ਧਾਰਨਾ ਹੈ ਕਿ ਸਿੱਖ ਇਤਿਹਾਸ ਸਿਰਜ ਸਕਦੇ ਹਨ, ਲਿਖ ਨਹੀਂ ਸਕਦੇ। ਇਹ ਕਥਨ ਸਿੱਖਾਂ ਦੀ ਬੇਪ੍ਰਵਾਹੀ ਤੇ ਲਾਪ੍ਰਵਾਹੀ ’ਤੇ ਪੂਰੀ ਤਰ੍ਹਾਂ ਢੁੱਕਦਾ ਹੈ। ਇਹ ਸਿੱਖ ਹੀ ਹਨ, ਜੋ ਦੁਨੀਆਂ ਦੇ ਸਰਵੋਤਮ ਸ਼ਾਸਕ ਆਪਣੇ ਪਿਆਰੇ ਮਹਾਰਾਜਾ ਰਣਜੀਤ ਸਿੰਘ ਅਤੇ ਸੰਸਾਰ ਦੇ ਨੰਬਰ ਇੱਕ ਜਰਨੈਲ ਸ. ਹਰੀ ਸਿੰਘ ਨਲਵਾ ਨੂੰ 185 ਸਾਲਾਂ ’ਚ ਹੀ ਭੁੱਲ-ਵਿਸਾਰ ਸਕਦੇ ਹਨ। ਦੁਨੀਆਂ ਦੇ ਲੋਕ ਤਾਂ ਇਹਨਾਂ ਮਹਾਨ ਮਨੁੱਖਾਂ ਨੂੰ ਜਾਣਦੇ ਹਨ ਪਰ ਸਿੱਖਾਂ ਨੂੰ ਇਹਨਾਂ ਦਾ ਅੱਜ ਚਿੱਤ-ਚੇਤਾ ਨਹੀਂ। ਚੁਰਾਸੀ ਦੇ ਘੱਲੂਘਾਰੇ ਸਮੇਂ ਭਾਰਤੀ ਫ਼ੌਜ ਵੱਲੋਂ ਚੁੱਕਿਆ ਸਿੱਖ-ਸਾਹਿਤ ਤੇ ਇਤਿਹਾਸ ਦਾ ਅਮੁੱਲਾ ਖ਼ਜ਼ਾਨਾ ਜੋ ਭਾਰਤ ਸਰਕਾਰ ਕਹਿੰਦੀ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਮੋੜ ਦਿੱਤਾ ਗਿਆ ਸੀ, ਉਹ ਉਪਲਬਧ ਹੀ ਨਹੀਂ। ਇਹ, ਸਿੱਖ ਆਪ ਹੀ ਖੁਰਦ-ਬੁਰਦ ਕਰ ਜਾਂ ਵੇਚ-ਵੱਟ ਖਾ-ਖਪਾ ਗਏ ਹਨ- ਰੱਬ ਜਾਣੇ! ਖ਼ੈਰ, ਮਹਾਰਾਣੀ ਜਿੰਦਾਂ ਬਾਰੇ ਅੱਜ ਸ਼ਾਇਦ ਇਕ ਫ਼ੀਸਦੀ ਸਿਖ ਕੁਝ ਜਾਣਦੇ ਹੋਰ ਪਰ ‘ਮਹਾਰਾਣੀ ਜਿੰਦਾਂ’ ਪੁਸਤਕ ਛਾਪ ਕੇ ਇਸ ਦੇ ਲੇਖਕਾਂ ਨੇ ਸਮਝੋ ਸਿੱਖਾਂ ’ਤੇ ਇੱਕ ਅਹਿਸਾਨ ਹੀ ਤਾਂ ਕਰ ਦਿੱਤਾ ਹੈ।
‘ਮਹਾਰਾਣੀ ਜਿੰਦਾਂ’ ਪੁਸਤਕ ਵਿੱਚ ਸ. ਮੰਨਾ ਸਿੰਘ ਔਲਖ ਦੀ ਪੁੱਤਰੀ ਅਤੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਤੇ ਰਾਜਸੀ ਸੂਝ ਤੋਂ ਚੇਤੰਨ ਮਹਾਰਾਣੀ ਜਿੰਦਾਂ ਦੀ ਜਨਮ ਤੋਂ ਲੈ ਕੇ ਪਹਿਲੀ ਅਗਸਤ, 1863 ਨੂੰ ਸੁਰਗਵਾਸ ਹੋ ਕੇ ਨਰਬਦਾ ਨਦੀ ਵਿੱਚ ਸਮਾਉਣ ਤੱਕ ਦੀ ਕਹਾਣੀ ਹੈ। ਇਹ ਕਹਾਣੀ ਇੱਕ ਬਲਦੀ ਚਿਖਾ ਵਰਗਾ ਪ੍ਰਭਾਵ ਛੱਡਦੀ ਹੈ ਕਿ ਕਿਵੇਂ ਸ਼ੇਰੇ-ਪੰਜਾਬ ਦੀ ਇਹ ਮਹਿਬੂਬ ਮਹਾਰਾਣੀ ਉਸਦੇ ਅੱਖਾਂ ਮੀਟਣ ਮਗਰੋਂ ਦੁੱਖਾਂ ਦੇ ਭਵਸਾਗਰ ਵਿੱਚ ਰੁੜ੍ਹਦੀ-ਹੜ੍ਹਦੀ ਹੈ। ਕਿਵੇਂ ਸੁੰਮਨ-ਬੁਰਜ ’ਚੋਂ ਕੱਢਕੇ ਉਸਨੂੰ ਸ਼ੇਖੂਪੁਰੇ, ਬਨਾਰਸ ਤੇ ਮਗਰੋਂ ਚੁਨਾਰ ਕਿਲ੍ਹੇ ਵਿੱਚ ਨਜ਼ਰਬੰਦ ਕੀਤਾ ਗਿਆ ਤੇ ਕਿਸੇ ਹੀਲੇ-ਵਸੀਲੇ ਇੱਥੋਂ ਨਿਕਲ ਕੇ ਉਹ ਨੇਪਾਲ ਪਹੁੰਚੀ ਤੇ ਗਿਆਰ੍ਹਾਂ ਵਰ੍ਹੇ ਉੱਥੇ ਗੁਜ਼ਾਰੇ। ਫਿਰ ਕਲਕੱਤੇ ਪਹੁੰਚਣ ’ਤੇ ਲਗਭਗ ਤੇਰ੍ਹਾਂ ਵਰਿ੍ਹਆਂ ਮਗਰੋਂ ਆਪਣੇ ਪੁੱਤਰ ਦਲੀਪ ਸਿੰਘ ਨੂੰ ਮਿਲੀ। ਇਸ ਤੋਂ ਮਗਰੋਂ ਇੰਗਲੈਂਡ ਪੁੱਜਣ ’ਤੇ ਵੀ ਉਸਨੂੰ ਉਸਦੇ ਪੁੱਤਰ ਤੋਂ ਅਲੱਗ ਰੱਖਿਆ ਗਿਆ। ਸਾਰੀ ਜ਼ਿੰਦਗੀ ਉਸਨੇ ਖੁੱਸ ਗਏ ਰਾਜ-ਭਾਗ ਤੇ ਪੁੱਤਰ ਦਾ ਵਿਛੋੜਾ ਹੰਢਾਇਆ। ਉਹ ਆਪਣਿਆਂ ਤੇ ਬਿਗ਼ਾਨਿਆਂ ਦੇ ਜ਼ੁਲਮ ਦੀ ਚੱਕੀ ਦੇ ਪੁੜਾਂ ਵਿੱਚ ਪਿਸੀ ਪਰ ਉਸਨੂੰ ਨਿਆਂ ਤੇ ਸੁੱਖ ਨਾ ਮਿਲਿਆ। ਅੰਗਰੇਜ਼ਾਂ ਵੱਲੋਂ ਉਸਦਾ ਧਨ-ਦੌਲਤ ਲੁੱਟਿਆ ਗਿਆ। ਉਸ ਨਾਲ ਕੀਤੇ ਵਿਤੀ ਵਾਅਦੇ ਤੋੜੇ ਗਏ। ਜਾਸੂਸੀ ਤੇ ਸਾਜਿਸ਼ਾਂ ਕਰਕੇ ਉਸਨੂੰ ਅਸਹਿ ਤਸੀਹੇ ਦਿੱਤੇ ਗਏ। ਉਸਨੂੰ ਹਰ ਤਰ੍ਹਾਂ ਜ਼ਲੀਲ ਤੇ ਖ਼ੁਆਰ ਕੀਤਾ ਗਿਆ ਪਰ ਉਹ ਇੱਕ ਸਿਦਕਵਾਨ ਤੇ ਬਲਵਾਨ ਸਿੱਖ ਔਰਤ ਸੀ ਜੋ ਸਭ ਕੁਝ ਗੁਆ ਕੇ ਤੇ ਲੰਮਾ ਸਮਾਂ ਜ਼ੁਲਮ ਹੰਢਾਅ ਕੇ ਵੀ ਆਪਣੇ ਪੁੱਤਰ ਦਲੀਪ ਸਿੰਘ ਵਿੱਚੋਂ ਕਲਗੀਧਰ ਪਾਤਸ਼ਾਹ ਦੀ ਸਿੱਖੀ ਦੇਖਣ ਦੀ ਤਲਬਗਾਰ ਸੀ।
ਮਹਾਰਾਣੀ ਜਿੰਦਾਂ ਦਾ ਅਕਸ, ਸਾਜਿਸ਼ੀ-ਵਿਰੋਧੀਆਂ ਤੇ ਲੇਖਕਾਂ/ਇਤਿਹਾਸਕਾਰਾਂ ਦੀ ਬਦਨੀਤੀ ਤੇ ਬੇਰੁਖ਼ੀ ਕਰਕੇ ਭਰਮ-ਭ੍ਰਾਂਤੀਆ ਵਾਲਾ ਹੀ ਰਿਹਾ ਹੈ। ਗਿ. ਗਿਆਨ ਸਿੰਘ ਤੇ ਸਿੱਖਾਂ ਦੀ ਬਹਾਦਰੀ ਦੇ ਪ੍ਰਸ਼ੰਸਕ ਸ਼ਾਹ ਮੁਹੰਮਦ ਵਰਗੇ ਸ਼ਾਇਰ ਵੀ ਉਸ ਨਾਲ ਨਿਆਂ ਨਾ ਕਰ ਸਕੇ। ਸਿੱਖਾਂ ਵਿੱਚੋਂ ਗਿ. ਸੋਹਣ ਸਿੰਘ ਸੀਤਲ ਸਿਰਮੌਰ ਲੇਖਕ ਹੈ ਜਿਸ ਨੇ ਜਿੰਦਾਂ ਦੇ ਦਰਦ ਨੂੰ ਸਮਝਿਆ, ਲਿਖਿਆ ਤੇ ਪ੍ਰਸ਼ੰਸਾਮਈ ਢੰਗ ਨਾਲ ਗਾਇਆ ਹੈ। ਗਿਆਨੀ ਸੀਤਲ ਮਗਰੋਂ ਹਰਚੰਦ ਸਿੰਘ ਬਾਗੜੀ ਹੀ ਇੱਕੋ-ਇੱਕ ਲੇਖਕ ਹਨ ਜਿਸ ਨੇ ‘ਮਹਾਰਾਣੀ ਜਿੰਦਾਂ ਅਣਖ ਪੰਜਾਬ ਦੀ’ ਮਹਾਂਕਾਵਿ ਲਿਖ ਕੇ ਬਦਨਸੀਬ ਜਿੰਦਾਂ ਦੇ ਦੁੱਖਾਂ ਦੀ ਕਹਾਣੀ ਬਿਆਨੀ ਹੈ।
ਪੁਸਤਕ ਵਿੱਚ ਡਾ. ਤੇਜਵੰਤ ਮਾਨ, ਡਾ. ਸਵਰਾਜ ਸਿੰਘ ਤੇ ਭਾਈ ਹਰਸਿਮਰਨ ਸਿੰਘ ਦੇ ਸਾਰਥਕ ਵਿਚਾਰਾਂ ਉਪਰੰਤ ਡਾ. ਭਗਵੰਤ ਸਿੰਘ, ਸੰਦੀਪ ਸਿੰਘ ਦਾ ਖੋਜ-ਭਰਪੂਰ ਸੰਪਾਦਕੀ ਤੇ ਨੰਦ ਕੁਮਾਰ ਦੇਵ ਸ਼ਰਮਾ ਤੇ ਡਾ. ਤੇਜਾ ਸਿੰਘ ਤਿਲਕ ਵੱਲੋਂ ਅਨੁਵਾਦਿਤ ਛੇ ਨਿਬੰਧ ਸਲਾਹੁਣਯੋਗ ਹਨ।
ਡਾ. ਰਮਿੰਦਰ ਕੌਰ ਨੇ ਹਾਲਾਤ ਦਾ ਪਿਛੋਕੜ, ਸੂਝ ਅਤੇ ਸੰਖੇਪਤਾ ਨਾਲ ਬਿਆਨ ਕੇ ਪ੍ਰਸੰਗਿਕ ਸਾਹਿਤਕ-ਕ੍ਰਿਤਾਂ ਨਿਪੁੰਨਤਾ ਸਾਹਿਤ ਪਾਠਕਾਂ ਸਾਹਵੇਂ ਪੇਸ਼ ਕੀਤੀਆਂ ਹਨ। ਸੰਦੀਪ ਸਿੰਘ ਦੀਆਂ ਮਹਾਰਾਣੀ ‘ਕੋਸ਼ਾਂ’ ਵਿੱਚ ਤੇ ਮਹਾਰਾਣੀ/ਦਲੀਪ ਸਿੰਘ ਦੀਆਂ ਚਿੱਠੀਆਂ ਮਹਾਰਾਣੀ ਦੇ ਸੁਭਾਅ ਤੇ ਰਾਜਸੀ ਨਜ਼ਰੀਏ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਅਮਰਜੀਤ ਚੰਦਨ ਦਾ ਮਹਾਰਾਜਾ ਰਣਜੀਤ ਸਿੰਘ ਦੀਆਂ ਪੋਤਰੀਆਂ ਬਾਰੇ ਲੇਖ ਜਾਣਕਾਰੀ ਭਰਪੂਰ ਤੇ ਦੁਰਲੱਭ ਹੈ। ਬੀਬੀ ਸਿਮਰਨ ਕੌਰ, ਡਾ. ਰਾਜਵੀਰ ਕੌਰ ਤੇ ਪ੍ਰੋ. ਸ਼ਰਨਜੀਤ ਸਿੰਘ ਦੇ ਸੰਖੇਪ ਨਿਬੰਧ ਵੀ ਵਧੀਆ ਹਨ। ਰਸ਼ਪਾਲ ਕੌਰ ਦਾ ਇਸ ਕਾਲ ਨਾਲ ਸੰਬੰਧਿਤ ਇਤਿਹਾਸਕ ਘਟਨਾਵਾਂ ਅਤੇ ਬੰਸਾਵਲੀ ਮਹਾਰਾਜਾ ਰਣਜੀਤ ਸਿੰਘ ਤੇ ਸੰਧਾਵਾਲੀਆਂ, ਜਗਦੀਪ ਸਿੰਘ ਦੁਆਰਾ ਪੇਸ਼ ਲਾਹੌਰ ਦਰਬਾਰ ’ਤੇ ਅੰਗਰੇਜ਼ਾਂ ਦੀਆਂ ਸੰਧੀਆਂ ਦੇ ਉਤਾਰੇ ਤੇ ਅਖ਼ੀਰ ਵਿੱਚ ਸਿੱਖ-ਇਤਿਹਾਸ ਨਾਲ ਸੰਬੰਧਿਤ ਪ੍ਰਮਾਣਿਕ ਪੁਸਤਕਾਂ ਦੀ ਸੂਚੀ ਹੈ ਜਿਸ ਤੋਂ ਸਿੱਖ ਤੇ ਖ਼ਾਸਕਰ ਸਿੱਖਾਂ ਦੀ ਨਵੀਂ ਪੀੜ੍ਹੀ ਵੱਡਾ ਲਾਭ ਪ੍ਰਾਪਤ ਕਰ ਸਕਦੀ ਹੈ।
ਅੰਤ ਵਿੱਚ ਮੈਂ ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਉਹਨਾਂ ਇਹ ਪੁਸਤਕ ਪ੍ਰਕਾਸ਼ਿਤ ਕਰਕੇ ਸਿੱਖਾਂ ਨੂੰ ਆਪਣੇ ਅਤੀਤ ਤੇ ਇਤਿਹਾਸ ਵੱਲ ਝਾਕਣ ਦਾ ਇਸ਼ਾਰਾ ਕੀਤਾ ਹੈ।
ਸ਼ੇਰ ਸਿੰਘ ਕੰਵਲ