ਅੱਜ ਫਿਰ ਜ਼ੁਲਫ਼ਾਂ ‘ਤੇ ਲਾ ਕੇ ਖ਼ਿਜ਼ਾਬ ਆਏ ਨੇ ਉਹ
ਅੱਖਾਂ ਦੇ ਵਿਚ ਸਜਾ ਕੇ ਕਈ ਖ਼ੁਆਬ ਆਏ ਨੇ ਉਹ
ਇਤਰ ਦੀ ਖ਼ੁਸ਼ਬੋ ਉਫ਼ ਵਲ਼ ਖਾਂਦੀ ਹੋਈ ਚਾਲ
ਨਾਜ਼ ਨਖ਼ਰਾ ਨਜ਼ਾਕਤ ਬਣ ਕੇ ਨਵਾਬ ਆਏ ਨੇ ਉਹ
ਅੱਜ ਫਿਰ ਕਤਲ ਕਰਨ ਦਾ ਇਰਾਦਾ ਹੈ ਹਜ਼ੂਰ ਦਾ
ਜ਼ੁਲਫ਼ਾਂ ਵਿਚ ਲਗਾ ਕੇ ਸੁਰਖ਼ ਗੁਲਾਬ ਆਏ ਨੇ ਉਹ
ਚਿਹਰੇ ‘ਤੇ ਵਲ਼ ਖਾਂਦੀਆਂ ਲਿਟਾਂ ਦਸਦੀਆਂ ਨੇ
ਸਵੇਰੇ ਸਵੇਰੇ ਕਰਨ ਕੋਈ ਸਵਾਬ ਆਏ ਨੇ ਉਹ
ਜ਼ਰਖ਼ੇਜ਼ ਹੋ ਗਈ ਧਰਤ ਖਿੜਨ ਲੱਗੇ ਨੇ ਸ਼ਗੂਫ਼ੇ
ਬੰਜਰ ਧਰਤ ਲਈ ਲੈ ਕੇ ਆਬ ਆਏ ਨੇ ਉਹ
ਫੁੱਲਾਂ ਨੂੰ ਵਾਰ ਵਾਰ ਕਹਿ ਰਹੀਆਂ ਨੇ ਕਲੀਆਂ
ਖ਼ਾਰਾਂ ਦੇ ਨਾਲ ਕਰਨ ਸਾਰਾ ਹਿਸਾਬ ਆਏ ਨੇ ਉਹ
ਸੂਰਤ ਤੇ ਸੀਰਤ ਦੇ ਨਾਲ ਤਹਿਜ਼ੀਬ ਦੇ ਮਾਲਕ ਨੇ
ਹੱਸਦੇ ਮੁਖੜੇ ਦਾ ਲੈ ਕੇ ਖ਼ਿਤਾਬ ਆਏ ਨੇ ਉਹ
ਬੇ-ਦਲੀਲ ਹੋ ਗਿਆ ਹਾਂ ਬੇ-ਦਰਦ ਦੇ ਸਾਹਮਣੇ
ਕਹਿਰ ਵਰਤਾਉਣ ਲਈ ਫਿਰ ਜਨਾਬ ਆਏ ਨੇ ਉਹ
ਸ਼ੇਅਰਾਂ ਦੇ ਵਿਚ ਹਰਦਮ ਤੂੰ ਜੋ ਕਰਦਾ ਏਂ ਸਿਫ਼ਤ
ਤੇਰੀ ਹਰ ਗੱਲ ਦਾ ਲੈ ਕੇ ਜਵਾਬ ਆਏ ਨੇ ਉਹ
ਐਵੇਂ ਨਾ ਖ਼ੁਸ਼ ਹੋ ਨਰਿੰਦਰ ਸ਼ੇਖ਼ਚਿੱਲੀ ਦੇ ਵਾਂਗ
ਚੜ੍ਹਦੇ ਸੂਰਜ ਨੂੰ ਕਰਨ ਆਦਾਬ ਆਏ ਨੇ ਉਹ
ਖ਼ਿਜ਼ਾਬ= ਕਲਫ਼, ਵਸਮਾ
ਸਵਾਬ= ਨੇਕ ਕੰਮ
ਸ਼ਗੂਫ਼ੇ= ਅਣ ਖਿੜਿਆ ਫੁੱਲ ਜਾਂ ਕਲੀ
ਖ਼ਾਰ= ਕੰਡਾ
ਨਰਿੰਦਰਜੀਤ ਸਿੰਘ ਬਰਾੜ
9815656601