ਅਗਨੀਵੀਰ ਅਕਾਸ਼ਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ
ਕੋਟਕਪੂਰਾ, 20 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਅਹੁਦੇਦਾਰ ਅਤੇ ਮੈਂਬਰਾਂ, ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਚਹਿਲ ਦੇ ਮਹਾਨ ਸਪੂਤ, ਅਗਨੀਵੀਰ ਅਕਾਸ਼ਦੀਪ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਓਹਨਾਂ ਦੇ ਘਰ ਗਏ। ਸ਼ਹੀਦ ਨੌਜਵਾਨ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਸਿੱਧੂਪੁਰ ਜਥੇਬੰਦੀ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬੋਹੜ ਧਾਲੀਵਾਲ ਰੁਪੱਈਆਂਵਾਲਾ ਨੇ ਕਿਹਾ ਕਿ ਇਹ ਗੱਲ ਸਾਰੀ ਦੁਨੀਆਂ ਜਾਣਦੀ ਹੈ ਕਿ ਮਾਂ ਪਿਓ ਦੇ ਜਿਉਂਦੇ ਜੀਅ ਨੌਜਵਾਨ ਪੁੱਤਰ ਦਾ ਇਸ ਦੁਨੀਆਂ ਤੋਂ ਚਲਾ ਜਾਣਾ ਕਿੰਨਾ ਦੁੱਖਦਾਇਕ ਹੁੰਦਾ ਹੈ। ਜ਼ਿਲ੍ਹਾ ਜਨਰਲ ਸਕੱਤਰ ਫ਼ਰੀਦਕੋਟ ਇੰਦਰਜੀਤ ਸਿੰਘ ਘਣੀਆਂ ਨੇ ਕਿਹਾ ਕਿ ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਓਸ ਦੇ ਮਾਪਿਆਂ ਜਾਂ ਪਰਿਵਾਰਕ ਮੈਂਬਰਾਂ ਨੂੰ ਇਹ ਕਹਿਣਾ ਕਿ ਸਬਰ ਕਰੋ, ਹੌਂਸਲਾ ਰੱਖੋ ਤੇ ਵਾਹਿਗੁਰੂ ਦਾ ਭਾਣਾ ਮੰਨੋ! ਇਹ ਗੱਲਾਂ ਕਹਿਣੀਆਂ ਤਾਂ ਬਹੁਤ ਸੌਖੀਆਂ ਹਨ ਪਰ ਇਸ ਸਭ ਕੁਝ ’ਤੇ ਅਮਲ ਕਰਨਾ ਕਿੰਨਾ ਮੁਸ਼ਕਿਲ ਹੈ। ਇਹ ਤਾਂ ਸਿਰਫ਼ ਓਹ ਹੀ ਜਾਣਦਾ ਹੁੰਦਾ ਹੈ, ਜਿਸ ’ਤੇ ਇਹ ਦੁੱਖਾਂ ਦਾ ਪਹਾੜ ਟੁੱਟਿਆ ਹੁੰਦਾ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੀ ਨਿੰਦਾ ਕਰਦਿਆਂ ਹੋਇਆਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ’ਤੇ ਆਪਣੀ ਛਾਤੀ ਡਾਹ ਕੇ ਦੇਸ਼ ਦੀ ਅਤੇ ਦੇਸ਼ ਦੇ ਬਾਸ਼ਿੰਦਿਆਂ ਦੀ ਜਾਨ ਮਾਲ ਦੀ ਰਾਖੀ ਕਰਨ ਵਾਲੇ ਨੌਜਵਾਨਾਂ ਦੀ ਸ਼ਹਾਦਤ ਉਪਰੰਤ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਆਪਣੇ ਬੁੱਲ੍ਹਾਂ ਨੂੰ ਟਾਂਕੇ ਲਾ ਕੇ ਕੁਛ ਵੀ ਬੋਲਣ ਤੋਂ ਚੁੱਪ ਵੱਟ ਲੈਣੀ ਅਤੇ ਓਸ ਦੇ ਅੰਤਿਮ ਸੰਸਕਾਰ ਮੌਕੇ ਸਿਰਫ਼ ਲੋਕਲ ਏਰੀਏ ਦੇ ਫ਼ੌਜੀ ਜਵਾਨਾਂ ਨੇ ਪਹੁੰਚਣ ਦੇ ਬਾਵਜੂਦ ਵੀ ਓਸ ਨੂੰ ਗਾਰਡ ਆਫ਼ ਆਨਰ ਨਾ ਦੇਣਾ। ਮਤਲਬ ਕਿ ਅੰਤਿਮ ਰਸਮਾਂ ਮੌਕੇ ਹਵਾਈ ਫਾਇਰ ਕਰਕੇ ਓਸ ਨੂੰ ਸਲਾਮੀ ਨਾ ਦੇਣੀ। ਇਹ ਤਾਂ ਸ਼ਹੀਦ ਦੀ ਸ਼ਹੀਦੀ ਦਾ ਇੱਕ ਤਰ੍ਹਾਂ ਨਾਲ ਨਿਰਾਦਰ ਹੀ ਹੋਇਆ ਹੈ। ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਅਤੇ ਬਾਅਦ ਵਿੱਚ ਇਹ ਕਹਿੰਦਾ ਹੁੰਦਾ ਸੀ ਕਿ ਦੇਸ਼ ਦੀ ਰਖਵਾਲੀ ਕਰਨ ਵਾਲੇ ਅਤੇ ਆਪਣੀਆਂ ਸ਼ਹਾਦਤਾਂ ਦੇਣ ਵਾਲੇ ਨੌਜਵਾਨ ਕੇਂਦਰ ਸਰਕਾਰ ਦੀ ਨਿਗ੍ਹਾ ਵਿੱਚ ਬੇਸ਼ੱਕ ਅਗਨੀਵੀਰ ਹੋਣ! ਪਰ ਸਾਡੇ ਲਈ ਤਾਂ ਓਹ ਦੇਸ਼ ਦੇ ਰਖਵਾਲੇ ਸਾਡੇ ਫ਼ੌਜੀ ਵੀਰ ਹੀ ਹਨ ਤੇ ਦੇਸ਼ ਦੀਆਂ ਹੱਦਾਂ ਸਰਹੱਦਾਂ ਦੀ ਰਾਖੀ ਕਰਦਿਆਂ ਕਿਸੇ ਵੀ ਨੌਜਵਾਨ ਦੇ ਸ਼ਹੀਦ ਹੋਣ ਉਪਰੰਤ ਓਸ ਦੀ ਸ਼ਹਾਦਤ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਓਹਨਾਂ ਦੇ ਪਰਿਵਾਰ ਨੂੰ ਇੱਕ ਕਰੋੜ ਰੁਪੈ ਦੀ ਸਨਮਾਨ ਰਾਸ਼ੀ ਦਿੱਤੀ ਜਾਵੇਗੀ ਫ਼ੇਰ ਅਕਾਸ਼ਦੀਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ ਲੋਕਾਂ ਦੇ ਚੁਣੇ ਹੋਏ ਬਾਕੀ ਨੁੰਮਾਇੰਦਿਆਂ ਦੀਆਂ ਜ਼ੁਬਾਨਾਂ ਨੂੰ ਹੁਣ ਤਾਲੇ ਕਿਉਂ ਲੱਗ ਗਏ ਹਨ? ਚਹਿਲ ਪਿੰਡ ਦੇ ਗੁਆਂਢੀ ਅਤੇ ਨਾਲ ਲੱਗਦੇ ਹਲਕਾ ਕੋਟਕਪੂਰਾ ਤੋਂ ਵਿਧਾਇਕ ਅਤੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਆਏ ਤਾਂ ਜਰੂਰ ਪਰ ਓਹਨਾਂ ਨੇ ਵੀ ਅਕਾਸ਼ਦੀਪ ਨੂੰ ਸ਼ਹੀਦ ਕਹਿਣ ਜਾਂ ਇੱਕ ਕਰੋੜ ਰੁਪੈ ਦੀ ਸਨਮਾਨ ਰਾਸ਼ੀ ਦੇਣ ਦਾ ਐਲਾਨ ਕਰਨ ਦੀ ਜੁਰਅਤ ਕਿਉਂ ਨਹੀਂ ਕੀਤੀ? ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਆਪਣੇ ਹੱਥੀਂ ਜ਼ਹਿਰ ਪੀਣ ਵਾਲੇ ਮਤਲਬ ਕਿ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਲਈ ਮੁੱਖ ਮੰਤਰੀ ਨੇ ਝੱਟ ਹੀ ਦਸ ਦਸ ਲੱਖ ਰੁਪੈ ਦੀ ਸਹਾਇਤਾ ਰਾਸ਼ੀ ਅਤੇ ਯੋਗਤਾ ਅਨੁਸਾਰ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕਰ ਦਿੱਤਾ ਤੇ ਦੂਜੇ ਪਾਸੇ ਦੇਸ਼ ਦੀ ਰਖਵਾਲੀ ਕਰਨ ਵਾਲੇ ਨੌਜਵਾਨ ਦੀ ਸ਼ਹਾਦਤ ਹੋਣ ਉਪਰੰਤ ਸਾਰੀ ਪੰਜਾਬ ਸਰਕਾਰ ਨੇ ਕਬੂਤਰ ਵਾਂਗੂੰ ਅੱਖਾਂ ਹੀ ਮੀਚ ਲਈਆਂ! ਓਹਨਾਂ ਕਿਹਾ ਕਿ ਅਸੀਂ ਨਹੀਂ ਕਹਿੰਦੇ ਕਿ ਕਿਸੇ ਵੀ ਤਰ੍ਹਾਂ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ ਸਰਕਾਰ ਵਿੱਤੀ ਸਹਾਇਤਾ ਨਾ ਦੇਵੇ ਪਰ ਹੁਣੇ ਵਾਪਰੀਆਂ ਇਹਨਾਂ ਦੋ ਘਟਨਾਵਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਸਰਕਾਰ ਨਸ਼ਿਆਂ ਨੂੰ ਪ੍ਰਮੋਟ ਕਰ ਰਹੀ ਹੈ ਤੇ ਨਸ਼ਿਆਂ ਤੋਂ ਲੱਖਾਂ ਕੋਹਾਂ ਦੂਰ ਰਹਿ ਕੇ ਦੇਸ਼ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲਿਆਂ ਦੇ ਪਰਿਵਾਰਾਂ ਦੇ ਮਨੋਬਲ ਨੂੰ ਤੋੜਨਾ ਚਾਹੁੰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੀ 25 ਮਈ ਨੂੰ ਸ਼ਹੀਦ ਅਕਾਸ਼ਦੀਪ ਸਿੰਘ ਦਾ ਭੋਗ ਹੈ ਤੇ ਇਸ ਦਿਨ ਪੰਜਾਬ ਅਤੇ ਦੇਸ਼ ਭਰ ਵਿੱਚੋਂ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ, ਲੋਕਪੱਖੀ, ਸਮਾਜਸੇਵੀ ਅਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਹਰ ਕੋਈ ਇਨਸਾਨ ਸ਼ਹੀਦ ਦੇ ਭੋਗ ਮੌਕੇ ਪਹੁੰਚ ਕੇ ਨੌਜਵਾਨ ਦੀ ਸ਼ਹਾਦਤ ਦਾ ਸਤਿਕਾਰ ਕਰਨ ਤੋਂ ਇਲਾਵਾ ਓਸ ਦੇ ਪਿੱਛੇ ਰਹਿ ਗਏ ਮੱਧ ਵਰਗੀ ਪਰਿਵਾਰ ਦੀ ਮੱਦਦ ਕਰਨ ਤੋਂ ਇਲਾਵਾ ਅਸੀਂ ਸਾਰੇ ਰਲ ਕੇ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦਿਵਾਉਣ, ਸਰਕਾਰ ਵੱਲੋਂ ਓਸ ਦੇ ਪਰਿਵਾਰ ਨੂੰ ਇੱਕ ਕਰੋੜ ਰੁਪੈ ਦੀ ਸਨਮਾਨ ਰਾਸ਼ੀ ਦਿਵਾਉਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿਵਾਉਣ ਲਈ ਦ੍ਰਿੜਤਾ ਨਾਲ ਉਪਰਾਲਾ ਕਰੀਏ। ਇਸ ਮੌਕੇ ਓਹਨਾਂ ਦੇ ਨਾਲ ਗੁਰਾਂਦਿੱਤਾ ਸਿੰਘ ਨੰਬਰਦਾਰ, ਦਿਲਬਾਗ ਸਿੰਘ ਸਰਪੰਚ ਸ਼ੇਰ ਸਿੰਘ ਵਾਲਾ, ਗੋਲੇਵਾਲਾ ਬਲਾਕ ਦੇ ਪ੍ਰਧਾਨ ਸੁਖਚਰਨ ਸਿੰਘ ਕਾਲਾ ਨੱਥਲਵਾਲਾ, ਜਿੰਦਰ ਸਿੰਘ ਨੱਥਲਵਾਲਾ, ਰਮਨ ਮੰਡਵਾਲਾ, ਤੇਜਾ ਸਿੰਘ ਪੱਕਾ ਬਲਾਕ ਪ੍ਰਧਾਨ ਫ਼ਰੀਦਕੋਟ, ਸੁਖਪ੍ਰੀਤ ਸਿੰਘ ਝੱਖੜਵਾਲਾ ਸਮੇਤ ਸਿੱਧੂਪੁਰ ਜਥੇਬੰਦੀ ਦੇ ਹੋਰ ਵੀ ਆਗੂ ਸਹਿਬਾਨ ਅਤੇ ਵਰਕਰ ਸਹਿਬਾਨ ਸ਼ਾਮਲ ਸਨ।