ਅਲਮਾਰੀ ਵਿੱਚ ਕੱਪੜਿਆਂ ਦੇ ਹੇਠਾਂ
ਪੁਰਾਣੇ ਅਖ਼ਬਾਰ ਵਿਛਾਉਣ ਦੀ
ਮਾਂ ਨੂੰ ਆਦਤ ਸੀ
ਪਿਤਾ ਜੀ ਦੀ ਘੱਟ ਤਨਖਾਹ ਅਤੇ
ਮਹਿੰਗਾਈ ਦੀ ਮਾਰ
ਸਾਡੇ ਤਿੰਨ ਭਰਾਵਾਂ ਦੀ ਇੱਕ ਭੈਣ ਸੀ
ਮਹੀਨੇ ਦੇ ਅੰਤ ਵਿੱਚ ਪੈਸਿਆਂ ਦੀ ਕਮੀ
ਇੰਨੀ ਮਹਿਸੂਸ ਹੁੰਦੀ ਸੀ ਕਿ
ਲੱਗਦਾ ਕਦੋਂ ਤਨਖਾਹ ਆਏਗੀ?
ਕੈਲੰਡਰ ਦੇ ਪੰਨੇ ਜਿਉਂ ਜਿਉਂ ਘੱਟ ਹੁੰਦੇ
ਅਤੇ ਪਹਿਲੀ ਤਰੀਕ ਨੇੜੇ ਆਉਂਦੀ
ਤਾਂ
ਜ਼ਿੰਦਗੀ ਵਿੱਚ ਉਮੀਦ ਦੀਆਂ ਕੋਂਪਲਾਂ ਫੁਟਦੀਆਂ
ਹੁਣ ਤਾਂ ਦੋ ਦਿਨ ਹੀ ਬਚੇ ਨੇ
ਅਜਿਹੇ ਸਮੇਂ
ਮਾਂ ਸਾਨੂੰ ਪਿਆਰ ਨਾਲ ਕਹਿੰਦੀ
ਜਿਉਂ ਹੀ ਤਨਖਾਹ ਆਏਗੀ, ਤੁਹਾਨੂੰ
ਨਵੇਂ ਕੱਪੜੇ ਦਿਵਾਵਾਂਗੀ
ਪਤਾ ਨਹੀਂ ਕਿਉਂ, ਤਨਖਾਹ ਨਾਲ
ਕੋਈ ਅਜਿਹੀ ਮੁਸ਼ਕਿਲ ਵੀ ਆ ਜਾਂਦੀ
ਜੋ
ਸਾਰੇ ਸੁਪਨਿਆਂ ਤੇ ਪਾਣੀ ਫੇਰ ਦਿੰਦੀ
ਪਰ ਅਜਿਹੇ ਸਮੇਂ ਵਿੱਚ ਵੀ ਮਾਂ ਹਿੰਮਤ ਨਾ ਹਾਰਦੀ
ਅਲਮਾਰੀ ਵਿੱਚ ਰੱਖੇ ਕੱਪੜਿਆਂ ਹੇਠਾਂ
ਵਿਛਾਏ ਹੋਏ ਉਸ ਅਖ਼ਬਾਰ ਨੂੰ
ਸਾਥੋਂ ਲੁਕੋ ਕੇ ਵੇਖਦੀ ਅਤੇ ਉਥੋਂ ਹੀ
ਸੌ ਦੋ ਸੌ ਰੁਪਏ ਕੱਢ ਕੇ
ਸਾਡੀਆਂ ਲੋੜਾਂ ਨੂੰ ਪੂਰਾ ਕਰ ਦਿੰਦੀ
ਅੱਜ ਬੇਟੀ ਨੇ ਜਦੋਂ ਜ਼ਿਦ ਕਰਕੇ
ਮੈਥੋਂ ਕੁਝ ਪੈਸੇ ਮੰਗੇ ਤਾਂ ਮਾਂ ਯਾਦ ਆਈ
ਉਨ੍ਹਾਂ ਦੀਆਂ ਅੱਖਾਂ ਵਿੱਚ ਛਾਈ ਬੇਬੱਸੀ ਅਤੇ
ਪਿਆਰ ਦੇ ਦ੍ਵੰਦ ਨੂੰ ਸਮਝ ਸਕਿਆ ਮੈਂ
ਮੈਂ ਵੀ ਅਖ਼ਬਾਰ ਦੇ ਹੇਠੋਂ
ਕੁਝ ਰੁਪਏ ਕੱਢ ਕੇ ਬੇਟੀ ਦੇ ਹੱਥ ਤੇ
ਧਰ ਦਿੱਤੇ
ਅਤੇ ਮਾਂ ਦੇ ਸੰਸਕਾਰਾਂ ਤੇ
ਮਾਣ ਮਹਿਸੂਸ ਕਰਨ ਲੱਗਿਆ।
***

ਮੂਲ : ਪੰਕਜ ਤ੍ਰਿਵੇਦੀ, ਗੋਕੁਲਪਾਰਕ ਸੋਸਾਇਟੀ, 80 ਫੁੱਟ ਰੋਡ, ਸੁਰਿੰਦਰਨਗਰ-363001 (ਗੁਜਰਾਤ) 8849012201.
ਅਨੁ : ਪ੍ਰੋ. ਨਵ ਸੰਗੀਤ ਸਿੰਘ, ਪਟਿਆਲਾ-147002 (9417692015)