ਵੀਹਵੀਂ ਸਦੀ ਨੂੰ ਮਾਣ ਹੈ ਆਪਣੇ ਸਾਹਵੇਂ ਵਿਲੱਖਣ ਸਖਸ਼ੀਅਤ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਵਿਚਰਦਿਆਂ ਵੇਖਣਾ। 02 ਫਰਵਰੀ, 1909 ਨੂੰ ਜਨਮੇਂ ਡਾ. ਰੰਧਾਵਾ ਨੇ 77 ਸਾਲ ਦੀ ਉਮਰ ਵਿੱਚ ਇਤਿਹਾਸ ਦੇ ਸੀਨੇ ‘ਤੇ ਡੂੰਘੀਆਂ ਪੈੜਾਂ ਛੱਡੀਆਂ। ਬਹੁਤ ਘੱਟ ਅਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ ਜੋ ਸੰਪੂਰਣਤਾ ਦੇ ਨੇੜੇ ਪਹੁੰਚ ਸਕਣ, ਜਿੰਨੵਾਂ ਦੇ ਹੋਣ ਨਾਲ ਸਮਾਜ ਦਾ ਮਾਣ ਵਧਦਾ। ਅਜਿਹੀ ਮਨੋਹਰ ਸ਼ਖਸੀਅਤ ਸਨ ਡਾ. ਮਹਿੰਦਰ ਸਿੰਘ ਰੰਧਾਵਾ ਜਿੰਨ੍ਹਾਂ ਦੀ ਸਾਲਾਨਾ ਬਰਸੀ 03 ਮਾਰਚ, 2025 ਮੌਕੇ ਅਸੀਂ ਸਾਰੇ ਮਾਣਮੱਤੇ ਹੋ ਉਹਨਾਂ ਨੂੰ ਯਾਦ ਕਰ ਰਹੇ ਹਾਂ।
ਤਹਿਸੀਲਦਾਰ ਸ਼ੇਰ ਸਿੰਘ ਅਤੇ ਮਾਤਾ ਬਚਿੰਤ ਕੌਰ ਦੇ ਸਪੁੱਤਰ ਡਾ. ਮਹਿੰਦਰ ਸਿੰਘ ਦਾ ਪਰਿਵਾਰਕ ਪਿਛੋਕੜ ਦੋਆਬੇ ਦੇ ਹੁਸ਼ਿਆਰਪੁਰ ਜ਼ਿਲ੍ਹੇ ‘ਚ ਪੈਂਦੇ ਪਿੰਡ ਬੋਦਲਾਂ ਨਾਲ ਹੈ। ਦੋਆਬੇ ਦੀ ਜ਼ਰਖੇਜ਼ ਜ਼ਮੀਨ ਦੀ ਨਿਆਈਂ ਡਾ. ਰੰਧਾਵਾ ਨੇ ਵੀ ਉਮਰ ਨੂੰ ਰੱਜ ਕੇ ਹੰਢਾਇਆ ਅਤੇ ਆਪਣੇ ਪੰਜਾਬੀ ਹੋਣ ਦਾ ਮੁੱਲ ਮੋੜਿਆ।
ਖੂਬਸੂਰਤ ਚਿਹਰੇ ਮੋਹਰੇ ਦੇ ਮਾਲਕ ਡਾ. ਰੰਧਾਵਾ ਨੇ ਆਪਣੀ ਲਿਆਕਤ ਅਤੇ ਕਾਬਲੀਅਤ ਦਾ ਲੋਹਾ ਹਰ ਖੇਤਰ ਵਿੱਚ ਮੰਨਵਾਇਆ, ਚਾਹੇ ਉਹ ਕਲਾ ਹੋਵੇ ਜਾਂ ਵਿਗਿਆਨ, ਚਾਹੇ ਉਹ ਸੁਹਜ ਹੋਵੇ ਜਾਂ ਪ੍ਰਸ਼ਾਸਨਿਕ ਖੇਤਰ। ਏਨੇ ਪੱਖਾਂ ਤੋਂ ਪਰਪੱਕ ਸ਼ਖਸੀਅਤ ਅਰਸਤੂ ਤੋਂ ਬਾਅਦ ਅਗਰ ਕੋਈ ਮਿਲਦੀ ਹੈ ਤਾਂ ਉਹ ਹੈ ਡਾ. ਮਹਿੰਦਰ ਸਿੰਘ ਰੰਧਾਵਾ ਦੀ। ਜੋ ਵੀ ਉਹਨਾਂ ਦੇ ਸੰਪਰਕ ਵਿੱਚ ਆਇਆ, ਚਾਹੇ ਦੋਸਤ, ਚਾਹੇ ਰਿਸ਼ਤੇਦਾਰ, ਚਾਹੇ ਉਹਨਾਂ ਦੀ ਹਮਸਫ਼ਰ ਇਕਬਾਲ ਕੌਰ ਅਤੇ ਚਾਹੇ ਅਲੱਗ-ਅਲੱਗ ਅਹੁਦਿਆਂ ‘ਤੇ ਵਿਚਰਦਿਆਂ ਅਜਨਬੀ ਲੋਕ, ਹਰ ਕੋਈ ਉਹਨਾਂ ਦੀ ਮਿਕਨਾਤੀਸੀ ਸ਼ਖਸੀਅਤ ਦਾ ਕਾਇਲ ਹੋਇਆ ਅਤੇ ਰਹਿੰਦੇ ਸਮੇਂ ਤੱਕ ਡਾ. ਮਹਿੰਦਰ ਸਿੰਘ ਰੰਧਾਵਾ ਨੂੰ ਭੁਲਾ ਨਹੀਂ ਪਾਇਆ। ਵਾਕਿਆ ਹੀ ਸਦੀ ਦਾ ਮਹਾਂਨਾਇਕ ਸਨ ਡਾ. ਮਹਿੰਦਰ ਸਿੰਘ ਰੰਧਾਵਾ।
ਅੰਗਰੇਜ਼ਾਂ ਦੇ ਦੌਰ ‘ਚ ਕੁਸ਼ਲ ਪ੍ਰਸ਼ਾਸਨਿਕ ਅਫ਼ਸਰਾਂ (ICS) ਦੀ ਚੋਣ ਕਰਦਿਆਂ ਹਮੇਸ਼ਾਂ ਅਸਰਦਾਰ ਅਤੇ ਜ਼ਹੀਨ ਨੌਜਵਾਨਾਂ ਨੂੰ ਚੁਣਿਆ ਜਾਂਦਾ ਸੀ ਅਤੇ ਡਾ. ਰੰਧਾਵਾ ਸੰਨ 1934 ਵਿੱਚ ਪਹਿਲੇ ICS ਅਫ਼ਸਰ ਬਣੇ। ICS ਅਧਿਕਾਰੀ ਦੇ ਤੌਰ ਤੇ ਉਹਨਾਂ ਨੇ ਯੂ. ਪੀ. ਵਿਚਲੇ ਸਹਾਰਨਪੁਰ, ਫੈਜ਼ਾਬਾਦ, ਅਲਮੋੜਾ, ਅਲਾਹਾਬਾਦ, ਆਗਰਾ ਅਤੇ ਰਾਏ ਬਰੇਲੀ ਜਿਹੇ ਸਥਾਨਾਂ ਤੇ ਮਿਸਾਲੀ ਫੈਸਲੇ ਲਏ ਅਤੇ ਅਸਰਦਾਰ ਅਧਿਕਾਰੀ ਸਾਬਿਤ ਹੋਏ।
ਸੰਨ 1946 ਵਿੱਚ ਡਾ. ਮਹਿੰਦਰ ਸਿੰਘ ਰੰਧਾਵਾ ਦਿੱਲੀ ਦੇ DC ਬਣੇ ਅਤੇ ਸੰਨ 1947 ਵਿੱਚ ਦੇਸ਼ ਦੀ ਅਜ਼ਾਦੀ ਸਮੇਂ ਮੁੱਖ ਸਮਾਗਮ ਦੇ ਸਾਰੇ ਪ੍ਬੰਧ ਉਹਨਾਂ ਦੀ ਦੇਖ ਰੇਖ ਵਿੱਚ ਹੋਏ ਜਿਸ ਵਿੱਚ ਪੰਡਿਤ ਨਹਿਰੂ ਨੇ ‘Trust with Destiny’ ਦੀ ਇਤਿਹਾਸਕ ਸਪੀਚ ਦਿੱਤੀ। ਨਾਲ ਹੀ ਵੰਡ ਵੇਲੇ ਹੋਣ ਵਾਲੇ ਦੰਗਿਆਂ ਨੂੰ ਕਾਬੂ ਕਰਨ ਦੀ ਕਮਾਨ ਵੀ ਡਾ. ਰੰਧਾਵਾ ਨੇ ਸੰਭਾਲੀ। ਜਿੱਦਾਂ ਇਤਿਹਾਸ ਸਦੀ ਦੇ ਹਰ ਅਹਿਮ ਫ਼ੈਸਲੇ ਸਮੇਂ ਡਾ. ਰੰਧਾਵਾ ਨੂੰ ਨਾਲ ਖੜੵਾ ਵੇਖਣਾ ਚਹੁੰਦਾ ਹੋਵੇ। ਭਾਰਤ ਦੀ ਵੰਡ ਦਾ ਸਭ ਤੋਂ ਵੱਧ ਸੰਤਾਪ ਪੰਜਾਬ ਨੇ ਭੋਗਿਆ। ਬਹੁਗਿਣਤੀ ਲੋਕ ਉਜੱੜ ਗਏ। ਅਣਗਿਣਤ ਮੌਤਾਂ ਹੋਈਆਂ। ਵਿਰਲਾਪ ਹੀ ਵਿਰਲਾਪ। ਵੰਡ ਤੋਂ ਬਾਅਦ ਪੁਨਰਵਸੇਬੇ ਦਾ ਕੰਮ ਵੀ ਡਾ. ਰੰਧਾਵਾ ਹਿੱਸੇ ਆਇਆ। ਇੱਕ-ਇੱਕ ਸ਼ਰਨਾਰਥੀ ਦਾ ਕੈਂਪਾਂ ਤੋਂ ਲੈਕੇ ਮੁੜ ਵਸੇਬੇ ਤੱਕ ਉਹਨਾਂ ਨੇ ਧਿਆਨ ਰੱਖਿਆ ਅਤੇ ਉਹਨਾਂ ਦੇ ਇਸ ਵਿਹਾਰ ਨੇ ਲੋਕ ਮਨਾਂ ਵਿੱਚ ਉਹਨਾਂ ਨੂੰ ਅੱਜ ਵੀ ਜ਼ਿੰਦਾ ਰੱਖਿਆ ਹੋਇਆ।
ਖੇਤੀਬਾੜੀ ਨਾਲ ਡਾ. ਰੰਧਾਵਾ ਦਾ ਮੁੱਢੋਂ ਮੋਹ ਸੀ। ਜ਼ਿੰਦਗੀ ਦੇ ਅਖੀਰਲੇ ਪੜਾਅ ਵਿੱਚ ਵੀ ਉਹਨਾਂ ਨੇ ਖਰੜ ਨੇੜੇ ਫਾਰਮ ਬਣਾਇਆ ਜਿਸ ਦੀ ਸਾਰੀ ਦੇਖ ਰੇਖ ਉਹਨਾਂ ਦੀ ਪਤਨੀ ਇਕਬਾਲ ਕੌਰ ਜੀ ਨੇ ਖ਼ੁਦ ਕੀਤੀ। ਸੰਨ 1955 ਵਿੱਚ ਬਨਸਪਤੀ ਵਿਗਿਆਨ ਵਿੱਚ DSc ਦੀ ਡਿਗਰੀ ਹਾਸਿਲ ਕਰਨ ਵਾਲੇ ਡਾ. ਰੰਧਾਵਾ ਨੇ ਅਨੇਕਾਂ ਪੁਸਤਕਾਂ ਫੁੱਲਾਂ ਅਤੇ ਫਲਾਂ ਵਾਲੇ ਰੁੱਖਾਂ ਉੱਤੇ ਲਿਖ ਛੱਡੀਆਂ। ਅਨੇਕਾਂ ਖੋਜ ਪੱਤਰ ਉਹਨਾਂ ਦੇ ਨਾਂ ਦਰਜ ਨੇ। ਸੰਨ 1947 ਵਿੱਚ ਉਹਨਾਂ ਜੰਗੀ ਪੱਧਰ ਤੇ ਰੁੱਖ ਲਗਾਉਣ ਦੀ ਸਿਫਾਰਸ਼ ਕੀਤੀ ਜੋ ਕਿ ਇੱਕ ਮੁਹਿੰਮ ਦਾ ਰੂਪ ਧਾਰਨ ਕਰ ਗਈ। ਸੰਨ 1950 ਵਿੱਚ ਉਸ ਵਕਤ ਦੇ ਖੇਤੀਬਾੜੀ ਮੰਤਰੀ K M Munshi, ਰਾਸ਼ਟਰਪਤੀ ਰਾਜਿੰਦਰ ਪ੍ਸ਼ਾਦ ਅਤੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਜੁਲਾਈ ਦੇ ਪਹਿਲੇ ਹਫ਼ਤੇ ਨੂੰ ਹਰ ਸਾਲ ‘ਵਣ ਮਹਾਉਤਸਵ’ ਦੇ ਰੂਪ ਵਿੱਚ ਮਨਾਉਣ ਦੀ ਸ਼ੁਰੂਆਤ ਕਰ ਦਿੱਤੀ।
ਪੰਜਾਬ ਦੇ ਵਿਕਾਸ ਦੀ ਗੱਲ ਤੁਰੀ ਤਾਂ ਚੰਡੀਗੜ੍ਹ ਦਾ ਨਾਂ ਅੱਗੇ ਆਇਆ। ਫ਼ੇਰ ਡਾ. ਰੰਧਾਵਾ ਨੂੰ ਇਸ ਦੀ ਜਿੰਮੇਵਾਰੀ ਦਿੱਤੀ ਗਈ। ਚੀਫ਼ ਐਡਮਨਿਸਟਰੇਟਰ ਦੇ ਤੌਰ ਤੇ ਉਹਨਾਂ ਨੇ ਜੋ ਵਿਉਂਤਬੰਦੀ ਨਾਲ ਚੰਡੀਗੜ੍ਹ ਦਾ ਮੁਹਾਂਦਰਾ ਬਣਾਇਆ ਉਹ ਅੱਜ ਏਸ਼ੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਅਖਵਾਉਣ ਲੱਗਾ। ਰੋਜ਼ ਗਾਰਡਨ, ਆਰਟ ਕਾਲਜ ਅਤੇ ਮਿਊਜ਼ੀਅਮ, ਰਾੱਕ ਗਾਰਡਨ, ਖੁੱਲੀਆਂ ਸੜਕਾਂ ਦੇ ਪਾਸੇ ਫੁੱਲਾਂ ਨਾਲ ਲੱਦੇ ਰੁੱਖ, ਸਭ ਡਾ. ਰੰਧਾਵਾ ਦੀ ਸੋਚ ਦੀ ਉਪਜ ਹਨ।
ਉਤੱਰੀ ਭਾਰਤ ਦਾ ਮਾਨਚੈਸਟਰ ਅਤੇ ਪੰਜਾਬ ਦੇ ਦਿਲ ਲੁਧਿਆਣੇ ਦੇ ਭਾਗ ਵੀ ਡਾ. ਰੰਧਾਵਾ ਹੱਥੀਂ ਜਾਗੇ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਵਿਕਸਿਤ ਕਰ ਅਤੇ ਹਰੀ ਕ੍ਰਾਂਤੀ ਦੀ ਵਾਗਡੋਰ ਸੰਭਾਲ ਡਾ. ਰੰਧਾਵਾ ਨੇ ਪੰਜਾਬ ਨੂੰ ਬੇਮਿਸਾਲ ਤੋਹਫ਼ਾ ਦਿੱਤਾ। ਏਸ਼ੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ PAU ਵਿਖੇ ਡਾ. ਰੰਧਾਵਾ ਦੀ ਯਾਦ ਨੂੰ ਅੱਜ ਵੀ ਤਾਜ਼ਾ ਰੱਖ ਰਹੀ ਹੈ।
ਗੱਲ ਕੀ ਵੀਹਵੀਂ ਸਦੀ ਨੇ ਹਰ ਵੇਲੇ ਡਾ. ਰੰਧਾਵਾ ਨੂੰ ਆਪਣੇ ਸਪੂਤ ਵਜੋਂ ਨਾਲ ਖੜੵਾ ਪਾਇਆ। ਡਾ. ਰੰਧਾਵਾ ਨੇ ਵੀ ਕੋਈ ਕਸੂਰ ਨਹੀਂ ਛੱਡੀ ਆਪਣੀ ਜਨਮਭੂਮੀ ਨਾਲ ਮੋਹ ਜਤਾਉਣ ਦੀ। ਕਲਾ, ਸੁਹਜ, ਵਿਗਿਆਨ, ਪ੍ਬੰਧਨ ਆਦਿ ਗੁਣਾਂ ਨਾਲ ਗੜੁੱਚ ਸੰਪੂਰਨਤਾ ਦੇ ਨੇੜੇ ਢੁਕਦੀ ਡਾ. ਮਹਿੰਦਰ ਸਿੰਘ ਰੰਧਾਵਾ ਦੀ ਸ਼ਖਸੀਅਤ ਵਾਕਿਆ ਹੀ ਉਹਨਾਂ ਨੂੰ ਸਦੀ ਦਾ ਮਹਾਂਨਾਇਕ ਬਣਾਉਂਦੀ ਹੈ।
ਸ਼ਾਲਾ! ਮੇਰੇ ਪੰਜਾਬ ਦਾ ਹਰ ਨੌਜਵਾਨ ਡਾ. ਮਹਿੰਦਰ ਸਿੰਘ ਰੰਧਾਵਾ ਵਰਗਾ ਹੋਵੇ।

ਡਾ. ਰਾਜਿੰਦਰ ਸਿੰਘ ਬਾਜਵਾ
9417261506

