ਸ਼ਬਦਾਂ ਨੂੰ ਸਮੇਂ ਦੇ ਨਿਜਾਕਤ ਅਨੁਸਾਰ ਪਰੋਅ ਕੇ ਆਪਣੀ ਤਕਰੀਰ ਨੂੰ ਲੋਕਾ ਦੇ ਮਨਾਂ ਨੂੰ ਟੁੰਬਣ ਵਾਲੇ ਸਮਾਜ ਵਿੱਚ ਵਿਰਲੇ ਲੋਕ ਆਪਣੀ ਵਿਸ਼ੇਸ਼ ਥਾਂ ਬਣਾ ਲੈਂਦੇ ਹਨ । ਇਹੋ ਜਿਹੀ ਹੀ ਢੀਂਡਸਾ ਪਰਿਵਾਰ ਦੀ ਸ਼ਖਸ਼ੀਅਤ ਹੈ ਸ੍ਰ. ਰਣਜੀਤ ਸਿੰਘ ਢੀਂਡਸਾ , ਜਿਨ੍ਹਾਂ ਦਾ ਜਨਮ ਪਿੰਡ ਦੰਦਰਾਲਾ ਢੀਂਡਸਾ (ਪਟਿਆਲਾ) ਵਿਖੇ ਸਵ: ਸ੍ਰ. ਉਜਾਗਰ ਸਿੰਘ ਢੀਂਡਸਾ ਦੇ ਘਰ ਮਾਤਾ ਸਰਦਾਰਨੀ ਸੰਤ ਕੌਰ ਦੀ ਕੁੱਖੋਂ 10 ਮਈ 1964 ਨੂੰ ਹੋਇਆ ।ਉਨ੍ਹਾਂ ਦੇ ਮਾਤਾ ਜੀ ਧਾਰਮਿਕ ਬਿਰਤੀ ਵਾਲੇ ਹੋਣ ਕਰਕੇ ਘਰ ਵਿੱਚਲੇ ਧਾਰਮਿਕ ਮਾਹੌਲ ਦੀ ਰੰਗਤ ਰਣਜੀਤ ਸਿੰਘ ਨੂੰ ਛੋਟੇ ਹੁੰਦਿਆਂ ਹੀ ਚੜ੍ਹ ਗਈ ਸੀ ।ਉਸ ਨੇ ਦਸਵੀਂ ਤੱਕ ਦੀ ਵਿੱਦਿਆ ਪਿੰਡ ਦੇ ਸਰਕਾਰੀ ਹਾਈ ਸਕੂਲ ਤੋਂ ਸੰਨ 1980 ਤੱਕ ਪ੍ਰਾਪਤ ਕੀਤੀ ।
ਪੰਜਾਬ ਅੰਦਰ ਨੋਜਵਾਨਾਂ ਦੇ ਉਸ ਸਮੇਂ ਬੇਰੁਜ਼ਗਾਰੀ ਕਾਰਨ ਕੁਰਾਹੇ ਪੈਣ ਦੀ ਪਿਰਤ ਚਲ ਰਹੀ ਸੀ । ਪਿੰਡ ਵਿੱਚ ਨੌਜਵਾਨਾਂ ਨੂੰ ਖੇਡਾਂ ਨਾਲ ਜੌੜਨ ਲਈ ਪਿੰਡ ਦੇ ਸੂਝਵਾਨ ਨੋਜਵਾਨਾਂ ਵਲੋਂ ਢੀਂਡਸਾ ਯੂਥ ਕਲੱਬ ਦਾ ਗਠਨ ਕੀਤਾ ਗਿਆ ਅਤੇ ਹਰੇਕ ਸਾਲ ਟੂਰਨਾਮੈਂਟ ਕਰਵਾਏ ਜਾਣ ਲੱਗੇ । ਛੋਟੀ ਉਮਰੇ ਹੀ ਰਣਜੀਤ ਸਿੰਘ ਇਨ੍ਹਾਂ ਟੂਰਨਾਮੈਂਟ ਦੀ ਸਟੇਜ਼ ਸਕੱਤਰ ਦੀ ਭੁਮਿਕਾ ਬੜੇ ਸਲੀਕੇ ਨਾਲ ਨਿਭਾਉਣ ਲੱਗ ਗਿਆ ਕਿਉਂ ਕਿ ਉਹ ਇਸ ਕਲੱਬ ਨਾਲ ਅਗਾਂਊਵਧੂ ਸੋਚ ਕਰਕੇ ਜੁੜ ਗਿਆ ਸੀ । ਹੁਣ ਤਾਂ ਉਸ ਨੂੰ ਪਿੰਡ ਦੇ ਹਰੇਕ ਸਮਾਗਮ ਦੀ ਕਾਰਵਾਈ ਚਲਾਉਣ ਅਤੇ ਸੰਗਤ ਦਾ ਧੰਨਵਾਦ ਕਰਨ ਲਈ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ।ਉਸ ਨੂੰ ਸਬਦਾਂ ਨੂੰ ਸਮੇਂ ਅਨੁਸਾਰ ਢਾਲ ਕੇ ਸਮੇਂ ਦੇ ਹਾਣੀ ਬਣਾਉਣ ਦਾ ਵਲ ਆਉਂਦਾ ਹੈ । ਗੁਰਬਾਣੀ ਨਾਲ ਛੋਟੇ ਹੁੰਦੇ ਹੀ ਉਹ ਜੁੜ ਗਿਆ ਸੀ ਇਸੇ ਕਰਕੇ ਉਸ ਨੂੰ ਗੁਰਬਾਣੀ ਕੰਠ ਹੋ ਗਈ ਹੈ , ਭਾਸਣ ਦਿੰਦੇ ਸਮੇਂ ਉਹ ਗੁਰਬਾਣੀ ਦੀਆਂ ਤੁੱਕਾਂ ਦਾ ਹਵਾਲਾ ਵੀ ਅਕਸਰ ਦਿੰਦਾ ਹੈ ।ਉਨ੍ਹਾ ਦਾ ਵਿਆਹ 1988 ਵਿੱਚ ਪਿੰਡ ਭੋੜੇ ਦੇ ਸਵ: ਸ੍ਰ. ਕਰਨੈਲ ਸਿੰਘ ਦੀ ਬੇਟੀ ਪਰਮਜੀਤ ਕੌਰ ਨਾਲ ਹੋਇਆ ।
ਗੁਰਸਿੱਖੀ ਨਾਲ ਜੁੜੇ ਹੋਣ ਕਾਰਨ ਉਸ ਨੂੰ 1990 ਵਿੱਚ ਗੁਰਦੁਆਰਾ ਸਾਹਿਬ ਭਾਈ ਮੂਲ ਚੰਦ ਜੀ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਮਿਲ ਗਈ । ਇਸ ਸਮੇਂ ਦੌਰਾਨ ਉਸ ਨੇ ਗੁਰਦੁਆਰਾ ਸਾਹਿਬ ਦੀ ਜਮੀਨ ਉੱਪਰ ਨਜਾਇਜ਼ ਕਬਜ਼ਿਆਂ ਨੂੰ ਛੁੱਡਵਾ ਕੇ ਦੀਵਾਰ ਕੱਢਵਾ ਕੇ ਦੁਕਾਨਾਂ ਦੀ ਉਸਾਰੀ ਕਰਵਾਈ ਜੋ ਕਮੇਟੀ ਲਈ ਆਮਦਨ ਦਾ ਸਾਧਨ ਬਣ ਗਈਆਂ । ਪਿੰਡ ਦੇ ਸਰਪੰਚ ਸ੍ਰ. ਜਰਨੈਲ ਸਿੰਘ ਢੀਂਡਸਾ ਦੀ ਅਚਾਨਕ ਸ਼ੰਖੇਪ ਬਿਮਾਰੀ ਉਪਰੰਤ ਮੌਤ ਹੋਣ ਕਾਰਨ 21 ਦਸੰਬਰ 1994 ਨੂੰ ਜ਼ਿਮਨੀ ਚੋਣ ਵਿੱਚ ਸ੍ਰ. ਰਣਜੀਤ ਸਿੰਘ ਢੀਂਡਸਾ ਚੋਣ ਜਿੱਤ ਕੇ ਪਿੰਡ ਦੇ ਸਰਪੰਚ ਬਣ ਗਏ ।ਉਹ ਇਸ ਚੋਣ ਦੀ ਟਰਮ ਜੋ ਕਿ 1997 ਤੱਕ ਸੀ ਦੇ ਸਰਪੰਚ ਰਹੇ ।ਇਸ ਥੋੜੇ ਸਮੇਂ ਦੌਰਾਨ ਉਨ੍ਹਾਂ ਨੇ ਪਿੰਡ ਦੀਆਂ ਧਰਮਸ਼ਾਲਾਵਾਂ ਦੀਆਂ ਪੁਰਾਣੀਆਂ ਛੱਤਾਂ ਬਦਲਵਾ ਕੇ ਲੈਂਟਰ ਪੁਵਾਏ । ਗਲੀਆਂ , ਨਾਲੀਆਂ ਦੇ ਕੰਮ ਕੀਤੇ । ਸਰਕਾਰੀ ਗ੍ਰਾਂਟ ਨਾਲ ਸਕੂਲ ਦੇ ਦੋ ਕਮਰੇ ਬਣਵਾਏ । ਸਕੂਲ ਦੇ ਨਾਲ ਲੱਗਦੀ ਜਗ੍ਹਾ ਨੂੰ ਖਰੀਦ ਕੇ ਸਕੂਲ਼ ਵਿੱਚ ਰਲਾਇਆ ।ਫੋਕਲ ਪੁਆਇੰਟ ਬਸਤੀ ਵਿਖੇ ਧਰਮਸਾਲਾ ਅਤੇ ਗਲੀਆਂ ਨਾਲੀਆਂ ਬਣਵਾਈਆਂ ।ਅਗਲੀ ਟਰਮ ਵਿੱਚ ਪਿੰਡ ਦੀ ਸਰਪੰਚੀ ਔਰਤ ਲਈ ਰਿਜ਼ਰਵ ਹੋ ਗਈ । ਇਨ੍ਹਾਂ ਹਾਲਾਤਾਂ ‘ਚ ਉਨ੍ਹਾਂ ਦੇ ਦੋਸਤ ਸ੍ਰ. ਰਣਜੀਤ ਸਿੰਘ ਕਾਲਾ ਦੀ ਮਾਤਾ ਸਰਪੰਚ ਦੇ ਉਮੀਦਵਾਰ ਬਣਾਏ ਗਏ , ਉਨ੍ਹਾਂ ਦੇ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਮੈਂਬਰ ਵਜੋਂ ਉਮੀਦਵਾਰ ਬਣਨਾ ਪਿਆ ਅਤੇ ਉਹ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੇ ।ਇਸ ਪੰਚਾਇਤ ਵਿੱਚ ਉਨ੍ਹਾਂ ਨੇ ਸਕੂਲ ਵਿੱਚ ਨਾਬਾਰਡ ਬਿਲਡਿੰਗ ਬਣਵਾਉਣ ਲਈ ਅਹਿਮ ਭੂਮਿਕਾ ਨਿਭਾਈ । ਪਿੰਡ ਤੋਂ ਸਿਵਗੜ੍ਹ ਨੂੰ ਸੜਕ ਅਤੇ ਫਿਰਨੀ ਦੀ ਸੜਕ ਅਥੇ ਸਕੂਲ ਤੱਕ ਸੜਕ ਵੀ ਇਸ ਪੰਚਾਇਤ ਨੇ ਬਣਵਾਈ ।ਗਲੀਆਂ ,ਨਾਲੀਆਂ ਦਾ ਰਹਿੰਦਾ ਕੰਮ ਵੀ ਹੋਇਆ ।ਉਨ੍ਹਾਂ ਪਿੰਡ ਦੇ ਗੁਰਦੁਆਰੇ ਦੀ ਨਵੀਂ ਇਮਾਰਤ ਬਣਾਉਣ ਵਿੱਚ ਉਸ ਸਮੇਂ ਦੇ ਗੁਰਦੁਆਰਾ ਕਮੇਟੀ ਦੇ ਖਜਾਨਚੀ ਸ੍ਰ. ਹਰਬੰਸ ਸਿੰਘ (ਬਿਜਲੀ ਬੋਰਡ) ਨਾਲ ਪੂਰਨ ਸਹਿਯੋਗ ਦੇ ਕੇ ਅਹਿਮ ਭੂਮਿਕਾ ਨਿਭਾਈ ।ਇਲਾਕੇ ਦੇ ਪਿੰਡਾਂ ਵਿੱਚੋਂ ਪਿੰਡ ਵਿੱਚ ਪਹਿਲਾ ਪੰਚਾਇਤੀ ਫੋਨ ਲੱਗਣ ਕਾਰਨ ਪਿੰਡ ਵਾਸੀਆਂ ਨੂੰ ਫੋਨ ਦੀ ਸਹੂਲਤ ਮਿਲੀ ।ਇਸ ਤੋਂ ਬਾਅਦ ਪਿੰਡ ਵਿੱਚ ਉਨ੍ਹਾਂ ਵੱਧ ਤੋਂ ਵੱਧ ਟੈਲੀਫੋਨ ਕੁਨੇਕਸ਼ਨ ਅਪਲਾਈ ਕਰਵਾਕੇ ਟੈਲੀਫੋਨ ਐਕਸਚੈਂਜ਼ ਲਿਆਉਣ ਵਿੱਚ ਅਹਿਮ ਰੋਲ ਅਦਾ ਕੀਤਾ । ਇਲਾਕੇ ਵਿੱਚ ਉਨ੍ਹਾਂ ਦੀਆਂ ਵਿਲੱਖਣ ਗਤੀ ਵਿਧੀਆਂ ਕਰਕੇ ਉਨ੍ਹਾਂ ਨੂੰ ਧਾਰਮਿਕ, ਸਮਾਜਿਕ, ਰਾਜਨੀਤਕ ਆਦਿ ਪ੍ਰੋਗਰਾਮਾਂ / ਸਮਾਗਮਾਂ ਲਈ ਅਕਸਰ ਸੱਦਾ ਪੱਤਰ ਆਉਂਦੇ ਰਹਿੰਦੇ ਹਨ । ਉਹ ਲੋੜਵੰਦਾਂ ਦੇ ਕੰਮ ਕਰਾੳਣੁ ਲਈ ਨਾਲ ਵੀ ਜਾਂਦੇ ਰਹਿੰਦੇ ਹਨ ।ਸਮਾਜ ਸੇਵੀ ਸਵ: ਬਾਬਾ ਬਿਸ਼ਨ ਸਿੰੰਘ ( ਵਾਤਾਵਰਣ ਪ੍ਰੇਮੀ ) ਦੀ ਸੰਗਤ ਦਾ ਉਨ੍ਹਾਂ ਉੱਪਰ ਡੂੰਘਾ ਅਸ਼ਰ ਪੈਣ ਕਾਰਨ ਰਣਜੀਤ ਸਿੰਘ ਦੀ ਸੋਚ ਵੀ ਸਮਾਜ ਲਈ ਕੁਝ ਨਾ ਕੁਝ ਕਰਨ ਲਈ ਤੱਤਪਰ ਰਹਿੰਦੀ ਹੈ ।ਉਹ ਪਿੰਡ ਵਿੱਚ ਪਰਿਵਾਰਿਕ ਸਾਂਝ ਰੱਖਦੇ ਹੋਏ ਹਰੇਕ ਦੇ ਦੁੱਖ-ਸੁੱਖ ਵਿੱਚ ਸਰੀਕ ਹੁੰਦੇ ਹਨ । ਕਿਸਾਨੀ ਨਾਲ ਸਬੰਧਤ ਹੋਣ ਕਰਕੇ ਉਹ ਕਿਸਾਨੀ ਸੰਘਰਸ਼ ਵਿੱਚ ਵੀ ਪੂਰਾ ਸਹਿਯੋਗ ਦਿੰਦੇ ਰਹਿੰਦੇ ਹਨ ।
ਉਹ ਧਾਰਮਿਕ ਸਮਾਗਮਾਂ ਵਿੱਚ ਅਕਸਰ ਹਾਜ਼ਰੀ ਭਰਨ ਦੇ ਨਾਲ ਸਹਿਯੋਗ ਵੀ ਦਿੰਦੇ ਰਹਿੰਦੇ ਹਨ ।ਉਨ੍ਹਾਂ ਦਾ ਸੁਭਾਅ ਮਿਲਣਸਾਰ , ਦੁੱਖ-ਸੁੱਖ ਦੇ ਸਾਂਝੀਵਾਲ , ਨਿਮਰਤਾ ਵਾਲਾ ਹੈ ।ਪਿੰਡ ਦੇ ਸਕੂਲ਼ ਦੀ ਮਨੇਜਮੈਂਟ ਕਮੇਟੀ ਦੇ ਪ੍ਰਧਾਨ, ਪੀ.ਟੀ.ਏ. ਦੇ ਪ੍ਰਧਾਨ ਹੁੰਦੇ ਹਮੇਸ਼ਾ ਸਕੂਲ ਦੀ ਬਿਹਤਰੀ ਲਈ ਕੰਮ ਕਰਦੇ ਰਹੇ । ਉਹ ਸਕੂਲ ਅਤੇ ਬੱਚਿਆਂ ਦੀ ਭਲਾਈ ਲਈ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਵਲੋਂ ਬਣਾਈ ‘ਮੇਰਾ ਸਕੂਲ ਵੈਲਫੇਅਰ ਸੋਸਾਇਟੀ (ਰਜ਼ਿ:)’ ਦੇ ਪ੍ਰੈਸ ਸਕੱਤਰ ਵਜੋਂ ਕੰਮ ਕਰ ਰਹੇ ਹਨ ਅਤੇ ਪੂਰਾ ਸਹਿਯੋਗ ਦੇ ਰਹੇ ਹਨ । ਸ੍ਰ. ਰਣਜੀਤ ਸਿੰਘ ਢੀਂਡਸਾ ਦਾ ਬੇਟਾ ਸੁਖਵਿੰਦਰ ਸਿੰਘ ਢੀਂਡਸਾ ਪ੍ਰਾਈਵੇਟ ਜਾਬ ਕਰ ਰਿਹਾ ਹੈ । ਬੇਟੇ ਦੀ ਪਤਨੀ ਮਨਜੀਤ ਕੌਰ ਨਿੱਘੇ ਸੁਭਾਅ ਦੀ ਹੈ ਜੋ ਆਪਣੀਆਂ ਪੜ੍ਹ ਰਹੀਆਂ ਦੋ ਬੇਟੀਆਂ ਹਰਸਿਮਰਤ ਕੌਰ ਅਤੇ ਗੁਰਸੀਰਤ ਕੌਰ ਦਾ ਵਧੀਆ ਪਾਲਣ ਪੌਸ਼ਣ ਕਰ ਰਹੀ ਹੈ ।ਸ੍ਰ. ਰਣਜੀਤ ਸਿੰਘ ਢੀਂਡਸਾ ਦੀ ਬੇਟੀ ਮਨਿੰਦਰ ਕੌਰ ਆਪਣੇ ਪਤੀ ਜਸਵੀਰ ਸਿੰਘ ਅਤੇ ਬੇਟੇ ਮਨਕੀਰਤ ਸਿੰਘ ਨਾਲ ਕਨੇਡਾ ਵਿਖੇ ਰਹਿ ਰਹੀ ਹੈ ।ਉਹ ਆਪਣੇ ਮਾਤਾ ਜੀ ਅਤੇ ਪਰਿਵਾਰ ਸਮੇਤ ਆਪਣੇ ਪਿੰਡ ਦੰਦਰਾਲਾ ਢੀਂਡਸਾ ਵਿਖੇ ਰਹਿ ਕੇ ਖੇਤੀਬਾੜੀ ਦਾ ਕੰਮ ਕਰ ਰਹੇ ਹਨ।
ਵਾਹਿਗੁਰੂ ਜੀ ਉਨ੍ਹਾਂ ਨੂੰ ਹੋਰ ਵਧੇਰੇ ਧਾਰਮਿਕ , ਸਮਾਜ ਭਲਾਈ ਕੰਮਾਂ ਨੂੰ ਕਰਨ ਲਈ ਤੰਦਰੁਸਤੀ, ਸੁਮੱਤ ਅਤੇ ਚੜ੍ਹਦੀਕਲਾ ਬਖਸ਼ਣ ।
ਮੇਜਰ ਸਿੰਘ ਨਾਭਾ (ਦੰਦਰਾਲਾ ਢੀਂਡਸਾ) , ਮੋ: 9463553962