ਸੰਤੁਲਿਤ ਭੋਜਨ ਬਾਰੇ ਅਕਸਰ ਅਸੀਂ ਬਚਪਨ ਤੋਂ ਪੜ੍ਹਦੇ ਸੁਣਦੇ ਆ ਰਹੇ ਹਾਂ ਕਿ ਸਾਨੂੰ ਆਪਣੇ ਸਰੀਰ ਦੀ ਤੰਦਰੁਸਤੀ ਲਈ ਸੰਤੁਲਿਤ ਭੋਜਨ ਦੀ ਵਰਤੋਂ ਕਰਨੀ ਚਾਹੀਦੀ ਹੈ।
ਸੰਤੁਲਿਤ ਭੋਜਨ ਤੋਂ ਭਾਵ, ਉਹ ਖੁਰਾਕ ਜਿਸ ਵਿਚੋਂ ਸਾਰੇ ਪੌਸ਼ਟਿਾ ਤੱਤ ਮਿਲਦੇ ਹਨ ਜ਼ੋ ਸਾਡੇ ਸਰੀਰ ਨੂੰ ਸਹੀ ਢੰਗ ਨਾਲ ਕੰਮ ਕਰਨ ਲਈ ਲੋੜੀਂਦੇ ਹਨ। ਜਿਸ ਖੁਰਾਕ ਤੋਂ ਸਾਨੂੰ ਸਹੀ ਪੌਸ਼ਣ ਪ੍ਰਾਪਤ ਹੁੰਦਾ ਹੈ ਜਿਵੇਂ ਤਾਜ਼ੇ ਫਲ, ਹਰੀਆਂ ਸ਼ਬਜੀਆਂ, ਸਲਾਦ, ਸਾਬਤ ਅਨਾਜ, ਦੁੱਧ, ਮੱਖਣ, ਪਨੀਰ, ਗਿਰੀਆਂ ਆਦਿ।
ਤੰਦਰੁਸਤੀ ਅਤੇ ਲੰਮੀ ਉਮਰ ਦੇ ਵਰਦਾਨ ਲਈ ਸਾਨੂੰ ਲੋੜ ਮੁਤਾਬਿਕ ਸੰਤੁਲਿਤ ਅਹਾਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਪਰੰਤੂ ਆਪਣੀ ਰੁਝੇਵਿਆਂ ਭਰੀ ਜਿੰ਼ਦਗੀ *ਚ ਮਨੁੱਖ ਇੰਨਾ ਕੁ ਉਲਝ ਕੇ ਰਹਿ ਗਿਆ ਹੈ ਕਿ ਉਸਨੇ ਆਪਣੀ ਸਿਹਤ ਨੂੰ ਅਣਦੇਖਾ ਕੀਤਾ ਹੋਇਆ ਹੈ। ਰੋਜ਼ਾਨਾ ਦੀ ਭੱਜ—ਦੌੜ ਵਿੱਚ ਉਸ ਕੋਲ ਨਾ ਸਹੀ ਖਾਣ ਦਾ ਸਮਾਂ ਅਤੇ ਨਾ ਹੀ ਸੌਣ ਦਾ।
ਆਪਣੇ ਕੰਮਕਾਜ ਵਿੱਚ ਰੁਝਿਆ ਜਦ ਉਸਨੂੰ ਖੂਬ ਭੁੱਖ ਲੱਗਦੀ ਹੈ ਤਾਂ ਉਸ ਦਾ ਧਿਆਨ ਭੋਜਨ ਵੱਲ ਜਾਂਦਾ ਹੈ। ਉਸ ਵਕਤ ਉਸ ਨੂੰ ਸਿਰਫ਼ ਦਸ ਮਿੰਟ ਵਿੱਚ ਖਾਣਾ ਚਾਹੀਦਾ ਹੈ। ਬਹੁਤ ਘੱਟ ਗਿਣਤੀ ਲੋਕ ਹਨ ਜਿਹੜੇ ਘਰ ਦਾ ਭੋਜਨ ਪਸੰਦ ਕਰਦੇ ਹਨ ਨਹੀਂ ਤਾਂ ਸਿਰਫ਼ ਭੋਜਨ….ਭੋਜਨ….. । ਉਹ ਭੋਜਨ ਕਿਸ ਤੇਲ ਵਿੱਚ ਬਣਿਆ ਹੈ, ਕਿਵੇਂ ਬਣਿਆ ਹੈ, ਸਾਨੂੰ ਕੋਈ ਫ਼ਰਕ ਨਹੀਂ ਪੈਦਾ। ਬੱਸ ਅਸੀਂ ਖਾਣ ਲਈ ਟੁੱਟ ਪੈਂਦੇ ਹਾਂ ਅਤੇ ਉਹ ਵੀ ਚੁਫ਼ੇਰੇ ਗੱਪਾਂ ਮਾਰਦੇ ਹੋਏ।
ਖਾਣਾ ਖਾਣ ਤੋਂ ਬਾਅਦ ਅਸੀਂ ਦੁਬਾਰਾ ਆਪਣੇ ਕੰਮ ਵਿੱਚ ਜੁੱਟ ਜਾਂਦੇ ਹਾਂ। ਖਾਣਾ ਹਜ਼ਮ ਆਵੇ ਜਾਂ ਨਾ ਆਵੇ। ਇਹ ਸਭ ਬਾਅਦ *ਚ ਦੇਖੀ ਜਾਉਗੀ। ਬੇਸ਼ੰਕ ਸਾਨੂੰ ਹਸਪਤਾਲਾਂ ਦੇ ਚੱਕਰ ਕਿਉਂ ਨਾ ਕੱਟਣੇ ਪੈਣ, ਪਰ ਅਸੀਂ ਆਪਣੀ ਆਦਤ ਤੋਂ ਮਜਬੂਰ ਹੋ ਚੁੱਕੇ ਹਾਂ।
ਕੀ ਅਸੀਂ ਕਦੇ ਸੋਚਿਆ ਹੈ ਜ਼ੋ ਸਾਡੀ ਥਾਲੀ ਵਿੱਚ ਪਰੋਸਿਆ ਹੋਇਆ ਭੋਜਨ ਜ਼ੋ ਸਾਡੇ ਸਾਹਮਣੇ ਹੈ, ਦਰਅਸਲ ਉਹ ਕੇਵਲ ਇੱਕ ਭੋਜਨ ਹੀ ਨਹੀਂ, ਸਗੋਂ ਸਾਡੀ ਜਿ਼ੰਦਗੀ ਹੈ। ਇਸ ਅਹਾਰ ਤੋਂ ਸਾਨੂੰ ਜੀਵਨ ਮਿਲਦਾ ਹੈ। ਇਸ ਅਹਾਰ ਵਿੱਚ ਸਾਡਾ ਭਵਿੱਖ ਛੁਪਿਆ ਹੋਇਆ ਹੈ ਅਤੇ ਖਾਣ ਤੋਂ ਪਹਿਲਾ ਅਹਾਰ ਦਾ ਗਿਆਨ ਹੋਣਾ ਲਾਜ਼ਮੀ ਹੈ।
ਅਸੀਂ ਆਪਣੇ ਅੰਦਰ ਝਾਤੀ ਮਾਰੀਏ ਤਾਂ ਹਮੇਸ਼ਾ ਤੰਦਰੁਸਤੀ, ਸੁੰਦਰਤਾ ਅਤੇ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ।
ਖੈਰ, ਜੇਕਰ ਅੱਜ ਤੋਂ ਕੁਝ ਵਰ੍ਹੇ ਪਿਛਾਹ ਵੱਲ ਝਾਤ ਮਾਰੀਏ ਤਾਂ ਉਸ ਵਕਤ ਲੋਕ ਭੋਜਨ ਪ੍ਰਣਾਲੀ ਤੋਂ ਚੰਗੀ ਤਰ੍ਹਾਂ ਵਾਕਿਫ਼ ਸਨ। ਉਹ ਹਮੇਸ਼ਾ ਤਾਜ਼ੇ ਭੋਜਨ ਨੂੰ ਤਰਜੀਹ ਦਿੰਦੇ ਸਨ। ਬਾਸੀ ਭੋਜਨ ਨੂੰ ਵਰਤੋਂ ਵਿੱਚ ਲਿਆਉਣ ਤੋਂ ਗੁਰੇਜ਼ ਕਰਦੇ ਸਨ।
ਉਹਨਾਂ ਦੀ ਪਰੰਪਰਾ ਸੀ ਕਿ ਭੋਜਨ ਪਕਾਉਣ ਲਈ ਸਾਫ਼ ਸੁਫ਼ਾਈ ਦੇ ਨਾਲ—ਨਾਲ ਮਨ ਦੇ ਵਿਚਾਰਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ। ਭਾਵ ਕਿ ਭੋਜਨ ਬਣਾਉਣ ਵਾਲਾ ਵਿਅਕਤੀ ਇਸਤਰੀ ਜਾਂ ਪੁਰਸ਼ ਸ਼ਾਂਤ ਚਿੱਤ ਹੋ ਕੇ ਜਦ ਖੁਸ਼ੀ ਪੂਰਵਕ ਰੀਝ ਨਾਲ ਭੋਜਨ ਬਣਾਉਂਦਾ ਹੈ ਤਾਂ ਉਹ ਭੋਜਨ ਅੰਮ੍ਰਿਤ ਬਣ ਜਾਂਦਾ ਹੈ। ਅਜਿਹਾ ਭੋਜਨ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਦੇ ਨਾਲ ਨਾਲ ਇੱਕ ਨਿਰੋਗੀ ਸਿਹਤ ਪ੍ਰਦਾਨ ਕਰਦਾ ਹੈ।
ਉਹਨਾਂ ਸਮਿਆਂ ਭੋਜਨ ਕਰਨ ਵੇਲੇ ਆਪਸ ਵਿੱਚ ਗੱਲਾਂ ਕਰਨ ਤੋਂ ਮਨਾਹੀ ਹੁੰਦੀ ਸੀ। ਸਮੇਂ ਹਾਣੀਆਂ ਕਹਿਣਾ ਸੀ ਕਿ ਜੇਕਰ ਭੋਜਨ ਕਰਦੇ ਵਕਤ ਗਲਬਾਤ ਕੀਤੀ ਜਾਵੇਗੀ ਤਾਂ ਸਾਨੂੰ ਭੋਜਨ ਵਿੱਚੋਂ ਪੂਰਾ ਪੋਸ਼ਣ ਪ੍ਰਾਪਤ ਨਹੀਂ ਹੁੰਦਾ ਅਤੇ ਦੂਜਾ ਉਸ ਵਕਤ ਕੀਤੀ ਹੋਈ ਗੱਲਬਾਤ ਨਾਲ ਸਾਡੇ ਅੰਦਰ ਲੰਘੀ ਹੋਈ ਹਵਾ ਸਾਨੂੰ ਕਈ ਭੈੜੀਆਂ ਬੀਮਾਰੀਆਂ ਦਾ ਸ਼ਿਕਾਰ ਬਣਾ ਦਿੰਦੀ ਹੈ। ਇਸ ਲਈ ਉਦੋ ਲੋਕ ਚੁੱਪਚਾਪ ਭੋਜਨ ਕਰਨਾ ਪਸੰਦ ਕਰਦੇ ਸਨ।
ਉਸ ਸਮੇਂ ਕਿਰਤ ਦੇ ਹਿਸਾਬ ਨਾਲ ਭੋਜਨ ਦਾ ਮਾਪ ਤੋਲ ਰੱਖਿਆ ਜਾਂਦਾ ਸੀ। ਜਿਵੇਂ, ਖੇਤਾਂ ਵਿੱਚ ਹਲ ਵਾਹੁਣ ਵਾਲੇ ਹਾਣੀਆਂ ਲਈ ਊਰਜਾ ਭਰਪੂਰ ਅਨਾਜ, ਦੁੱਧ, ਮੱਖਣ, ਘਿਉ, ਲੱਸੀ, ਗੁੜ ਆਦਿ ਦਾ ਵਧੇਰੇ ਮਾਤਰਾ ਚੇ ਦਿੱਤਾ ਜਾਂਦਾ ਸੀ।
ਵੱਧਦੀ ਉਮਰ ਦੇ ਬੱਚਿਆਂ ਨੂੰ ਤਾਮਸਿਕ ਭੋਜਨ ਦੇਣ ਤੋਂ ਵਰਜਿਤ ਕੀਤਾ ਜਾਂਦਾ ਸੀ ਤਾਂ ਜ਼ੋ ਉਹਨਾਂ ਦਾ ਸਰੀਰਕ ਵਿਕਾਸ ਠੀਕ ਢੰਗ ਨਾਲ ਹੋ ਸਕੇ ਅਤੇ ਸਮੇਂ ਤੋਂ ਪਹਿਲਾ ਉਹਨਾਂ ਵਿੱਚ ਸਰੀਰਕ ਤਬਦੀਲੀ ਨਾ ਹੋ ਸਕੇ।
ਬਜੁਰਗਾਂ ਅਤੇ ਗਰਭਵਤੀ ਔਰਤਾਂ ਦਾ ਖਾਸ ਤਰੀਕੇ ਨਾਲ ਖਿਆਲ ਰੱਖਿਆ ਜਾਂਦਾ ਸੀ। ਕਹਿਣ ਤੋਂ ਭਾਵ ਹੈ ਕਿ ਬੀਤੇ ਸਮੇਂ ਵਿੱਚ ਅੱਜ ਵਾਂਗ ਖਾਣ ਵਾਲੇ ਪਦਾਰਥਾਂ ਦੀ ਭਰਮਾਰ ਤਾਂ ਬੇਸ਼ੱਕ ਨਹੀਂ ਸੀ ਪਰੰਤੂ ਉਸ ਵਕਤ ਲੋਕਾਂ ਨੂੰ ਅਹਾਰ ਦਾ ਗਿਆਨ ਸੀ। ਆਪਣੀ ਜੀਭ ਦੇ ਸੁਆਦ ਪਿੱਛੇ ਉਹ ਆਪਣੀ ਸਿਹਤ ਨਾਲ ਖਿਲਵਾੜ ਨਹੀਂ ਸਨ ਕਰਦੇ।
ਸਗੋਂ ਸਿਹਤ ਪੱਖੋਂ ਸੁਚੇਤ ਰਹਿੰਦਿਆਂ, ਭੋਜਨ ਪ੍ਰਤੀ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ *ਚ ਰੱਖਕੇ ਇੱਕ ਲੰਮੀ ਉਮਰ ਦਾ ਵਰਦਾਨ ਪ੍ਰਾਪਤ ਕਰਦੇ ਸਨ।
ਇਸ ਲਈ ਅਸੀਂ ਵੀ ਪ੍ਰਣ ਕਰੀਏ ਕਿ ਆਪਣੀ ਸਿਹਤ ਨਾਲ ਕਦੇ ਖਿਲਵਾੜ ਨਹੀਂ ਕਰਾਂਗੇ ਕਿਉਂਕਿ ਜਾਨ ਹੈ ਤਾਂ ਜਹਾਨ ਹੈ।

ਲੇਖਕ : ਕਰਮਜੀਤ ਕੌਰ ਮੁਕਤਸਰ
ਮੋ : 89685—94379