
ਅਨੁਵਾਦ ਤੇ ਸੰਪਾਦਨ : ਬੇਬੀ ਕਾਰਫ਼ਰਮਾ
ਪ੍ਰਕਾਸ਼ਕ : ਸਦੀਨਾਮਾ ਪ੍ਰਕਾਸ਼ਨ ਕੋਲਕਾਤਾ
ਪੰਨੇ : 142
ਮੁੱਲ : 250/- ਰੁਪਏ
ਸ਼੍ਰੀਮਤੀ ਬੇਬੀ ਕਾਰਫ਼ਰਮਾ ਦਾ ਜਨਮ ਪੰਜਾਬ ਵਿੱਚ ਇੱਕ ਸਿੱਖ ਘਰਾਣੇ ਵਿੱਚ ਹੋਇਆ। ਮੌਜੂਦਾ ਸਮੇਂ ਉਹ ਬੰਗਾਲੀ ਪਰਿਵਾਰ ਨਾਲ ਸੰਬੰਧਿਤ ਹੈ ਤੇ ਕੋਲਕਾਤਾ ਵਿਖੇ ਰਹਿ ਰਹੀ ਹੈ। ਬੀਏ ਕਰਨ ਤੋਂ ਬਾਦ ਉਹਨੇ ਕਵਿਤਾਵਾਂ, ਕਹਾਣੀਆਂ, ਲੇਖ, ਜੀਵਨੀਆਂ ਅਤੇ ਅਨੁਵਾਦ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਹਨੇ ਬੰਗਾਲੀ ਵਿੱਚ ਰਾਜਾ ਰਾਮ ਮੋਹਨ ਰਾਏ, ਈਸ਼ਵਰ ਚੰਦਰ ਬਿਦਿਆਸਾਗਰ, ਕਾਜ਼ੀ ਨਾਜ਼ਰੁਲ ਇਸਲਾਮ ਦੀਆਂ ਜੀਵਨੀਆਂ ਲਿਖੀਆਂ। ਚਾਰ ਸੰਪਾਦਿਤ ਪੁਸਤਕਾਂ ਸਮੇਤ ਅਨੁਵਾਦ ਵਜੋਂ ਹਿੰਦੀ ਤੋਂ ਬੰਗਾਲੀ ਵਿੱਚ ਵਿਸ਼ਵ ਲਘੂਕਥਾ ਸੰਗ੍ਰਹਿ, ਨਿਰਬਾਚਿਤ ਹਿੰਦੀ ਅਣੂਗਲਪ, ਰਾਮਕੁਮਾਰ ਘੋਟੜ ਦੀਆਂ ਲਘੂਕਥਾਵਾਂ, ਸੁਕੇਸ਼ ਸਾਹਨੀ ਦੀਆਂ ਲਘੂਕਥਾਵਾਂ (ਨੋਨਾ ਜਲ), ਬੰਗਾਲੀ ਤੋਂ ਹਿੰਦੀ ਵਿੱਚ ਅਣੂਗਲਪਮਾਲਾ; ਅਤੇ ਚੋਣਵੀਆਂ ਕਵਿਤਾਵਾਂ ਦਾ ‘ਪਾਯੇਰ ਤਲਾਯ ਮਾਟੀ’ ਨਾਂ ਹੇਠ ਬੰਗਾਲੀ ਵਿੱਚ ਅਨੁਵਾਦ ਕੀਤਾ ਹੈ। ਉਹ ਬੰਗਲਾ ਤੇ ਹਿੰਦੀ ਭਾਸ਼ਾਵਾਂ ਵਿੱਚ ਇੱਕ ਸ਼ਕਤੀਸ਼ਾਲੀ ਪੁਲ ਵਜੋਂ ਪੂਰੀ ਨਿਸ਼ਠਾ ਅਤੇ ਮਿਹਨਤ ਨਾਲ ਨਿਰੰਤਰ ਕਾਰਜਸ਼ੀਲ ਹੈ।
ਅਨੁਵਾਦ ਦਾ ਕਾਰਜ ਵੇਖਣ ਨੂੰ ਬਹੁਤ ਸਰਲ ਤੇ ਸਹਿਜ ਜਾਪਦਾ ਹੈ। ਪਰ ਅਸਲ ਵਿੱਚ ਇਹ ਦੋ-ਧਾਰੀ ਤਲਵਾਰ ਤੇ ਤੁਰਨ ਵਾਂਗ ਹੈ। ਯਾਨੀ ਅਨੁਵਾਦਕ ਨੂੰ ਮੂਲ ਅਤੇ ਅਨੁਵਾਦਿਤ ਦੋ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਪਰ ਇਹ ਗਿਆਨ ਵੀ ਸਿਰਫ਼ ਭਾਸ਼ਾਈ ਪੱਧਰ ਦਾ ਨਾ ਹੋ ਕੇ ਸਾਂਸਕ੍ਰਿਤਕ, ਸਮਾਜਕ ਤੇ ਸਭਿਆਚਾਰਕ ਪਰਿਵੇਸ਼ ਨਾਲ ਸੰਬੰਧਿਤ ਹੁੰਦਾ ਹੈ। ਇਹਦਾ ਮਤਲਬ ਹੈ ਕਿ ਅਨੁਵਾਦਕ ਨੂੰ ਮੂਲ ਭਾਸ਼ਾ ਦੇ ਨਾਲ ਨਾਲ ਅਨੁਵਾਦਿਤ ਭਾਸ਼ਾ ਦੇ ਸ਼ਬਦਾਂ ਦੀ ਹੀ ਜਾਣਕਾਰੀ ਨਹੀਂ ਹੁੰਦੀ, ਸਗੋਂ ਜਿਸ ਭਾਸ਼ਾ ਵਿੱਚ ਅਨੁਵਾਦ ਕੀਤਾ ਜਾ ਰਿਹਾ ਹੈ, ਉਸ ਪ੍ਰਦੇਸ਼/ਖਿੱਤੇ ਦੇ ਹਰ ਪਹਿਲੂ ਦਾ ਪਤਾ ਹੋਣਾ ਚਾਹੀਦਾ ਹੈ। ਪਾਠਕ ਜਦੋਂ ਅਨੁਵਾਦ ਪੜ੍ਹੇ ਤਾਂ ਉਹਨੂੰ ਇਸ ਤਰ੍ਹਾਂ ਜਾਪੇ ਕਿ ਉਹ ਮੌਲਿਕ ਲਿਖਤ ਪੜ੍ਹ ਰਿਹਾ ਹੈ, ਅਨੁਵਾਦਿਤ ਨਹੀਂ। ਅਸਲ ਵਿੱਚ ਅਨੁਵਾਦ ਸ਼ਬਦ ਤੋਂ ਸ਼ਬਦ ਜਾਂ ਲਾਈਨ ਤੋਂ ਲਾਈਨ ਵਿੱਚ ਨਹੀਂ ਹੁੰਦਾ, ਸਗੋਂ ਭਾਵ-ਅਨੁਵਾਦ ਹੋਣਾ ਚਾਹੀਦਾ ਹੈ।
ਰੀਵਿਊ ਅਧੀਨ ਪੁਸਤਕ ਵਿੱਚ ਬੰਗਾਲੀ ਲੇਖਕਾਂ ਦੀਆਂ ਹਿੰਦੀ ਵਿੱਚ ਅਨੁਵਾਦ ਕੀਤੀਆਂ ਮਿੰਨੀ ਕਹਾਣੀਆਂ ਸ਼ਾਮਲ ਹਨ। ਇਨ੍ਹਾਂ ਵਿੱਚ ਰਬਿੰਦਰਨਾਥ ਠਾਕੁਰ ਤੋਂ ਲੈ ਕੇ ਬਾਸਬਦੱਤਾ ਕਦਮ ਤੱਕ ਕੁੱਲ 68 ਲੇਖਕਾਂ ਦੀਆਂ ਲਘੂਕਥਾਵਾਂ ਹਨ। ਇਹ ਕਥਾਕਾਰ ਬੰਗਲਾ ਭਾਸ਼ਾ ਵਿੱਚ ਲਿਖਣ ਵਾਲੇ ਜ਼ਰੂਰ ਹਨ, ਪਰ ਇਹ ਵੈਸਟ ਬੰਗਾਲ ਤੋਂ ਇਲਾਵਾ ਭਾਰਤ ਦੇ ਵੱਖ ਵੱਖ ਸ਼ਹਿਰਾਂ ਅਤੇ ਦੂਜੇ ਦੇਸ਼ਾਂ ਦੇ ਵਸਨੀਕ ਹਨ। ਜਿਵੇਂ ਚੇਨੱਈ, ਧਨਬਾਦ, ਤ੍ਰਿਪੁਰਾ, ਦਿੱਲੀ, ਜਬਲਪੁਰ, ਬੰਗਲਾਦੇਸ਼, ਅਮਰੀਕਾ ਤੇ ਕੈਲੀਫ਼ੋਰਨੀਆ ਆਦਿ। ਪੁਸਤਕ ਵਿੱਚ ਵਧੇਰੇ ਲੇਖਕਾਂ ਦਾ ਸੰਖਿਪਤ ਪਰਿਚੈ ਵੀ ਨਾਲ ਨਾਲ ਦਿੱਤਾ ਗਿਆ ਹੈ। ਲਘੂਕਥਾਵਾਂ ਤੋਂ ਬਿਨਾਂ ਮੁੱਢ ਵਿੱਚ ਸੰਪਾਦਕੀ (ਜੀਤੇਂਦਰ ਜਿਤਾਂਸ਼ੂ), ਦੋ ਸ਼ਬਦ (ਜਗਦੀਸ਼ ਰਾਏ ਕੁਲਰੀਆਂ) ਅਤੇ ਭੂਮਿਕਾ (ਅਸ਼ੋਕ ਭਾਟੀਆ) ਪ੍ਰਕਾਸ਼ਿਤ ਕੀਤੀ ਗਈ ਹੈ। ਇਨ੍ਹਾਂ ਲਘੂਕਥਾਵਾਂ ਦੀ ਚੋਣ ਅਤੇ ਅਨੁਵਾਦ ਨਿਰੋਲ ਬੇਬੀ ਕਾਰਫ਼ਰਮਾ ਦਾ ਆਪਣਾ ਹੈ।
ਇਸ ਸੰਗ੍ਰਹਿ ਦੀਆਂ ਸਾਰੀਆਂ ਹੀ ਲਘੂਕਥਾਵਾਂ ਜੀਵਨ ਦੇ ਯਥਾਰਥ ਨੂੰ ਰੇਖਾਂਕਿਤ ਕਰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਬੰਗਾਲੀ ਲੇਖਕਾਂ ਦਾ ਰੁਝਾਨ ਕਿਸ ਤਰ੍ਹਾਂ ਦਾ ਹੈ, ਉਹ ਸਮਾਜ ਅਤੇ ਸਮਾਜਕ ਵਿਸੰਗਤੀਆਂ ਨੂੰ ਕਿਵੇਂ ਮਹਿਸੂਸ ਕਰਦੇ ਹਨ ਤੇ ਉਸ ਅਨੁਭਵ ਨੂੰ ਲੇਖਕਾਂ ਨੇ ਆਪਣੀ ਰਚਨਾ ਵਿੱਚ ਕਿਸ ਵਿਧੀ ਨਾਲ ਪ੍ਰਸਤੁਤ ਕੀਤਾ ਹੈ। ਪੁਸਤਕ ਦੀ ਵਿਸਤ੍ਰਿਤ ਭੂਮਿਕਾ ਵਿੱਚ ਹਿੰਦੀ ਦੇ ਪ੍ਰਬੁੱਧ ਚਿੰਤਕ ਤੇ ਮਿੰਨੀ ਕਹਾਣੀਕਾਰ ਡਾ. ਅਸ਼ੋਕ ਭਾਟੀਆ ਨੇ ਸ਼ਾਮਲ ਲਘੂਕਥਾਵਾਂ ਨੂੰ ਬੜੀ ਬਰੀਕੀ ਨਾਲ ਵਿਸ਼ਲੇਸ਼ਿਤ ਕੀਤਾ ਹੈ। ਅਨੁਵਾਦਕ ਬੇਬੀ ਕਾਰਫ਼ਰਮਾ ਨੇ ਪ੍ਰਤੀਨਿਧ ਬੰਗਲਾ ਲੇਖਕਾਂ ਦੀਆਂ ਲਘੂਕਥਾਵਾਂ ਨੂੰ ਹਿੰਦੀ ਵਿੱਚ ਅਨੁਵਾਦ ਕਰਕੇ ਹਿੰਦੀ ਪਾਠਕਾਂ ਨੂੰ ਬੰਗਲਾ ਵਿਸ਼ਾ ਵਸਤੂ ਦੇ ਨਾਲ ਨਾਲ ਉਨ੍ਹਾਂ ਦੇ ਕਲਾ-ਕੌਸ਼ਲ (ਸ਼ੈਲੀ) ਤੋਂ ਵੀ ਪਰਿਚਿਤ ਕਰਵਾਇਆ ਹੈ। ਮੈਂ ਕਿਉਂਕਿ ਖੁਦ ਇੱਕ ਅਨੁਵਾਦਕ ਹਾਂ ਤੇ ਮੈਂ ਹਿੰਦੀ/ਅੰਗਰੇਜ਼ੀ ਗਲਪ ਨੂੰ ਪੰਜਾਬੀ ਪਾਠਕਾਂ ਅਤੇ ਪੰਜਾਬੀ ਸਾਹਿਤ ਨੂੰ ਹਿੰਦੀ ਪਾਠਕਾਂ ਕੋਲ ਪਹੁੰਚਾਉਣ ਲਈ ਯਤਨਸ਼ੀਲ ਹਾਂ, ਇਸਲਈ ਮੇਰੇ ਖਿਆਲ ਵਿੱਚ ਇਸ ਤਰ੍ਹਾਂ ਦੇ ਆਦਾਨ-ਪ੍ਰਦਾਨ ਦਾ ਕਾਰਜ ਕੋਈ ਇਕੱਲਾ-ਇਕਹਿਰਾ ਵਿਅਕਤੀ ਨਹੀਂ ਕਰ ਸਕਦਾ, ਸਗੋਂ ਅਨੁਵਾਦਕ ਨੂੰ ਆਰਥਕ ਮਦਦ ਦੇਣ ਲਈ ਉੱਚ ਸੰਸਥਾਵਾਂ/ਯੂਨੀਵਰਸਿਟੀਆਂ ਨੂੰ ਅੱਗੇ ਆਉਣਾ ਚਾਹੀਦਾ ਹੈ। ਬੇਬੀ ਕਾਰਫ਼ਰਮਾ ਦਾ ਇਸ ਖੇਤਰ ਵਿੱਚ ਕੀਤਾ ਕਾਰਜ ਨਿਸ਼ਚੈ ਹੀ ਪ੍ਰਸੰਸਾਯੋਗ ਹੈ ਤੇ ਇਸਦਾ ਸਵਾਗਤ ਕਰਨਾ ਬਣਦਾ ਹੈ!
~ ਰੀਵਿਊਕਾਰ : ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)