ਚੰਗਾ ਵਿਗਿਆਨੀ ਬਣਿਆ, ਕਿਉਂਕਿ ਮੈਂ ਵਿਗਿਆਨ ਅਤੇ ਗਣਿਤ ਦੀ ਸਿੱਖਿਆ ਆਪਣੀ ਮਾਤ ਭਾਸ਼ਾ ਵਿੱਚ ਹਾਸਲ ਕੀਤੀ।” ਵਿਸ਼ਵ ਕਵੀ ਗੁਰੂਦੇਵ ਰਬਿੰਦਰਨਾਥ ਟੈਗੋਰ ਨੇ ਕਿਹਾ ਹੈ – “ਜੇਕਰ ਵਿਗਿਆਨ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ ਤਾਂ ਮਾਂ ਬੋਲੀ ਰਾਹੀਂ ਪੜ੍ਹਾਉਣਾ ਚਾਹੀਦਾ ਹੈ।” ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ – “ਵਧੇਰੇ ਬੱਚੇ ਸਕੂਲ ਛੱਡ ਦਿੰਦੇ ਹਨ ਕਿਉਂਕਿ ਪੜ੍ਹਾਈ ਦਾ ਮਾਧਿਅਮ ਘਰ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨਹੀਂ ਹੈ।”
ਦੁਨੀਆਂ ਦੇ ਹੋਰਨਾਂ ਮੁਲਕਾਂ ਵਿੱਚ ਮਾਂ ਬੋਲੀ ਦਾ ਕੀ ਰੁਤਬਾ ਹੈ, ਇਸਦਾ ਵਿਚਾਰਧਾਰਕ ਤੇ ਅਮਲੀ ਵਿਸ਼ਲੇਸ਼ਣ ਕਰਨ ਤੋਂ ਬਾਦ ਪਤਾ ਲੱਗਦਾ ਹੈ ਕਿ ਵੱਖ ਵੱਖ ਕੌਮਾਂ ਦੀ ਖੁਸ਼ਹਾਲੀ ਅਤੇ ਸਵੈਮਾਨ ਦੀਆਂ ਜੜ੍ਹਾਂ ਮਾਂ ਬੋਲੀ ਨਾਲ ਹੀ ਸਿੰਜੀਆਂ ਜਾ ਰਹੀਆਂ ਹਨ। ਮਾਂ ਬੋਲੀ ਕੌਮ ਦੀ ਸਮਰੱਥਾ ਅਤੇ ਬੌਧਿਕਤਾ ਨੂੰ ਨਿਖਾਰਦੀ ਹੈ।
‘ਮੇਰਾ ਦਾਗ਼ਿਸਤਾਨ’ ਦਾ ਲੇਖਕ ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਉਹਦੇ ਦੇਸ਼ ਵਿੱਚ ਜਦੋਂ ਕਿਸੇ ਨੂੰ ਸਭ ਤੋਂ ਵੱਡੀ ਬਦ-ਦੁਆ/ਬਦ-ਅਸੀਸ ਦੇਣੀ ਹੋਵੇ ਤਾਂ ਅਕਸਰ ਕਿਹਾ ਜਾਂਦਾ ਹੈ, “ਰੱਬ ਕਰੇ, ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ!” ਪਰ ਅਸੀਂ ਪੰਜਾਬੀ ਏਸੇ ਵਿੱਚ ਆਪਣੀ ਸ਼ਾਨ ਸਮਝਦੇ ਹਾਂ ਕਿ ਪੰਜਾਬੀ ਦੀ ਥਾਂ ਹਿੰਦੀ ਜਾਂ ਅੰਗਰੇਜ਼ੀ ਨੂੰ ਮੂੰਹ ਮਾਰਦੇ ਹਾਂ। ਬੱਚਿਆਂ ਨੂੰ ਕਾਨਵੈਂਟ/ ਅੰਗਰੇਜ਼ੀ ਮਾਧਿਅਮ ਵਾਲੇ ਸਕੂਲਾਂ ‘ਚ ਪੜ੍ਹਾਉਂਦੇ ਹਾਂ, ਜਿੱਥੇ ਬੱਚਿਆਂ ਨੂੰ ਆਪਣੀ ਮਾਂ ਬੋਲੀ (ਪੰਜਾਬੀ) ਵਿੱਚ ਗੱਲ ਕਰਨ ਤੇ ਜੁਰਮਾਨਾ ਲਾਇਆ ਜਾਂਦਾ ਹੈ।
ਸਾਨੂੰ ਆਪਣੀ ਮਾਂ ਬੋਲੀ ਪ੍ਰਤੀ ਸੋਚ ਬਦਲਣ ਦੀ ਲੋੜ ਹੈ। ਭਾਸ਼ਾ ਵਿਗਿਆਨੀਆਂ ਨੇ ਬੜੇ ਡੂੰਘੇ ਤਜਰਬੇ ਤੋਂ ਇਹ ਸਿੱਟਾ ਕੱਢਿਆ ਹੈ ਕਿ ਬੱਚੇ ਨੂੰ ਮੁੱਢਲੀ ਸਿੱਖਿਆ ਉਹਦੀ ਮਾਂ ਬੋਲੀ ਵਿੱਚ ਹੀ ਦੇਣੀ ਚਾਹੀਦੀ ਹੈ। ਅੱਜ ਹਰ ਘੱਟ ਤੋਂ ਘੱਟ ਪੜ੍ਹਿਆ ਬੰਦਾ ਆਪਣੇ ਦਸਤਖਤ ਕਰਨ ਵੇਲੇ ਅੰਗਰੇਜ਼ੀ ਨੂੰ ਤਰਜੀਹ ਦਿੰਦਾ ਹੈ। ਜਦੋਂ ਤੱਕ ਅਸੀਂ ਮਾਨਸਿਕ ਤੌਰ ਤੇ ਖੁਦ ਨੂੰ ਅੰਗਰੇਜ਼ੀ ਭਾਸ਼ਾ ਦੇ ਚੁੰਗਲ ਤੋਂ ਆਜ਼ਾਦ ਨਹੀਂ ਕਰਦੇ, ਉਦੋਂ ਤੱਕ ਪੰਜਾਬੀ ਦੀ ਹੋਂਦ ਨੂੰ ਖਤਰਾ ਬਣਿਆ ਰਹੇਗਾ। ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਆਪਣੀ ਸਰਗਰਮ ਭੂਮਿਕਾ ਨਿਭਾਵੇ!
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)

