ਇੱਥੇ ਹੜ੍ਹ ਨਸ਼ਿਆਂ ਦਾ ਆਇਆ ਏ,
ਉਹ ਗਿਣਤੀ ਵਿੱਚ ਬਹੁਤ ਥੋੜ੍ਹੇ ਨੇ
ਜਿਨ੍ਹਾਂ ਖ਼ੁਦ ਨੂੰ ਇਸ ਤੋਂ ਬਚਾਇਆ ਏ।
ਦਵਾਈਆਂ ‘ਚ ਜ਼ਹਿਰ ਮਿਲਾਈ ਜਾਂਦੇ ਨੇ,
ਤੰਦਰੁਸਤੀ ਭਾਲਦੇ ਮਰੀਜ਼ਾਂ ਨੂੰ
ਰੱਬ ਕੋਲ ਪਹੁੰਚਾਈ ਜਾਂਦੇ ਨੇ।
ਧਰਮ ਦੇ ਨਾਂ ਤੇ ਦੁਕਾਨਾਂ ਪਾਈਆਂ ਨੇ,
ਲੋਕਾਂ ਨੇ ਬਾਬਿਆਂ ਪਿੱਛੇ ਲੱਗ ਕੇ
ਆਪਣੀਆਂ ਲੁਟਾ ਦਿੱਤੀਆਂ ਕਮਾਈਆਂ ਨੇ।
ਕੋਈ ਕੱਲਾ ਬਾਹਰ ਜਾ ਸਕਦਾ ਨਹੀਂ,
ਜੇ ਕੋਈ ਕੱਲਾ ਬਾਹਰ ਚਲਾ ਜਾਵੇ
ਉਹ ਬਾਹਰੋਂ ਸਾਬਤ ਆ ਸਕਦਾ ਨਹੀਂ।
ਇੱਥੇ ਕਾਤਲ ਸ਼ਰੇਆਮ ਫਿਰਦੇ ਨੇ,
ਜਿਨ੍ਹਾਂ ਨੇ ਕੁਝ ਨਹੀਂ ਕੀਤਾ ਹੁੰਦਾ
ਉਹ ਜੇਲ੍ਹਾਂ ਦੇ ਵਿੱਚ ਸੜਦੇ ਨੇ।
ਮਹਿੰਗਾਈ ਤੋਂ ਲੋਕ ਡਾਢੇ ਦੁਖੀ ਨੇ,
ਮਹਿਲਾਂ ‘ਚ ਰਹਿਣ ਵਾਲਿਆਂ ਨੂੰ
ਉਹ ਲੱਗਦੇ ਬੜੇ ਸੁਖੀ ਨੇ।
ਇੱਥੇ ਨੇਤਾਵਾਂ ਦੀਆਂ ਪੌਂ ਬਾਰਾਂ ਨੇ,
ਜਿਨ੍ਹਾਂ ਦੇ ਕੋਲ ਪਹਿਲਾਂ ਸਾਈਕਲ ਸਨ
ਉਨ੍ਹਾਂ ਕੋਲ ਹੁਣ ਸੈਵਨ ਸੀਟਰ ਕਾਰਾਂ ਨੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554