ਐਂਤਕੀ ਸਰਦੀਆਂ ਦੇ ਦਿਨਾਂ *ਚ ਦੁਪਹਿਰ ਦੇ ਵਕਤ ਮੈਂ ਛੱਤ ਉੱਪਰ ਨਿੱਘੀ ਧੁੱਪ ਦੇ ਅਨੰਦ ਵਿਚ ਚਾਹ ਦੀ ਕੱਲੀ ਕੱਲੀ ਘੁੱਟ ਦਾ ਭਰਪੂਰ ਮਜ਼ਾ ਲੈ ਰਹੀ ਸੀ।
ਅਚਾਨਕ ਮੈਨੂੰ ਕਿਸੇ ਦੇ ਪੈਰ੍ਹਾਂ ਦਾ ਖੜਾਕ ਸੁਣਿਆ ਅਤੇ ਮੇਰੀ ਨਿਗ੍ਹਾਹ ਆਪ ਮੁਹਾਰੇ ਪੌੜੀਆਂ ਵੱਲ ਨੂੰ ਚਲੀ ਗਈ। ਮੈਂ ਚਾਹ ਦੀਆਂ ਵੱਡੀਆਂ ਘੁੱਟਾਂ ਭਰ ਕੇ ਖਾਲੀ ਕੱਪ ਇੱਕ ਪਾਸੇ ਰੱਖ ਦਿੱਤਾ। ਸਾਹਮਣੇ ਦੇਖਿਆ ਤਾਂ ਮੇਰੀ ਕੁ—ਹਾਨਣ ਕੁੜੀ ਤੇਜ਼ੀ ਨਾਲ ਮੇਰੇ ਵੱਲ ਵੱਧ ਰਹੀ ਸੀ। ਉਸ ਦੇ ਹੱਥ ਵਿਚ ਇੱਕ ਸੁੰਦਰ ਲਿਫ਼ਾਫਾ ਫੜਿਆ ਹੋਇਆ ਸੀ। ਉਸ ਨੇ ਕੋਲ ਆ ਕੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ। ਮੈਂ ਉਸ ਦੀ ਸਤਿ ਸ੍ਰੀ ਅਕਾਲ ਦਾ ਜਵਾਬ ਦਿੱਤਾ ਅਤੇ ਨਾਲ ਹੀ ਉਸ ਨੂੰ ਪਹਿਚਾਣਨ ਦੀ ਕੋਸ਼ਿਸ਼ ਕਰਨ ਲੱਗੀ।
“ਭੈਣ ਜੀ, ਆਪਾਂ ਪਿਛਲੇ ਸਾਲ ਇੱਕ ਵਾਰ ਪਹਿਲਾ ਵੀ ਇਥੇ ਛੱਤ ਉੱਪਰ ਮਿਲੇ ਸੀ, ਯਾਦ ਕਰੋ”।
“ਉਹ ਅੱਛਾ—ਅੱਛਾ, ਯਾਦ ਆਇਆ ਜੀ, ਮੈਂ ਉਸਨੂੰ ਪਹਿਚਾਣਦੇ ਹੋਏ, ਖਾਲੀ ਪਈ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਬੈਠੋ ਪਲੀਜ਼”।
ਉਹ ਕੁਰਸੀ ਤੇ ਬੈਠ ਗਈ,
“ਪਾਣੀ ਪੀਓਗੇ”, ਮੈਂ ਉਸ ਨੂੰ ਪਿਆਰ ਨਾਲ ਪੁੱਛਿਆ,
‘ਨਹੀਂ, ਨਹੀਂ ਜੀ, ਬੱਸ ਸ਼ੁਕਰੀਆ।
ਮੈਂ ਸੇਵਾਦਾਰ ਨੂੰ ਅਵਾਜ਼ ਮਾਰ, ਉਸ ਲਈ ਚਾਹ ਮੰਗਵਾ ਲਈ।
ਲਓ ਜੀ, ਪਹਿਲਾ ਗਰਮਾ ਗਰਮ ਚਾਹ ਪੀਓ ਅਤੇ ਨਾਲ ਹੀ ਅਸੀਂ ਗੱਲੀ ਜੁੱਟ ਗਈਆਂ।
ਚਾਹ ਦੀ ਪਹਿਲੀ ਘੁੱਟ ਭਰਦਿਆ ਹੀ ਉਹ ਅਤੀਤ ਦੇ ਪੰਨਿਆਂ ਵਿਚ ਗਵਾਚਣ ਲੱਗੀ।
ਭੈਣ ਜੀ, ਅੱਜ ਇੱਕ ਸਾਲ ਤੋਂ ਪਹਿਲਾ ਜਦ ਆਪਾਂ ਇਸ ਛੱਤ ਤੇ ਮਿਲੇ ਸੀ ਉਦੋਂ ਮੇਰੀ ਹਾਲਤ ਬਿਲਕੁਲ ਪਾਗਲਾਂ ਵਰਗੀ ਸੀ। ਇੱਕ ਡੂੰਘੇ ਗਮ ਵਿੱਚ ਡੁੱਬੀ ਹੋਈ ਸੀ। ਮਨ ਕਰਦਾ ਸੀ ਕਿਸੇ ਖੂਹ—ਖਾਤੇ ਵਿੱਚ ਡਿੱਗ ਕੇ ਜਾਨ ਦੇ ਦੇਵਾਂ। ਉਸ ਦਿਨ ਮੈਂ ਜਿ਼ੰਦਗੀ ਤੋਂ ਥੱਕ—ਹਾਰ ਕੇ ਗੁਰੂ ਘਰ ਮੱਥਾ ਟੇਕਣ ਆਈ ਸੀ। ਜਦ ਵਾਪਸ ਮੁੜਣ ਲੱਗੀ ਤਾਂ ਤੁਹਾਡੇ ਨਾਲ ਮੇਲ ਹੋ ਗਿਆ। ਮੈਨੂੰ ਅੱਜ ਵੀ ਯਾਦ ਹੈ, ਉਸ ਦਿਨ ਤੁਹਾਡੇ ਗੁਲਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ। ਉਸ ਸੂਟ ਦੀ ਗੁਲਾਬੀ ਭਾਅ ਨੇ ਤੁਹਾਡੇ ਖਿੜੇ ਹੋਏ ਸ਼ਾਤ ਚਿਹਰੇ ਨੂੰ ਵੀ ਪੂਰੀ ਤਰ੍ਹਾਂ ਗੁਲਾਬੀ ਕੀਤਾ ਹੋਇਆ ਸੀ। ਤੁਹਾਡਾ ਚਿਹਰਾ, ਇੱਕ ਟਕ ਸ਼ਾਤ, ਜਿਸਨੂੰ ਦੇਖਕੇ ਮੈਂ ਦੇਖਦੀ ਹੀ ਰਹਿ ਗਈ। ਦੇਖਿਆ ਕਿ ਤੁਸੀਂ ਕੁਝ ਲਿਖ—ਪੜ੍ਹ ਰਹੇ ਸੀ। ਤੁਹਾਡਾ ਬੱਚਾ ਤੁਹਾਡੇ ਕੋਲ ਨਿੱਕੀਆਂ ਨਿੱਕੀਆਂ ਕਸਰਤਾਂ ਕਰ ਰਿਹਾ ਸੀ। ਇਹ ਸਭ ਦੇਖਕੇ ਮੈਂ ਇੰਨਾਂ ਪ੍ਰਭਾਵਿਤ ਹੋਈ ਅਤੇ ਦੱਬੀ ਪੈਰ੍ਹੀ ਆਪਣੇ ਘਰ ਮੁੜ ਗਈ। ਸੱਚ ਪੁੱਛੋ, ਉਸ ਸਮੇਂ ਮੈਂ ਕਿਸੇ ਕਾਰਨ ਆਪਣੇ ਪਤੀ ਤੋਂ ਅਲੱਗ ਹੋ ਕੇ ਆਪਣੇ ਦੋਹਾਂ ਬੱਚਿਆਂ ਨਾਲ ਪੇਕੇ ਘਰ ਵਿਚ ਰਹਿ ਰਹੀ ਸੀ। ਇਸ ਔਖੇ ਸਮੇਂ ਵਿਚ ਮੈਂ ਬਹੁਤ ਕੱਲਾਪਣ ਮਹਿਸੂਸ ਕਰਦੀ ਸੀ। ਪਤੀ ਦੀ ਗੈਰ ਮੌਜੂਦਗੀ ਵਿਚ ਮੈਨੂੰ ਇੱਕ ਪ੍ਰੇਮ ਨਾਮ ਦੇ ਸਖਸ਼ ਨਾਲ ਪਿਆਰ ਹੋ ਗਿਆ। ਪ੍ਰੇਮ ਰੱਜੇ ਪੁੱਜੇ ਘਰ ਦਾ ਇੱਕੋ ਇੱਕ ਮੁੰਡਾ ਸੀ। ਮੈਂ ਦੋ ਬੱਚਿਆਂ ਦੀ ਮਾਂ ਸੀ ਪਰ ਪ੍ਰੇਮ ਅਜੇ ਕੁਆਰਾ ਹੀ ਸੀ। ਸਾਡੀ ਦੋਹਾਂ ਦੀ ਆਪਸ ਵਿਚ ਬਹੁਤ ਨੇੜਤਾ ਹੋ ਚੁੱਕੀ ਸੀ। ਉਹ ਮੇਰਾ ਹਰ ਦਰਦ ਵੰਡਾਉਂਦਾ ਸੀ। ਪ੍ਰੇਮ ਦੇ ਸਾਥ ਨਾਲ ਤਿੰਨ ਸਾਲ ਕਦੋ ਬੀਤ ਗਏ ਮੈਨੂੰ ਪਤਾ ਹੀ ਨਹੀਂ ਚੱਲਿਆ। ਖੈਰ! ਹੁਣ ਉਸਨੂੰ ਵੀ ਰਿਸ਼ਤੇ ਆਉਣ ਲੱਗ ਪਏ। ਮੈਂ ਉਸ ਨੂੰ ਕਿਹਾ ਕਿ ਮੈਂ ਆਪਣੀ ਦੁਨੀਆਂ ਵਸਾ ਚੁੱਕੀ ਹਾਂ। ਮੇਰੇ ਦੋ ਬੱਚੇ ਹਨ। ਤੂੰ ਤੇਰੇ ਮਾਪਿਆ ਦਾ ਕੱਲਾ ਕਹਿਰਾ ਪੁੱਤ ਆ, ਕੋਈ ਨਾ ਵਿਆਹ ਕਰਵਾ ਲੈ। ਉਸਨੇ ਮੈਨੂੰ ਆਏ ਹੋਏ ਰਿਸ਼ਤਿਆਂ ਵਿਚੋਂ ਕਈ ਲੜਕੀਆਂ ਦੀਆਂ ਫੋਟੋ ਦਿਖਾਈਆਂ। ਉਹਨਾਂ ਵਿਚੋਂ ਮੈਂ ਜਿਸ ਕੁੜੀ ਨੂੰ ਪਸੰਦ ਕੀਤਾ, ਉਸਨੇ ਉਸ ਰਿਸ਼ਤੇ ਨੂੰ ਹਾਂ ਕਰ ਦਿੱਤੀ।
ਛੇ ਕੁ ਮਹੀਨੇ ਬਾਅਦ, ਪ੍ਰੇਮ ਦਾ ਵਿਆਹ ਹੋ ਗਿਆ। ਵਿਆਹ ਤਾਂ ਹੋ ਗਿਆ ਪਰੰਤੂ ਜਦ ਪ੍ਰੇਮ ਵੰਡਣ ਦੀ ਵਾਰੀ ਆਈ। ਉਸ ਵਕਤ ਮੇਰੀ ਇੱਕ ਜਾਨ ਹੀ ਨਹੀਂ ਨਿਕਲੀ ਹੋਰ ਕਸਰ ਬਾਕੀ ਨਾ ਰਹੀ ਕਿਉਂਕਿ ਪ੍ਰੇਮ ਵਿੱਚ ਮੇਰੇ ਹੁਣ ਪ੍ਰਾਣ ਵੱਸਦੇ ਸੀ।
ਚਲੋ, ਮੈਂ ਆਪਣਾ ਮਨ ਸਮਝਾ ਲਿਆ। ਕੁਝ ਦਿਨ ਬੀਤ ਗਏ। ਪ੍ਰੇਮ ਹੁਣ ਨਵੀਆਂ ਰਿਸ਼ਤੇਦਾਰੀਆਂ ‘ਚ ਰੁੱਝ ਗਿਆ। ਮੈਂ ਸੋਚਦੀ ਕਿ ਪ੍ਰੇਮ ਜਿੰ਼ਦਗੀ ‘ਚ ਮੇਰਾ ਸਾਥ ਦਿੱਤਾ ਹੈ। ਅੱਜ ਮੇਰਾ ਸਮਾਂ ਹੈ ਉਸਦਾ ਸਾਥ ਦੇਣ ਦਾ। ਹੁਣੇ ਹੁਣੇ ਆਪਣੀ ਨਵੀਂ ਦੁਨੀਆਂ ਵਿਚ ਪੈਰ ਰੱਖਿਆ ਹੈ, ਪ੍ਰਾਮਤਮਾ ਉਸਨੂੰ ਹਰ ਖੁਸ਼ੀ ਦੇਵੇ। ਮੈਂ ਚੱਤੋ ਪਹਿਰ ਉਸ ਲਈ ਅਰਦਾਸ ਕਰਦੀ ਪਰ ਪ੍ਰੇਮ ਹੁਣ ਉਹ ਪ੍ਰੇਮ ਨਾ ਰਿਹਾ। ਉਹ ਬਦਲ ਚੁੱਕਾ ਸੀ। ਇਸ ਗੱਲ ਤੋਂ ਮੈਂ ਬੇਖਬਰ ਸੀ। ਮੈਂ ਪਹਿਲਾ ਵਾਂਗ ਉਸਦਾ ਫੋਨ ਉਡੀਕ ਰਹੀ ਸੀ। ਬਹੁਤ ਦਿਨ ਬੀਤ ਜਾਣ ਤੋਂ ਬਾਅਦ ਵੀ ਉਸ ਨੇ ਮੈਨੂੰ ਕੋਈ ਫੋਨ ਨਾ ਕੀਤਾ ਤਾਂ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ। ਸੋਚਿਆ ਕੋਈ ਇਨਸਾਨ ਵੀ ਇਸ ਤਰ੍ਹਾਂ ਦਾ ਹੋ ਸਕਦਾ ਹੈ। ਪ੍ਰੇਮ ਬਦਲਦੇ ਮੌਸਮ ਤੋਂ ਵੀ ਵੱਧ ਤ੍ਰੀਬਰਤਾ ਨਾਲ ਬਦਲ ਗਿਆ ਸੀ। ਮੈਂ ਉਸ ਦੀ ਇੱਕ ਅਵਾਜ਼ ਸੁਣਨ ਲਈ ਤਰਸਦੀ ਸੀ। ਉਸ ਦੀ ਆਵਾਜ਼ ਸੁਣਨ ਲਈ ਮੈਂ ਉਸ ਨੂੰ ਆਪ ਫੋਨ ਕਰਨ ਲੱਗ ਜਾਂਦੀ। ਮੈਂ ਉਸ ਨੂੰ ਸੈਂਕੜੇ ਫੋਨ ਕਰੀ ਜਾਂਦੀ। ਜਦ ਭੁੱਲਾ ਚੁੱਕਾ ਉਹ ਚੁੱਕ ਵੀ ਲੈਂਦਾ ਤਾਂ ਕਹਿੰਦਾ “ਕੋਈ ਨਾ ਕਰਦਾ ਮੈਂ”। ਜੇ ਕਿਤੇ ਮਨ ਮਿਹਰ ਪੈਂਦੀ, ਭੁੱਲ ਕੇ ਵਾਪਸ ਕਾਲ ਕਰ ਵੀ ਲੈਂਦਾ, ਉਸ ਵਕਤ ਮੈਂ ਆਪਣਾ ਸਾਰਾ ਕੰਮਕਾਜ ਛੱਡ ਕੇ ਉਸ ਨਾਲ ਗੱਲ ਕਰਦੀ। ਇੱਕ ਦਿਨ ਜਦ ਮੈਂ ਉਸ ਨਾਲ ਗੱਲ ਕਰਨ ਲਈ ਫੋਨ ਚੁੱਕ ਕੇ ਉਸਦਾ ਨੰਬਰ ਡਾਇਲ ਕੀਤਾ। ਉਸਨੇ ਮੇਰਾ ਨੰਬਰ ਰਿਜੈਕਟ ‘ਚ ਪਾਇਆ ਹੋਇਆ ਸੀ। ਮੇਰੇ ਪੈਰ੍ਹਾਂ ਥੱਲਿਓ ਜ਼ਮੀਨ ਨਿਕਲ ਗਈ। ਮੈਂ ਜਿਸ ਨੰਬਰ ਤੋਂ ਵੀ ਉਸ ਨੂੰ ਫੋਨ ਕਰਦੀ ਉਹ ਮੇਰੀ ਆਵਾਜ਼ ਸੁਣਕੇ ਉਸ ਨੂੰ ਵੀ ਬਲਾਕ ਕਰ ਦਿੰਦਾ। ਮੇਰੀਆਂ ਲੱਖਾਂ ਕੋਸ਼ਿਸ਼ਾ ਦੇ ਬਾਵਜੂਦ ਵੀ ਪ੍ਰੇਮ ਟੱਸ ਤੋਂ ਮੱਸ ਨਾ ਹੋਇਆ। ਮੇਰੀ ਹਾਲਤ ਪਾਗਲਾਂ ਵਰਗੀ ਹੋ ਗਈ। ਮੈਂ ਸਾਰਾ ਸਾਰਾ ਦਿਨ ਫੋਨ ਦੀ ਸਕਰੀਨ ਉਪਰ ਟਿਕਟਿਕੀ ਲਗਾ ਕੇ ਦੇਖਦੀ ਰਹਿੰਦੀ ਕਿ ਕਿਤੇ ਪ੍ਰੇਮ ਦਾ ਫੋਨ ਆਇਆ ਹੋਵੇ ਤੇ ਮੈਨੂੰ ਪਤਾ ਹੀ ਨਾ ਲੱਗੇ। ਮੇਰਾ ਰਹਿਣ—ਸਹਿਣ ਤਹਿਸ—ਨਹਿਸ ਹੋ ਚੁੱਕਾ ਸੀ। ਮੈਨੂੰ ਖਾਣਾ ਬਣਾਉਣ ਦੀ ਸੋਝੀ ਵੀ ਨਾ ਰਹੀ। ਜਦ ਮੇਰੇ ਦੋਵੇ ਬੱਚੇ ਸਕੂਲ ਨੂੰ ਜਾਦਿਆਂ—ਆਉਂਦਿਆ ਖਾਣਾ ਮੰਗਦੇ, ਮੈਂ ਬੱਚਿਆਂ ਨੂੰ ਲਾਹ—ਲਾਹ ਸੁੱਟਦੀ। ਆਪਣੇ ਆਪ ਦੀ ਅਤੇ ਦੁਨੀਆਂ ਦੀ ਕੋਈ ਸੋਝੀ ਹੀ ਨਾ ਰਹੀ। ਜਦ ਕੋਈ ਵਾਹ ਨਾ ਰਹੀ, ਫਿਰ ਸੋਚਿਆ ਗੁਰੂ ਘਰ ਮੱਥਾ ਹੀ ਟੇਕ ਆਵਾਂ। ਲੋਕ ਕਹਿੰਦੇ ਹਨ ਕਿ ਗੁਰੂ ਘਰ ਜਾਣ ਨਾਲ ਮਨ ਸ਼ਾਤ ਹੁੰਦਾ ਹੈ। ਬਸ ਟੁੱਟੇ ਹੋਏ ਮਨ ਜੇ ਨਾਲ ਆ ਕੇ ਮੈਂ ਗੁਰਦੁਆਰਾ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ। ਅਰਦਾਸ ਕੀਤੀ। ਪ੍ਰਸਾਦ ਲਿਆ ਅਤੇ ਸੇਵਾਦਾਰ ਨੂੰ ਪੁੱਛਿਆ, “ਭੈਣ ਜੀ ਹੈਗੇ ਆ”। ਉਹਨਾਂ ਛੱਤ ਵੱਲ ਇਸ਼ਾਰਾ ਕਰਦੇ ਹੋਏ ਦੱਸਿਆ ਕਿ ਬੀਬਾ ਜੀ ਸ਼ਾਇਦ ਉਪਰ ਧੁੱਪੇ ਬੈਠੇ ਹੋਣ। ਮੈਂ ਲੜਖੜਾਉਂਦੇ ਹ’ਏ ਕਦਮਾਂ ਨਾਲ ਪੌੜੀਆਂ ਚੜ੍ਹ ਕੇ ਤੁਹਾਡੇ ਕੋਲ ਆ ਗਈ। ਆ ਕੇ ਤੁਹਾਨੂੰ ਦੇਖਿਆ ਤੇ ਬਸ ਦੇਖਦੀ ਹੀ ਰਹਿ ਗਈ। ਤੁਹਾਡੇ ਖਿੜੇ ਹੋਏ ਸ਼ਾਤ ਚਿਹਰੇ ਨੂੰ ਦੇਖ ਕੇ ਮੈਂ ਬੇਹੱਦ ਪ੍ਰਭਾਵਿਤ ਹੋਈ। ਮੈਂ ਕਾਫ਼ੀ ਸਮਾਂ ਲਗਾਤਾਰ ਤੁਹਾਡੇ ਚਿਹਰੇ ਨੂੰ ਦੇਖਿਆ। ਇਜ਼ਾਜ਼ਤ ਲੈ ਕੇ ਮੈਂ ਸਿੱਧੀ ਘਰ ਪਹੁੰਚੀ। ਜਾਣ ਸਾਰ ਮੈਂ ਸਰੇ ਘਰ ਨੂੰ ਹੂੰਝਿਆ—ਸੰਵਾਰਿਆ ਪੂਰੇ ਘਰ ਨੂੰ ਸਾਫ਼ ਕਰਕੇ ਮੈਂ ਇਸਨਾਨ ਕੀਤਾ। ਅੱਜ ਮੈਂ ਪੂਰੀ ਰੀਝ ਨਾਲ ਖਾਣਾ ਬਣਾਇਆ। ਕਾਫ਼ੀ ਸਮੇਂ ਤੋਂ ਅਲੱਗ ਹੋ ਚੁੱਕੇ ਪਤੀ ਨੂੰ ਫੋਨ ਕੀਤਾ। ਉਸਦੇ ਗੁਨਾਹਾਂ ਨੂੰ ਮੁਆਫ਼ ਕੀਤਾ ਅਤੇ ਫਿਰ ਆਪ ਮੁਆਫ਼ੀ ਮੰਗੀ। ਪਤੀ ਨੂੰ ਕਿਹਾ ਜ਼ੋ ਹੋ ਗਿਆ ਸੋ ਹੋ ਗਿਆ। ਅੱਜ ਤੋਂ ਬਾਅਦ ਆਪਾਂ ਦੋਵੇ ਆਪਣੇ ਬੱਚਿਆਂ ਨਾਲ ਇਕੱਠੇ ਰਹਾਂਗੇ। ਨਿੱਕੇ—ਮੋਟੇ ਝਗੜੇ ਤਾਂ ਸਾਰੀ ਦੁਨੀਆਂ ਦੇ ਹੀ ਹੁੰਦੇ ਹਨ ਪਰ ਇਹਨਾਂ ਦੀ ਪਰਵਾਹ ਕੀਤੇ ਬਗੈਰ ਜਿੰਦਗੀ ਨੂੰ ਨਵੇਂ ਸਿਰਿਉ ਸੋਹਣੇ ਢੰਗ ਨਾਲ ਗੁਜਾਰਾਂਗੇ। ਹਮੇਸ਼ਾ ਇੱਕ ਦੂਜੇ ਦਾ ਸਾਥ ਦੇਵਾਂਗੇ। ਬੱਚਿਆਂ ਨੂੰ ਪੜ੍ਹਾਂਗੇ—ਲਿਖਾਵਾਂਗੇ। ਸੋਹਣੇ ਢੰਗ ਨਾਲ ਜੀਵਨ ਬਤੀਤ ਕਰਾਂਗੇ। ਮੇਰੇ ਮੂੰਹੋ ਇਹ ਸ਼ਬਦ ਸੁਣ ਕੇ ਮੇਰੇ ਪਤੀ ਨੇ ਵੀ ਆਪਣੇ ਅੰਦਰ ਝਾਤੀ ਮਾਰੀ। ਮੈਨੂੰ ਜਾਪਿਆ ਜਿਵੇਂ ਉਸਨੇ ਵੀ ਆਪਣੀਆਂ ਗਲਤੀਆਂ ਨੂੰ ਸਵੀਕਾਰ ਕਰ ਲਿਆ ਹੋਵੇ। ਉਹਨਾਂ ਨੇ ਤੁਰੰਤ ਖੁਸ਼ੀ ਖੁਸ਼ਗ ਸਾਡੇ ਕੋਲ ਆਉਣ ਲਈ ਹਾਂ ਕਰ ਦਿੱਤੀ। ਉਸ ਰਾਤ ਅਸੀਂ ਆਪਣੇ ਬੱਚਿਆਂ ਨਾਲ ਅਨੰਦ ‘ਚ ਖਾਣਾ ਖਾਧਾ। ਅਗਲੀ ਸਵੇਰ ਉਹ ਸਾਨੂੰ ਆਪਣੇ ਨਾਲ ਘਰ ਲੈ ਆਏ।
ਬਸ ਭੈਣ ਜੀ, ਉਹ ਦਿਨ ਜਾਵੇ ਅਤੇ ਅੱਜ ਦਾ ਆਵੇ, ਮੇਰਾ ਘਰ ਵੀ ਸਵਰਗ ਬਣ ਗਿਆ। ਤੁਹਾਡੇ ਚਿਹਰੇ ਦੀ ਬਦੌਲਤ ਮੇਰੇ ਅਤੇ ਮੇਰੇ ਪਰਿਵਾਰ ਦੇ ਚਿਹਰੇ ਉੱਪਰ ਵੀ ਖੇੜਾ ਆ ਗਿਆ। ਇਸ ਕਰਕੇ ਅੱਜ ਮੈਂ ਇੱਕ ਸੁੰਦਰ ਗੁਲਾਬੀ ਰੰਗ ਦਾ ਦੁਪੱਟਾ ਤੋਹਫ਼ੇ ਦੇ ਰੂਪ ‘ਚ ਤੁਹਾਡੇ ਲਈ ਲੈ ਕੇ ਆਈ ਹਾਂ। ਕ੍ਰਿਪਾ ਕਰਕੇ ਇਸਨੂੰ ਸਵੀਕਾਰ ਕਰੋ। ਇਹਨਾਂ ਕਹਿ ਉਸਨੇ ਲਿਫ਼ਾਫੇ ਵਿਚੋਂ ਉਹ ਸੁੰਦਰ ਦੁੱਪਟਾ ਕੱਢ ਕੇ ਮੇਰੇ ਵੱਲ ਵਧਾਇਆ। ਮੈਂ ਮੁਸਕਰਾਉਂਦੇ ਹੋਏ ਉਸਦਾ ਤਹਿ ਦਿਲੋਂ ਧੰਨਵਾਦ ਕੀਤਾ। ਢਲਦੀ ਹੋਈ ਸ਼ਾਮ ਦੀਆਂ ਸੁਨਹਿਰੀ ਕਿਰਨਾਂ ਨੂੰ ਦੇਖ ਉਹ ਬੋਲੀ, ਭੈਣ ਜੀ ਹੁਣ ਮੈਨੂੰ ਇਜ਼ਾਜ਼ਤ ਦਿਓ। ਆਪਣੇ ਘਰ ਜਾਣ ਲਈ ਉਹ ਖੜੀ ਹੋ ਗਈ। ਮੈਂ ਉਸਨੂੰ ਦਰਵਾਜੇ ਤੱਕ ਛੱਡਣ ਲਈ ਉਸ ਦੇ ਨਾਲ ਹੀ ਪੌੜੀਆਂ ਉੱਤਰ ਆਈ।
ਉਸਨੇ ਮੁਸਕਰਾਉਂਦੇ ਹੋਏ ਵਿਦਾ ਲਈ ਅਤੇ ਗੇਟੋਂ ਬਾਹਰ ਹੋ ਗਈ। ਉਸ ਨੂੰ ਜਾਂਦਿਆਂ ਦੇਖ ਮੈਂ ਉਸਦੇ ਅਤੀਤ ਦੇ ਦਰਦ ਵਿਚ ਗੁਆਚਣ ਲੱਗੀ।
ਲੇਖਕ : ਕਰਮਜੀਤ ਕੌਰ (ਮੁਕਤਸਰ)
ਮੋ : 89685 94379

