ਫ਼ਰੀਦਕੋਟ , 11 ਜੂਨ (ਵਰਲਡ ਪੰਜਾਬੀ ਟਾਈਮਜ਼)
ਫ਼ਰੀਦਕੋਟ ਦੇ ਭਾਈ ਘਨੱਈਆ ਚੌਂਕ ਸਮੇਤ ਨੇੜਲੇ ਇਲਾਕੇ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਕੰਮ ਦੀ ਰਫਤਾਰ ਬਹੁਤ ਘੱਟ ਹੋਣ ਦੇ ਕਾਰਨ ਨਾ ਸਿਰਫ ਦੁਕਾਨਦਾਰਾਂ, ਬਲਕਿ ਰਾਹਗੀਰਾਂ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰ ਕਈ ਵਾਰ ਨਗਰ ਕੌਂਸਲ ਸਮੇਤ ਡਿਪਟੀ ਕਮਿਸ਼ਨਰ ਅਤੇ ਕਮਿਸ਼ਨਰ ਦਫਤਰ ਵਿੱਚ ਜਾ ਕੇ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਵੀ ਅਧਿਕਾਰੀ ਸੁਣਵਾਈ ਕਰਨ ਵਾਸਤੇ ਤਿਆਰ ਨਹੀਂ ਹੈ। ਭਾਈ ਘਨੱਈਆ ਚੌਂਕ ਦੇ ਨੇੜੇ ਪਿਛਲੇ ਤਿੰਨ ਸਾਲਾਂ ਤੋਂ ਹੀ ਸੜਕ ਨੂੰ ਕਈ ਵਾਰ ਪੁੱਟਿਆ ਗਿਆ ਅਤੇ ਬਣਾਇਆ ਗਿਆ ਹੈ ਪਰ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਇੰਨੀ ਦਿਨੀ ਵੀ ਇੱਥੇ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਪਰ ਇਸ ਦੀ ਰਫਤਾਰ ਐਨੀ ਘੱਟ ਹੈ ਕਿ ਦੁਕਾਨਦਾਰਾਂ ਦਾ ਕੰਮ ਕਾਰ ਬਿਲਕੁਲ ਠੱਪ ਹੋ ਚੁੱਕਿਆ ਹੈ। ਇਸ ਮਾਮਲੇ ਵਿੱਚ ਗੱਲਬਾਤ ਕਰਦਿਆਂ ਇਲਾਕੇ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਠੇਕੇਦਾਰ ਕੋਲ ਨਾ ਤਾਂ ਮਿਸਤਰੀ ਹਨ ਅਤੇ ਨਾ ਹੀ ਮਜ਼ਦੂਰ ਹਨ। ਹਰ ਰੋਜ਼ ਦੋ ਤਿੰਨ ਬੰਦੇ ਥੋੜਾ ਬਹੁਤ ਕੰਮ ਕਰਕੇ ਚਲੇ ਜਾਂਦੇ ਹਨ, ਜਿਸ ਦੇ ਕਾਰਨ ਇਹ ਕੰਮ ਦੇ ਜਲਦ ਖਤਮ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਅਤੇ ਉਨਾਂ ਦੇ ਕੰਮਕਾਜ ਬਿਲਕੁਲ ਠੱਪ ਹੋਏ ਪਏ ਹਨ। ਉਹਨਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਸ ਵੱਲ ਤੁਰਤ ਧਿਆਨ ਦੇਣਾ ਚਾਹੀਦਾ ਹੈ।