ਖ਼ੁਸ਼ਵੰਤ ਸਿੰਘ ਇਕੋ ਸਮੇਂ ਗਲਪਕਾਰ, ਪੱਤਰਕਾਰ ਤੇ ਇਤਿਹਾਸਕਾਰ ਸਨ। ਉਨ੍ਹਾਂ ਨੇ ਮੁੱਖ ਤੌਰ ’ਤੇ ਅੰਗਰੇਜ਼ੀ ਵਿਚ ਹੀ ਲਿਖਿਆ, ਪਰ ਉਨ੍ਹਾਂ ਦੀਆਂ ਕਿਤਾਬਾਂ ਦੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿਚ ਅਨੁਵਾਦ ਵੀ ਮਿਲਦੇ ਹਨ। ਖ਼ੁਸ਼ਵੰਤ ਸਿੰਘ ਦਾ ਮੁੱਢਲਾ ਨਾਂ ਖ਼ੁਸ਼ਹਾਲ ਸਿੰਘ ਸੀ ਤੇ ਉਨ੍ਹਾਂ ਦੀ ਦਾਦੀ ਲਕਸ਼ਮੀ ਬਾਈ ਉਨ੍ਹਾਂ ਨੂੰ ‘ਸ਼ਾਲੀ’ ਕਹਿ ਕੇ ਬੁਲਾਉਂਦੀ ਸੀ। ਸਕੂਲ ਵਿਚ ਜਮਾਤੀ ਅਕਸਰ ਉਨ੍ਹਾਂ ਨੂੰ ਇਸੇ ਨਾਂ ਨਾਲ ਛੇੜਦੇ- “ਸ਼ਾਲੀ ਸ਼ੂਲੀ ਬਾਗ ਦੀ ਮੂਲੀ…” ਪਰ ਫਿਰ ਉਨ੍ਹਾਂ ਨੇ ਆਪਣੇ- ਆਪ ਹੀ ਇਹ ਨਾਂ ਬਦਲ ਲਿਆ ਤੇ ਆਪਣਾ ਨਾਂ ਵੱਡੇ ਭਰਾ ਭਗਵੰਤ ਸਿੰਘ ਨਾਲ ਮਿਲਦਾ-ਜੁਲਦਾ ‘ਖ਼ੁਸ਼ਵੰਤ ਸਿੰਘ’ ਰੱਖ ਲਿਆ।
ਖ਼ੁਸ਼ਵੰਤ ਸਿੰਘ ਦਾ ਜਨਮ ਪਿਤਾ ਸਰ ਸੋਭਾ ਸਿੰਘ ਦੇ ਘਰ ਮਾਂ ਵੀਰਾਂ ਬਾਈ ਦੀ ਕੁੱਖੋਂ 2 ਫਰਵਰੀ 1915 ਨੂੰ ਹਦਾਲੀ, ਜ਼ਿਲਾ ਖੁਸ਼ਹਾਲ (ਪਾਕਿਸਤਾਨ) ਵਿਚ ਹੋਇਆ। ਉਨ੍ਹਾਂ ਨੇ ਸਕੂਲ ਦੀ ਪੜ੍ਹਾਈ ਮਾਡਰਨ ਹਾਈ ਸਕੂਲ, ਦਿੱਲੀ ਤੋਂ ਹਾਸਲ ਕੀਤੀ। ਇਥੇ ਹੀ ਉਨ੍ਹਾਂ ਦਾ ਮੇਲ ਕਮਲ ਮਲਿਕ ਨਾਲ ਹੋਇਆ, ਜੋ ਪਿੱਛੋਂ ਉਨ੍ਹਾਂ ਨੂੰ ਕਿੰਗਜ਼ ਕਾਲਜ ਲੰਡਨ ਵਿਚ ਮਿਲੀ ਤੇ ਬਾਅਦ ਵਿਚ ਦੋਹਾਂ ਦੀ ਸ਼ਾਦੀ ਹੋ ਗਈ। ਖ਼ੁਸ਼ਵੰਤ ਨੇ ਆਪਣੀ ਉਚੇਰੀ ਪੜ੍ਹਾਈ ਗੌਰਮਿੰਟ ਕਾਲਜ ਲਾਹੌਰ; ਵਕਾਲਤ ਦੀ ਪੜ੍ਹਾਈ ਕਿੰਗਜ਼ ਕਾਲਜ ਲੰਡਨ ਤੇ ਸੇਂਟ ਸਟੀਫ਼ਨ ਕਾਲਜ ਦਿੱਲੀ ਤੋਂ ਕੀਤੀ।
ਉਨ੍ਹਾਂ ਦਾ ਚਾਚਾ ਉੱਜਲ ਸਿੰਘ ਪੰਜਾਬ ਅਤੇ ਤਾਮਿਲਨਾਡੂ ਦਾ ਗਵਰਨਰ ਰਹਿ ਚੁੱਕਾ ਹੈ। ਉਨ੍ਹਾਂ ਦੇ ਦੋ ਬੱਚੇ ਹਨ- ਬੇਟਾ ਰਾਹੁਲ ਸਿੰਘ ਅਤੇ ਬੇਟੀ ਮਾਲਾ ਸਿੰਘ। ਹਿੰਦੀ ਫਿਲਮ-ਅਭਿਨੇਤਰੀ ਅੰਮ੍ਰਿਤਾ ਸਿੰਘ ਉਨ੍ਹਾਂ ਦੇ ਭਰਾ ਦਲਜੀਤ ਸਿੰਘ ਦੇ ਲੜਕੇ/ਨੂੰਹ ਸ਼ਵਿੰਦਰ ਸਿੰਘ/ਰੁਖ਼ਸਾਨਾ ਸੁਲਤਾਨਾ ਦੀ ਧੀ ਹੈ। ਉਨ੍ਹਾਂ ਦੀ ਪੜ-ਭਤੀਜੀ ਟਿਸਕਾ ਚੋਪੜਾ ਵੀ ਇਕ ਜਾਣੀ-ਪਛਾਣੀ ਟੀ.ਵੀ. ਅਭਿਨੇਤਰੀ ਹੈ।
ਆਪਣੇ ਮੁੱਢਲੇ ਨਾਂ ਮੁਤਾਬਿਕ ਖ਼ੁਸ਼ਵੰਤ ਦਾ ਪਰਿਵਾਰ ਇਕ ਖ਼ੁਸ਼ਹਾਲ ਪਰਿਵਾਰ ਸੀ। ਉਨ੍ਹਾਂ ਦੇ ਪਿਤਾ ਜੀ ਇਕ ਠੇਕੇਦਾਰ ਅਤੇ ਬਿਲਡਰ ਸਨ। 1945 ਵਿਚ ਉਨਾਂ ਦੇ ਪਿਤਾ ਨੇ ਦਾਦੇ ਦੇ ਨਾਂ ‘ਤੇ ਦਿੱਲੀ ਵਿਚ ‘ਸੁਜਾਨ ਸਿੰਘ ਪਾਰਕ’ ਨਾਂ ਦੀ ਕਾਲੋਨੀ ਬਣਾਈ, ਜੋ ਖ਼ਾਨ ਮਾਰਕੀਟ ਦੇ ਨੇੜੇ ਹੈ। ਇਥੇ ਹੀ ਖ਼ੁਸ਼ਵੰਤ ਸਿੰਘ ਨੇ ਆਪਣੀ ਪੂਰੀ ਜ਼ਿੰਦਗੀ ਬਿਤਾਈ।
ਖ਼ੁਸ਼ਵੰਤ ਸਿੰਘ ਨੇ ਮੁੱਖ ਤੌਰ ‘ਤੇ ਹੇਠ ਲਿਖੇ ਕਾਰਜ ਕੀਤੇ:
* 1939-47 ਦੌਰਾਨ ਉਹ ਹਾਈਕੋਰਟ ਲਾਹੌਰ ਵਿਚ ਵਕੀਲ ਰਹੇ।
* 1947-51 ਦੌਰਾਨ ਉਨ੍ਹਾਂ ਨੇ ਆਜ਼ਾਦ ਭਾਰਤ ਵਿਚ ਇਕ ਅੰਬੈਸਡਰ ਵਜੋਂ ਟੋਰਾਂਟੋ (ਕੈਨੇਡਾ) ਅਤੇ ਓਟਾਵਾ (ਲੰਡਨ) ਵਿਖੇ ਕੰਮ ਕੀਤਾ।
* 1951 ਵਿਚ ਉਨ੍ਹਾਂ ਨੇ ਆਲ ਇੰਡੀਆ ਰੇਡੀਓ ਤੋਂ ਇਕ ਪੱਤਰਕਾਰ ਵਜੋਂ ਕਰੀਅਰ ਸ਼ੁਰੂ ਕੀਤਾ।
* 1951-53 ਦੌਰਾਨ ਉਹ ‘ਯੋਜਨਾ’ (ਭਾਰਤ ਸਰਕਾਰ) ਪੱਤ੍ਰਿਕਾ ਦੇ ਸੰਸਥਾਪਕ ਤੇ ਸੰਪਾਦਕ ਬਣੇ।
* 1956 ਵਿਚ ਉਨ੍ਹਾਂ ਨੇ ਪੈਰਿਸ ਵਿਖੇ ‘ਯੂਨੈਸਕੋ’ ਦੇ ਲੋਕ ਸੰਪਰਕ ਵਿਭਾਗ ਵਿਚ ਕੰਮ ਕੀਤਾ।
* 1969-78 ਦੌਰਾਨ ਉਹ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ, ਬਾਂਬੇ ਦੇ ਸੰਪਾਦਕ ਰਹੇ।
* 1978-79 ਦੌਰਾਨ ਉਨ੍ਹਾਂ ਨੇ ਨੈਸ਼ਨਲ ਹੈਰਾਲਡ, ਨਵੀਂ ਦਿੱਲੀ ਦੇ ਮੁੱਖ ਸੰਪਾਦਕ ਵਜੋਂ ਕੰਮ ਕੀਤਾ। ਉਨ੍ਹਾਂ ਦੇ ਕਾਰਜਕਾਲ ਦੌਰਾਨ ਇਲਸਟ੍ਰੇਟਿਡ ਵੀਕਲੀ ਦੀ ਛਪਣ ਗਿਣਤੀ 65,000 ਤੋਂ ਵਧ ਕੇ 40,00,00 ਹੋ ਗਈ।
ਕਿਤਾਬਾਂ ਦੀ ਰਚਨਾ
ਖ਼ੁਸ਼ਵੰਤ ਸਿੰਘ ਨੇ ਗਲਪ ਅਤੇ ਇਤਿਹਾਸ ਵਿਚ ਬਹੁਤ ਸਾਰੀਆਂ ਕਿਤਾਬਾਂ ਦੀ ਰਚਨਾ ਕੀਤੀ। ਉਨ੍ਹਾਂ ਦੀਆਂ ਪ੍ਰਤੀਨਿਧ ਕਿਤਾਬਾਂ ਵਿਚ ‘ਟ੍ਰੇਨ ਟੂ ਪਾਕਿਸਤਾਨ’ (ਨਾਵਲ) ਸ਼ਾਮਲ ਹੈ, ਜਿਸ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਤੇ 1954 ਵਿਚ ‘ਗਰੁਵ ਪ੍ਰੈੱਸ ਅਵਾਰਡ’ ਮਿਲਿਆ।
ਇਸ ਨਾਵਲ ਵਿਚ 1947 ਦੀ ਭਾਰਤ-ਪਾਕਿ ਵੰਡ ਦੇ ਦਰਦਨਾਕ ਬਿਆਨ ਨੂੰ ਚਿੱਤਰਿਆ ਗਿਆ ਹੈ। ਇਸ ਨਾਵਲ ਉੱਤੇ 1998 ਵਿਚ ਫਿਲਮ ਵੀ ਬਣ ਚੁੱਕੀ ਹੈ। ਉਨ੍ਹਾਂ ਦੀ ਇਕ ਹੋਰ ਕਿਤਾਬ ਹੈ-‘ਵਾਈ ਆਈ ਸਪੋਰਟ ਐਮਰਜੈਂਸੀ’, ਜਿਸ ਵਿਚ ਭਾਰਤ ਦੀ ਐਮਰਜੈਂਸੀ ਬਾਰੇ ਲਿਖੇ ਵੱਖੋ-ਵੱਖਰੇ ਨਿਬੰਧ ਹਨ। ਨਾਵਲ ਵਜੋਂ ਚਰਚਿਤ ਉਨ੍ਹਾਂ ਦੀ ਇਕ ਹੋਰ ਅੰਗਰੇਜ਼ੀ ਦੀ ਕਿਤਾਬ ਹੈ ‘ਦੇਹਲੀ’।
ਸਿੱਖ ਰਾਜ ਅਤੇ ਸਿੱਖ/ਭਾਰਤੀ ਇਤਿਹਾਸ ਸਬੰਧੀ ਵੀ ਉਨ੍ਹਾਂ ਦੀ ਪਕੜ ਕਾਫੀ ਮਜ਼ਬੂਤ ਸੀ। ਇਸ ਸਬੰਧੀ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਮਿਲਦੀਆਂ ਹਨ- ‘ਰਣਜੀਤ ਸਿੰਘ : ਦ ਮਹਾਰਾਜਾ ਆਫ ਪੰਜਾਬ’, ‘ਦ ਫਾਲ ਆਫ ਕਿੰਗਡਮ ਆਫ ਦ ਪੰਜਾਬ’, ‘ਗ਼ਦਰ 1915 : ਇੰਡੀਆ’ਜ਼ ਆਰਮਡ ਰੈਵੋਲੂਸ਼ਨ’, ‘ਇੰਡੀਆ : ਐਨ ਇੰਟ੍ਰੋਡਕਸ਼ਨ’, ‘ਦ ਹਿਸਟਰੀ ਆਫ ਦ ਸਿੱਖਜ਼’, ‘ਦ ਸਿੱਖਜ਼ ਟੂਡੇ’, ‘ਦ ਇਲਸਟ੍ਰੇਟਿਡ ਹਿਸਟਰੀ ਆਫ ਦ ਸਿੱਖਜ਼’ ਆਦਿ।
ਖ਼ੁਸ਼ਵੰਤ ਸਿੰਘ ਵੱਲੋਂ ਲਿਖੀਆਂ ਹੋਰ ਕਿਤਾਬਾਂ ਵਿਚ ‘ਆਈ ਸ਼ੈੱਲ ਨਾਟ ਹੀਅਰ ਦ ਨਾਈਟਿੰਗੇਲ’, ‘ਪੋਰਟਰੇਟ ਆਫ ਏ ਲੇਡੀ’, ‘ਟਰੁੱਥ, ਲਵ ਐਂਡ ਏ ਲਿਟਲ ਮੈਲਿਸ’, ‘ਸੈਕਸ, ਸਕਾਚ ਐਂਡ ਸਕਾਲਰਸ਼ਿਪ’, ‘ਇਨ ਦ ਕੰਪਨੀ ਆਫ ਵਿਮੈੱਨ’, ‘ਦ ਮਾਰਕ ਆਫ ਵਿਸ਼ਨੂੰ ਐਂਡ ਅਦਰ ਸਟੋਰੀਜ਼’, ‘ਦ ਵਾਇਸ ਆਫ ਗੌਡ ਐਂਡ ਅਦਰ ਸਟੋਰੀਜ਼, ‘ਏ ਬਰਾਈਡ ਫਾਰ ਦ ਸਾਹਿਬ ਐਂਡ ਅਦਰ ਸਟੋਰੀਜ਼’, ‘ਬਲੈਕ ਜੈਸਮੀਨ’, ਨੌਟ ਏ ਨਾਈਸ ਮੈਨ ਟੂ ਨੋਅ : ਦ ਬੈਸਟ ਆਫ ਖ਼ੁਸ਼ਵੰਤ ਸਿਘ’, ‘ਦ ਇੰਡੀਅਨਜ਼’, ‘ਵਿਮੈੱਨ ਐਂਡ ਮੈੱਨ ਇਨ ਮਾਈ ਲਾਈਫ’, ‘ਡਿਕਲੇਅਰਿੰਗ ਲਵ ਇਨ ਫੋਰ ਲੈਂਗੁਏਜਿਜ਼’ (ਸ਼ਾਰਦਾ ਕੌਸ਼ਿਕ ਨਾਲ ਮਿਲ ਕੇ), ‘ਵਿਦ ਮੈਲਿਸ ਟੁਵਾਰਡਜ਼ ਵਨ ਐਂਡ ਆਲ’, ‘ਦ ਐਂਡ ਆਫ ਇੰਡੀਆ’, ‘ਬਰੀਅਲ ਐਟ ਦ ਸੀ’, ‘ਪੈਰਾਡਾਈਜ਼ ਐਂਡ ਅਦਰ ਸਟੋਰੀਜ਼’, ‘ਡੈੱਥ ਐਟ ਮਾਈ ਡੋਰਸਟੈੱਪ’, ‘ਦ ਸਨਸੈੱਟ ਕਲੱਬ’, ‘ਐਗਨਾਸਟਿਕ ਖ਼ੁਸ਼ਵੰਤ : ਦਿਅਰ ਇਜ਼ ਨੋ ਗੌਡ’ ਆਦਿ ਸ਼ਾਮਿਲ ਹਨ। ‘
98 ਸਾਲ ਦੀ ਉਮਰ (ਅਕਤੂਬਰ 2013) ਵਿਚ ਲਿਖੀ ‘ਦ ਗੁੱਡ, ਦ ਬੈਡ ਐਂਡ ਦ ਰਿਡੀਕੁਲਸ’ (ਹੁਮਰਾ ਕੁਰੈਸ਼ੀ ਨਾਲ ਮਿਲ ਕੇ) ਉਨ੍ਹਾਂ ਦੀ ਆਖਰੀ ਕਿਤਾਬ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਲਿਖਣਾ ਬੰਦ ਕਰ ਦਿੱਤਾ ਸੀ।
ਖ਼ੁਸ਼ਵੰਤ ਸਿੰਘ ਨੂੰ ਮਿਲੇ ਕੁਝ ਇਕ ਪ੍ਰਮੁੱਖ ਸਨਮਾਨ/ਪੁਰਸਕਾਰ ਇਸ ਤਰ੍ਹਾਂ ਹਨ:
* 1974 ਵਿਚ ‘ਪਦਮਸ਼੍ਰੀ’, ਜੋ ਉਨ੍ਹਾਂ ਨੇ ਹਰਿਮੰਦਰ ਸਾਹਿਬ ‘ਤੇ ਹੋਏ ਭਾਰਤੀ ਫੌਜ ਦੇ ਹਮਲੇ ਦੇ ਰੋਸ ਵਜੋਂ 1984 ਵਿਚ ਵਾਪਸ ਕਰ ਦਿੱਤਾ ਸੀ।
* 1999 ਵਿਚ ਪੰਜਾਬ ਸਰਕਾਰ ਵਲੋਂ ਖਾਲਸਾ ਪੰਥ ਦੀ ਤ੍ਰੈ-ਸ਼ਤਾਬਦੀ ਮੌਕੇ ‘ਨਿਸ਼ਾਨੇ-ਖਾਲਸਾ’ ਪ੍ਰਦਾਨ ਕੀਤਾ ਗਿਆ।
* 2006 ਵਿਚ ਪੰਜਾਬ ਸਰਕਾਰ ਵੱਲੋਂ ‘ਪੰਜਾਬ ਰਤਨ’ ਅਵਾਰਡ ਦਿੱਤਾ ਗਿਆ।
* 2007 ‘ਚ ਭਾਰਤ ਸਰਕਾਰ ਵੱਲੋਂ ‘ਪਦਮ ਵਿਭੂਸ਼ਣ’ ਪ੍ਰਦਾਨ ਕੀਤਾ ਗਿਆ।
* 2008 ਵਿਚ ਪ੍ਰਤਿਭਾਸ਼ੀਲ ਲੇਖਨ ਲਈ ‘ਸੁਲਭ ਇੰਟਰਨੈਸ਼ਨਲ ਸੋਸ਼ਲ ਸਰਵਿਸ’ ਵਲੋਂ ‘ਆਨੈਸਟ ਮੈਨ ਆਫ ਦ ਯੀਅਰ ਅਵਾਰਡ’ ਦਿੱਤਾ ਗਿਆ।
* 2010 ਵਿਚ ਸਾਹਿਤ ਅਕਾਦਮੀ ਫੈਲੋਸ਼ਿਪ ਪ੍ਰਦਾਨ ਕੀਤੀ ਗਈ।
* 2012 ਵਿਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ‘ਅਖਿਲ ਭਾਰਤੀ ਘੱਟਗਿਣਤੀ ਫੋਰਮ ਵਾਰਸ਼ਿਕ ਫੈਲੋਸ਼ਿਪ ਅਵਾਰਡ’ ਪ੍ਰਦਾਨ ਕੀਤਾ।
* 2013 ਵਿਚ ਟਾਟਾ ਲਿਟਰੇਚਰ ਲਾਈਫ ਵਲੋਂ ‘ਲਾਈਫਟਾਈਮ ਅਚੀਵਮੈਂਟ ਅਵਾਰਡ’ ਪ੍ਰਦਾਨ ਕੀਤਾ ਗਿਆ।
* 2014 ਵਿਚ ਕਿੰਗਜ਼ ਕਾਲਜ, ਲੰਡਨ ਨੇ ਫੈਲੋ ਵਜੋਂ ਨਾਮਜ਼ਦ ਕੀਤਾ।
* 2016 ਵਿਚ (ਮੌਤ ਪਿੱਛੋਂ) ਉਨ੍ਹਾਂ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਸ਼ਾਮਲ ਕੀਤਾ ਗਿਆ।
20 ਮਾਰਚ 2014 ਨੂੰ ਦਿੱਲੀ ਵਿਖੇ ਆਪਣੇ ਨਿਵਾਸ ਸਥਾਨ ‘ਤੇ 99 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ 1943 ਵਿਚ ਹੀ ਆਪਣਾ ‘ਸ਼ੋਕ ਸੰਦੇਸ਼’ ਲਿਖ ਦਿੱਤਾ ਸੀ, ਇਕ ਕਹਾਣੀ ਦੇ ਰੂਪ ਵਿਚ, ਜਿਸ ਦਾ ਸਿਰਲੇਖ ਸੀ : ‘ਸਰਦਾਰ ਖ਼ੁਸ਼ਵੰਤ ਸਿੰਘ ਡੈੱਡ’ (ਖ਼ੁਸ਼ਵੰਤ ਸਿੰਘ ਦੀ ਮੌਤ), ਜਿਸ ਦਾ ਪੰਜਾਬੀ ਅਨੁਵਾਦ ਇਸ ਤਰ੍ਹਾਂ ਹੈ : “ਸਾਨੂੰ ਇਹ ਦੱਸਦਿਆਂ ਡੂੰਘਾ ਅਫਸੋਸ ਹੋ ਰਿਹਾ ਹੈ ਕਿ ਸਰਦਾਰ ਖ਼ੁਸ਼ਵੰਤ ਸਿੰਘ ਦਾ ਬੀਤੀ ਸ਼ਾਮ 6 ਵਜੇ ਦਿਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ ਜਵਾਨ ਵਿਧਵਾ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਉਹਦੇ ਘਰ ਅਫਸੋਸ ਪ੍ਰਗਟ ਕਰਨ ਵਾਲਿਆਂ ਵਿਚ ਚੀਫ ਜਸਟਿਸ ਦਾ ਪੀ. ਏ., ਬਹੁਤ ਸਾਰੇ ਮੰਤਰੀ ਅਤੇ ਹਾਈਕੋਰਟ ਦੇ ਬਹੁਤ ਸਾਰੇ ਵਕੀਲ ਸ਼ਾਮਲ ਸਨ।”
ਉਨ੍ਹਾਂ ਦਾ ਚਰਚਿਤ ਕਾਲਮ ‘ਨਾ ਕਾਹੂੰ ਸੇ ਦੋਸਤੀ, ਨਾ ਕਾਹੂੰ ਸੇ ਬੈਰ’ (‘ਵਿਦ ਮੈਲਿਸ ਟੁਵਾਰਡਜ਼ ਵਨ ਐਂਡ ਆਲ’) ਕਈ ਸਾਲਾਂ ਤੱਕ ਭਾਰਤ ਦੀਆਂ ਵੱਖ-ਵੱਖ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਹੁੰਦਾ ਰਿਹਾ। ਉਨ੍ਹਾਂ ਨੇ ਆਪਣੇ ਵਿਅੰਗ ਲੇਖਨ ਦੇ ਮਾਧਿਅਮ ਰਾਹੀਂ ਪਾਠਕਾਂ ਦਾ ਭਰਪੂਰ ਮਨੋਰੰਜਨ ਕੀਤਾ। ਉਹ ਖ਼ੁਦ ‘ਤੇ ਵਿਅੰਗ ਕਰਨ ਵਾਲੇ ਇਕ ਜ਼ਿੰਦਾਦਿਲ ਭਾਰਤੀ ਲੇਖਕ ਸਨ।
ਭਾਰਤੀ ਲੇਖਕਾਂ ਤੇ ਪੱਤਰਕਾਰਾਂ ‘ਚੋਂ ਸਭ ਤੋਂ ਮੂਹਰੇ ਰਹਿਣ ਵਾਲੇ ਖ਼ੁਸ਼ਵੰਤ ਸਿੰਘ ਅੰਗਰੇਜ਼ੀ ਭਾਸ਼ਾ ਦੇ ਇਕ ਪ੍ਰਸਿੱਧ ਉੱਤਰ-ਬਸਤੀਵਾਦੀ ਲੇਖਕ ਸਨ, ਜੋ ਇਕ ਧਰਮ-ਨਿਰਪੱਖ ਪਰ ਮਜ਼ਾਕੀਆ ਸਾਹਿਤਕਾਰ ਸਨ।
ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)