ਵਕਤ ਦੇ ਨਾਲ਼ ਦਾਦੀ ਸਾਰੇ ਹੀ ਕੰਮ ਨਿਬੇੜਦੀ ਸੀ,
ਖਾਲੀ ਸਮੇਂ ਵਿੱਚ ਅਟੇਰਨ ਉੱਤੇ ਸੂਤ ਅਟੇਰਦੀ ਸੀ।
ਰਾਤ ਨੂੰ ਸੌਂਣ ਤੋਂ ਪਹਿਲਾਂ ਸੁਣਾਉਂਦੀ ਸੀ ਕਹਾਣੀਆਂ,
ਬਹਿਣ ਤੋਂ ਵਰਜਦੀ ਸੀ ਵਿੱਚ ਕੁਸੰਗਤੀ ਢਾਣੀਆਂ।
ਘੂਰੀ ਵੱਟ ਡਰਾਉਂਦੀ ਸੀ ਜਦੋਂ ਕਰਨੀਆਂ ਸ਼ਰਾਰਤਾਂ,
ਸਿਆਣੀਆਂ ਗੱਲਾਂ ਦੇ ਨਾਲ਼ ਪਾਉਂਦੀ ਸੀ ਬੁਝਾਰਤਾਂ।
ਅਦਬ ਸਤਿਕਾਰ ਦੀਆਂ ਅਕਸਰ ਦੱਸਦੀ ਸੀ ਗੱਲਾਂ,
ਦੱਸਦੀ ਸੀ ਕਾਮਯਾਬ ਲੋਕਾਂ ਦੀਆਂ ਮਾਰੀਆਂ ਮੱਲਾਂ।
ਘਰ ਦੀਆਂ ਲੋੜਾਂ ਲਈ ਖਾਲੀ ਕਰ ਦਿੰਦੀ ਸੀ ਖੀਸਾ,
ਅਕਲ ਨੂੰ ਵੰਡਣ ਸਮੇਂ ਦਿਖਾਉਂਦੀ ਸੀ ਅਸਲ ਸ਼ੀਸ਼ਾ।
ਕੁੱਤੇ ਬਿੱਲੇ ਦੇ ਬਚਾਅ ਤੋਂ ਹੱਥ ਵਿੱਚ ਰੱਖਦੀ ਸੀ ਸੋਟੀ,
ਝੱਟ ਦੱਸ ਦਿੰਦੀ ਸੀ ਫਲਾਣੇ ਬੰਦੇ ਦੀ ਨੀਅਤ ਹੈ ਖੋਟੀ।
ਦੱਸਦੀ ਸੀ ਜਿਸਦੀ ਕੋਠੀ ਦਾਣੇ ਉਸਦੇ ਝੱਲੇ ਸਿਆਣੇ,
‘ਦੇਵ’ ਬੜੇ ਲਾਡ ਨਾਲ਼ ਪਾਲ਼ਦੀ ਸੀ ਘਰ ਦੇ ਨਿਆਣੇ।

ਲੈਕਚਰਾਰ ਦਵਿੰਦਰ ਪਾਲ ਬਾਤਿਸ਼
67 ਗਰੀਨ ਐਵਨਿਊ ਰੋਪੜ (ਪੰਜਾਬ)