ਵਿਸਾਖੀ ਵਾਲੇ ਦਿਨ
ਗੁਰੁ ਦਸਵੇਂ ਕੌਤਿਕ ਵਰਤਾਇਆ
ਲੈ ਕੇ ਸੀਸ ਪੰਜ ਪਿਆਰਿਆਂ
ਖਾਲਸਾ ਪੰਥ ਸਜਾਇਆ।
ਇਹ ਆਲੌਕਿਕ ਨਜ਼ਾਰਾ
ਵੇਖ ਸੰਗਤ ਸੀਸ ਝੁਕਾਇਆ
ਇਕੋ ਬਾਟੇ ‘ਚ ਅੰਮ੍ਰਿਤ ਛਕਾ ਕੇ
ਜਾਤ ਪਾਤ ਦਾ ਭੇਦ ਮਿਟਾਇਆ।
ਨੀਚ ਜਾਤ ਨੂੰ ਗਲੇ ਲਗਾ ਕੇ
ਸਤਿਕਾਰ ਉਨ੍ਹਾਂ ਦਾ ਵਧਾਇਆ।
ਜੀਵਨ ਸਿੰਘ ਮਜ੍ਹਬੀ ਸਿੰਘ ਨੂੰ
ਕਲਗੀ ਲਾ ਸਤਿਕਾਰ ਦਿਵਾਇਆ।
ਸਮਾਜ ਅੰਦਰ ਸੀ ਕ੍ਰਾਂਤੀ ਦਾ
ਇਕ ਨਵਾਂ ਪੈਗ਼ਾਮ ਫੈਲਾਇਆ
ਪਰ ਚੌਥੀ ਸਦੀ ਆਉਣ ਤੇ ਵੀ
ਲੋਕਾਂ ਮਨ ਨਾ ਸਮਝਾਇਆ।
ਸਿੱਖੀ ਦੇ ਆਲੰਬਰਦਾਰਾਂ
ਹਊਮੇ ਆਪਣੀ ਨੂੰ ਪੱਠੇ ਪਾਇਆ
ਜਾਤ ਪਾਤਾਂ ਦੀਆਂ ਵੰਡੀਆਂ ਨੂੰ
ਨਵੇਂ ਸਿਰੇ ਤੋਂ ਰਚਾਇਆ।
ਜਾਤ ਪਾਤ ਦੇ ਨਾਲ ਜੋੜ ਕੇ
ਨੇਤਾਵਾਂ ਖੂਬ ਲੋਕਾਂ ਭਰਮਾਇਆ
ਸਰਕਾਰ ਸਾਡੀ ਨੇ ਪਹਿਲਾਂ ਹੀ
ਲੋਕਾਂ ਤੇ ਜਾਤ ਦਾ ਠੱਪਾ ਲਾਇਆ।
ਸਮਾਜ ਸਾਡੇ ਨੇ ਸਿੱਖੀ ਨੂੰ
ਵੱਖਰਾ ਹੀ ਰੂਪ ਬਣਾਇਆ
ਸੰਤ ਬਾਬਿਆਂ ਆਮ ਸਿੱਖ ਨੂੰ
ਉਲਝਣ ਤਾਣੀ ਵਿੱਚ ਪਾਇਆ।
ਹੱਕ ਹਕੂਕ ਦੀ ਖਾਣ ਵਾਲੇ ਨੂੰ
ਚਕਰਾਂ ਨਵੇਂ ਫਸਾਇਆ
ਅੱਗੇ ਵੱਧਣ ਤੋਂ ਰੋਕਣ ਲਈ
ਇਹ ਜਾਲ ਨਵਾਂ ਵਛਾਇਆ।
ਸਿੱਖੀ ਦੇ ਪਹਿਰੇਦਾਰੋ
ਅਜੇ ਵੀ ਸੋਚੋ ਤੇ ਵਿਚਾਰੋ
ਕਿਉਂ ਨਹੀਂ ਗੁਰੂ ਦੀ ਸੋਚ ਨੂੰ
ਸੱਚੇ ਦਿਲੋਂ ਅਸਾਂ ਅਪਣਾਇਆ
ਮੇਜਰ ਸਿੰਘ ਨਾਭਾ{ਪਟਿਆਲਾ}