ਰਸਾਲੇ ਦਾ ਨਾਂ : ਜਾਗੋ ਇੰਟਰਨੈਸ਼ਨਲ
ਸੰਪਾਦਕ : ਡਾ. ਭਗਵੰਤ ਸਿੰਘ
ਪੰਨੇ : 200 ਕੀਮਤ : 200= ਰੁਪਏ
‘ਇੱਕ ਸਾਰਥਕ ਰਸਾਲਾ ਜਾਗੋ ਇੰਟਰਨੈਸ਼ਨਲ’
ਤੇਜਿੰਦਰ ਚੰਡਿਹੋਕ
ਸਾਹਿਤ ਦੇ ਖੇਤਰ ਵਿੱਚ ਰਸਾਲਿਆਂ ਦਾ ਅਹਿਮ ਰੋਲ ਹੁੰਦਾ ਹੈ। ਵੱਡੀਆਂ ਪੁਸਤਕਾਂ ਦੀ ਥਾਂ ਛੋਟੇ-ਛੋਟੇ ਬੁੱਕਲੈਟ ਭਾਵ ਰਸਾਲੇ ਪੜ੍ਹਨ ਵਿੱਚ ਆਸਾਨ ਅਤੇ ਦਿਲਚਸਪ ਹੁੰਦੇ ਹਨ। ਵਰਤਮਾਨ ਸਮੇਂ ਬਹੁਤ ਸਾਰੇ ਰਸਾਲੇ ਸਾਹਿਤਕ ਖੇਤਰ ਵਿੱਚ ਆ ਰਹੇ ਹਨ ਪਰ ਦੁਬਿਧਾ ਇਹ ਬਣ ਗਈ ਹੈ ਕਿ ਪਾਠਕਾਂ ਨਾਲੋਂ ਲੇਖਕਾਂ ਦੀ ਸੰਖਿਆ ਵੱਧ ਗਈ ਹੈ। ਸੋਸ਼ਲ ਮੀਡੀਆ ਤੇ ਹੀ ਦੇਖ ਲਓ ਕਿਸੇ ਦੀ ਕੋਈ ਪੋਸਟ ਕੀਤੀ ਰਚਨਾ ਪੜ੍ਹੇ ਜਾ ਨਾ ਪੜ੍ਹੇ ਪਰ ਆਪਣੀ ਰਚਨਾ ਹਰ ਕੋਈ ਪੋਸਟ ਕਰ ਰਿਹਾ ਹੈ। ਇਸੇ ਕਰਕੇ ਗਰੁੱਪਾਂ ਵਿੱਚ ਪੋਸਟਾਂ ਦੀ ਦੁਹਰਾਈ ਹੁੰਦੀ ਨਜ਼ਰ ਆਉਂਦੀ ਹੈ। ਦੂਜਾ ਬੇਸ਼ੁਮਾਰ ਪ੍ਰਕਾਸ਼ਿਤ ਹੋ ਰਹੇ ਰਸਾਲਿਆਂ ਵਿੱਚੋਂ ਚੰਗੇ ਰਸਾਲੇ ਦੀ ਚੋਣ ਕਰਨੀ ਵੀ ਔਖੀ ਹੋ ਗਈ ਹੈ ਅਤੇ ਦੂਜਾ ਆਨ ਲਾਈਨ ਰਸਾਲਿਆਂ ਨੇ ਪ੍ਰਕਾਸ਼ਿਤ ਰਸਾਲਿਆਂ ਨੂੰ ਆਰਥਿਕ ਢਾਅ ਲਾਈ ਹੈ। ਇਸੇ ਕਾਰਨ ਕਈ ਤਿਮਾਹੀ ਰਸਾਲੇ ਹੁਣ ਸਾਲਾਨਾ ਰਸਾਲਿਆਂ ਵਜੋਂ ਪ੍ਰਕਾਸ਼ਿਤ ਹੋਣ ਲੱਗ ਪਏ ਹਨ।
ਜੇ ਜਾਗੋ ਇੰਟਰਨੈਸ਼ਨਲ ਰਸਾਲੇ ਦੀ ਗੱਲ ਕਰੀਏ ਤਾਂ ਇਹ ਇੱਕ ਸਾਰਥਕ ਰਸਾਲਾ ਹੈ ਜਿਸ ਵਿੱਚ ਬੇਹਤਰੀਨ ਸਮਗਰੀ ਛਾਪੀ ਜਾਂਦੀ ਹੈ। ਇਹ ਰਸਾਲਾ ਵੀ ਉਂਜ ਤਿਮਾਹੀ ਹੈ ਪਰ ਹੁਣ ਦਾ ਅੰਕ ਅਪ੍ਰੈਲ 2025-ਮਾਰਚ 2026 ਪੁਸਤਕ ਲੜੀ ਨੰਬਰ 101-104 ਦੇ ਰੂਪ ਵਿੱਚ ਪ੍ਰਕਾਸ਼ਿਤ ਹੋਇਆ ਹੈ ਅਤੇ ਇਸ ਵਾਰ ਇਸ ਰਸਾਲੇ ਦਾ ਜੋਰਾ ਸਿੰਘ ਮੰਡੇਰ ਵਿਸ਼ੇਸ਼ ਅੰਕ ਦੀ ਸੰਪਾਦਨਾ ਡਾ. ਭਗਵੰਤ ਸਿੰਘ ਨੇ ਮਾਲਵਾ ਰਿਸਰਚ ਸੈਂਟਰ, ਪਟਿਆਲਾ ਅਧੀਨ ਕੀਤੀ ਹੈ। ਇਸ ਰਸਾਲੇ ਵਿੱਚ ਕਈ ਪਤਣਾਂ ਦਾ ਪਾਣੀ ਪੀਣ ਵਾਲੇ ਜੋਰਾ ਸਿੰਘ ਮੰਡੇਰ ਦੇ ਜੀਵਨ ਬਿਓਰਾ ਵਿੱਚ ਘਰਬਾਰ ਤੋਂ ਲੈ ਕੇ ਉਹਨਾਂ ਦੇ ਕਿੱਤਿਆਂ, ਸਾਹਿਤਕ ਸਫਰ ਅਤੇ ਜੀਵਨ ਦੇ ਸੰਘਰਸ਼ ਦੀ ਵਿਸਤਾਰਿਤ ਜਾਣਕਾਰੀ ਦਿੱਤੀ ਗਈ ਹੈ। ਰਸਾਲੇ ਵਿੱਚ ਹੋਰ ਮੈਟਰ ਤੋਂ ਇਲਾਵਾ ਤਸਵੀਰਾਂ, ਪੁਸਤਕਾਂ ਦੀ ਪ੍ਰਾਪਤ ਸੁਚੀ ਅਤੇ ਸ਼ੋਕ ਸੰਦੇਸ਼ ਸ਼ਾਮਲ ਕੀਤਾ ਗਿਆ ਹੈ।
ਜੋਰਾ ਸਿੰਘ ਮੰਡੇਰ ਬਾਰੇ ਵੱਖ-ਵੱਖ ਵਿਦਵਾਨਾਂ ਵਲੋਂ ਆਪੋ ਆਪਣੇ ਵਿਚਾਰਾਂ ਨਾਲ਼ ਲਬਰੇਜ਼ ਲੇਖ ਉਹਨਾਂ ਦੇ ਸੰਘਰਸ਼ਮਈ ਜੀਵਨ ਦਾ ਬਿਰਤਾਂਤ ਪੇਸ਼ ਕਰਦੇ ਹਨ। ਕੁਝ ਵਿਦਵਾਨਾਂ ਨੇ ਉਹਨਾਂ ਦੀਆਂ ਰਚਨਾਵਾਂ ਨਾਲ਼ ਸਬੰਧਤ ਵਿਚਾਰ ਅਤੇ ਕਾਵਿ ਚਿੱਤਰ ਵੀ ਦਰਜ ਹਨ। ਅਨੋਖ ਸਿੰਘ ਵਿਰਕ, ਚਰਨਜੀਤ ਸਿੰਘ ਉਡਾਰੀ, ਡਾ. ਨਰਵਿੰਦਰ ਕੌਸ਼ਲ, ਦੀਵਾਨ ਸਿੰਘ, ਡਾ. ਭਗਵੰਤ ਸਿੰਘ ਵਰਗੇ ਵਿਦਵਾਨਾਂ ਨੇ ਉਹਨਾਂ ਬਾਰੇ ਲਿਖਿਆ ਹੈ। ਜੋਰਾ ਸਿੰਘ ਮੰਡੇਰ ਦੀਆਂ ਰਚਨਾਵਾਂ ਦੀਆਂ ਵੰਨਗੀਆਂ ਜਿਵੇਂ ਕਿ ਕਵਿਤਾ, ਵਾਰਤਕ, ਕਹਾਣੀਆਂ ਅਤੇ ਨਾਵਲਾਂ ਦਾ ਜਿਕਰ ਵੀ ਕੀਤਾ ਗਿਆ ਹੈ। ਜੋਰਾ ਸਿੰਘ ਮੰਡੇਰ ਨੇ ਆਪਣੇ ਸ਼ਬਦਾਂ ਵਿੱਚ ਇਕਬਾਲ ਕੀਤਾ ਹੈ ਕਿ ਉਹਨਾਂ ਦੀ ਲੇਖਣੀ ਨੂੰ ਪ੍ਰਤੱਖ ਰੂਪ ਦੇਣ ਵਾਲੀ ਉਹਨਾਂ ਦੀ ਪਤਨੀ ਸੀ ਜਿਸ ਦੀ ਮੌਤ ਸਾਲ 2011 ਵਿੱਚ ਹੋਣ ਤੋਂ ਬਾਅਦ ਹੀ ਉਹਨਾਂ ਨੇ ਸਾਹਿਤ ਦੇ ਖੇਤਰ ਵਿੱਚ ਪੁਸਤਕ ਦੇ ਰੂਪ ਵਿੱਚ ਦਸਤਖਤ ਦਿੱਤੀ। ਉਹਨਾਂ ਦੀ ਪਲੇਠੀ ਕਾਵਿ ਪੁਸਤਕ ‘ਧਰਤੀ ਦੇ ਜਾਏ’ 2015 ਵਿੱਚ ਪ੍ਰਕਾਸ਼ਿਤ ਹੋਈ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਚਾਰ ਕਾਵਿ ਸੰਗ੍ਰਹਿ, ਇੱਕ ਕਹਾਣੀ ਸੰਗ੍ਰਹਿ, ਤਿੰਨ ਨਾਵਲ ਅਤੇ ਸਫਰਨਾਮਾ ਪਾਠਕਾਂ ਦੀ ਝੋਲੀ ਪਾਇਆ ਹੈ।
ਸਮੁੱਚੇ ਤੌਰ ਤੇ ਡਾ. ਭਗਵੰਤ ਸਿੰਘ ਦਾ ਇਹ ਰਸਾਲਾ ਬਹੁਤ ਸਾਰੀ ਮੁੱਲਵਾਨ ਸਮਗਰੀ ਲੈ ਕੇ ਆਉਂਦਾ ਹੈ ਜਿਹੜਾ ਉੱਚ ਪਾਏ ਦਾ ਹੋਣ ਦੇ ਨਾਲ਼-ਨਾਲ਼ ਜਾਣਕਾਰੀ ਭਰਪੂਰ ਵੀ ਹੁੰਦਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਇਹ ਰਸਾਲਾ ਵਰਤਮਾਨ ਖੋਜਾਰਥੀਆਂ ਲਈ ਬੇਹੱਦ ਲਾਹੇਵੰਦ ਹੁੰਦਾ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਕਾਰਜ ਲਈ ਸੰਪਾਦਕ ਡਾ. ਭਗਵੰਤ ਸਿੰਘ ਹੁਰਾਂ ਨੂੰ ਬਹੁਤ ਬਹੁਤ ਮੁਬਾਰਕਾਂ।
ਸਾਬਕਾ ਏ.ਐਸ. ਪੀਲੂ ਨੈਸ਼ਨਲ ਐਵਾਰਡੀ
ਸੰਪਰਕ ਨੰ : 95010-00224