ਅੱਜ਼ ਤੱਕ ਅਕਾਲੀ, ਕਾਂਗਰਸ ਅਤੇ ਆਪ ਸਰਕਾਰ ਵਿਚੋ ਕਿਸੇ ਸਰਕਾਰ ਨੇ ਨਹੀਂ ਕੀਤਾ ਪੱਕਾ
ਸਰਕਾਰਾਂ ਆਉਂਦੀਆਂ ਹਨ ਸਰਕਾਰਾਂ ਚਲੀਆਂ ਜਾਂਦੀਆਂ ਹਨ ਪਰ ਕੱਚੇ ਮੁਲਾਜ਼ਮ ਪਿਛਲੇ15 ਸਾਲ ਤੋਂ ਕੱਚੇ ਹੀ ਹਨ। ਸਰਕਾਰਾਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਲੋਕਾਂ ਅਤੇ ਮੁਲਾਜ਼ਮਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਵੀ ਕਰ ਲੈਂਦੀਆਂ ਹਨ ਪਰ ਜਦੋਂ ਸਰਕਾਰ ਸੱਤਾ ਵਿੱਚ ਆ ਜਾਂਦੀ ਹੈ ਤਾਂ ਸਭ ਵਾਅਦੇ ਭੁੱਲ ਜਾਂਦੇ ਹਨ ਫਿਰ ਤੂੰ ਕੋਣ ਤੇ ਮੈਂ ਕੋਣ। ਇਸੇ ਗੱਲ ਦਾ ਸੰਤਾਪ ਹੰਢਾ ਰਹੇ ਹਨ ਸਿੱਖਿਆ ਵਿਭਾਗ ਪੰਜਾਬ ਅਧੀਨ ਕੰਮ ਕਰਦੇ ਵੱਖ ਵੱਖ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਲੈਬ ਅਟੈਡਟ ਅਤੇ ਸਟੇਟ, ਜ਼ਿਲ੍ਹਾ ਅਤੇ ਬਲਾਕ ਪੱਧਰ ਤੇ ਕੰਮ ਕਰਦੇ ਦਫ਼ਤਰੀ ਕਰਮਚਾਰੀ।ਇਹ ਸਿੱਖਿਆ ਵਿਭਾਗ ਦੇ ਨਾਨ ਟੀਚਿੰਗ ਕਰਮਚਾਰੀਆਂ ਨਾਲ ਆਪ ਸਰਕਾਰ ਨੇ ਵੀ ਸਰਕਾਰ ਬਨਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਤੁਸੀਂ ਸਾਡੀ ਸਰਕਾਰ ਬਣਾਉ, ਸਰਕਾਰ ਬਨਣ ਤੋਂ ਤੁਰੰਤ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿੱਚ ਤੁਹਾਨੂੰ ਪੱਕਾ ਕਰ ਦਿੱਤਾ ਜਾਵੇਗਾ। ਸਰਕਾਰ ਬਨਣ ਤੋਂ 3 ਸਾਲ ਬਾਅਦ ਵੀ ਅੱਜ਼ ਤੱਕ ਸਿੱਖਿਆ ਵਿਭਾਗ ਪੰਜਾਬ ਦਾ ਇੱਕ ਵੀ ਨਾਨ ਟੀਚਿੰਗ ਕਰਮਚਾਰੀ ਪੱਕਾ ਨਹੀਂ ਕੀਤਾ ਗਿਆ ਸਿਰਫ਼ ਲਾਰੇ ਹੀ ਲਗਾਏ ਜਾ ਰਹੇ ਹਨ। ਬਹੁਤ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਿੱਖਿਆ ਵਿਭਾਗ ਪੰਜਾਬ ਅਧੀਨ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਰਮਸਾ ਲੈਬ ਅਟੈਡਟਾਂ ਨੂੰ ਪਿਛਲੇ 12 ਸਾਲਾਂ ਤੋਂ ਕਿਸੇ ਵੀ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ 1 ਰੁਪਏ ਦਾ ਵੀ ਤਨਖਾਹ ਵਾਧਾ ਨਹੀਂ ਕੀਤਾ ਗਿਆ ਜ਼ੋ ਕਿ ਬਹੁਤ ਹੀ ਨਿਰਾਸ਼ਜਨਕ ਹੈ। ਮੰਤਰੀਆਂ ਅਤੇ ਵਿਧਾਇਕਾਂ ਦੀਆਂ ਤਨਖ਼ਾਹਾਂ ਵਿੱਚ ਪਿਛਲੇ 12 ਸਾਲਾਂ ਤੋਂ ਕਈ ਵਾਰ ਵਾਧਾ ਹੋ ਚੁੱਕਿਆ ਹੈ ਪਰ ਮੁਲਾਜ਼ਮਾਂ ਨੂੰ ਜਾਣਬੁੱਝ ਕੇ ਅਣਗੋਲਿਆਂ ਕੀਤਾ ਜਾ ਰਿਹਾ ਹੈ।12 ਸਾਲਾਂ ਵਿੱਚ ਪਟਰੋਲ , ਡੀਜ਼ਲ, ਕਰਿਆਨਾ , ਅਤੇ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤੂਆਂ ਦੀਆਂ ਕੀਮਤਾਂ ਕਿੰਨੇ ਗੁਣਾਂ ਵੱਧ ਗਈਆ ਹਨ ਪਰ ਨਹੀਂ ਵਧੀ ਤਾਂ ਰਮਸਾ ਲੈਬ ਅਟੈਡਟਾਂ ਦੀ 12 ਸਾਲਾਂ ਤੋਂ 1 ਰੁਪਏ ਵੀ ਤਨਖਾਹ ਨਹੀਂ ਵਧੀ। ਲੈਬ ਅਟੈਡਟਾ ਦੇ ਇਸ ਸਭ ਆਰਥਿਕ ਸ਼ੋਸਣ ਲਈ ਹਰੇਕ ਸਰਕਾਰ ਜ਼ਿੰਮੇਵਾਰ ਹੈ ਚਾਹੇ ਉਹ ਪਹਿਲਾਂ ਰਹਿ ਚੁੱਕੀ ਅਕਾਲੀ ਸਰਕਾਰ, ਕਾਂਗਰਸ ਸਰਕਾਰ ਜਾਂ ਹੁਣ ਚੱਲ ਰਹੀ ਮੋਜੂਦਾ ਆਪ ਸਰਕਾਰ ਹੋਵੇ। ਪੰਜਾਬ ਸਰਕਾਰ ਅਧੀਨ ਕੰਮ ਕਰਦੇ ਹਰ ਰੈਗੂਲਰ ਮੁਲਾਜ਼ਮ ਨੂੰ ਹਰ ਸਾਲ ਤਨਖਾਹ ਵਿੱਚ 3% ਵਾਧਾ ਕੀਤਾ ਜਾਂਦਾ ਹੈ,ਇਸ ਤੋਂ ਇਲਾਵਾ ਡੀ.ਏ ਦਿੱਤਾ ਜਾਂਦਾ ਹੈ, ਮੈਡੀਕਲ ਰਿਬਰਸਮੈਟ ਦਾ ਲਾਭ ਮਿਲਦਾ ਹੈ,ਪੇ ਕਮਿਸ਼ਨ ਦਾ ਲਾਭ ਮਿਲਦਾ ਹੈ ਅਤੇ ਇਸ ਤੋਂ ਇਲਾਵਾ ਤਰੱਕੀ ਦਾ ਲਾਭ ਵੀ ਮਿਲਦਾ ਹੈ ਪਰ ਪੰਜਾਬ ਦੇ ਸਰਕਾਰ ਦੇ ਕੱਚੇ ਮੁਲਾਜ਼ਮਾਂ ਨੂੰ ਇਹਨਾਂ ਲਾਭਾ ਵਿਚੋਂ ਇਕ ਵੀ ਲਾਭ ਨਹੀਂ ਮਿਲਦਾ ਸਿਰਫ਼ ਉੱਕਾ ਪੁੱਕਾ ਤਨਖਾਹ ਹੀ ਮਿਲਦੀ ਹੈ ਜ਼ੋ ਕਿ ਬਹੁਤ ਵੱਡੀ ਨਾ ਇਨਸਾਫੀ ਹੈ। ਕੱਚੇ ਮੁਲਾਜ਼ਮਾਂ ਦੀ ਤਨਖਾਹ ਪੱਕੇ ਮੁਲਾਜ਼ਮਾਂ ਦੇ ਮੁਕਾਬਲੇ ਦੋ ਗੁਣਾਂ ਘੱਟ ਹੈ ਜਦਕਿ ਕੰਮ ਕੱਚੇ ਅਤੇ ਪੱਕੇ ਮੁਲਾਜ਼ਮਾਂ ਵੱਲੋਂ ਇਕੋ ਤਰ੍ਹਾਂ ਹੀ ਕੀਤਾ ਜਾਂਦਾ ਹੈ ਇਸ ਲਈ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਸਿੱਖਿਆ ਵਿਭਾਗ ਪੰਜਾਬ ਦੇ ਕੱਚੇ ਨਾਨ ਟੀਚਿੰਗ ਮੁਲਾਜ਼ਮਾਂ ਨੂੰ ਤੁਰੰਤ ਸਾਰੇ ਲਾਭ ਦੇ ਕੇ ਪੱਕਾ ਕੀਤਾ ਜਾਵੇ।

ਸੰਦੀਪ ਕੰਬੋਜ
ਪ੍ਰਧਾਨ
ਐਂਟੀ ਕਰੱਪਸ਼ਨ ਬਿਊਰੋ ਇੰਡੀਆ,ਗੁਰੂਹਰਸਹਾਏ
ਸੰਪਰਕ ਨੰਬਰ – 9859400002

