ਮੈਨੂੰ ਰਾਹ ਦੱਸਣ ਵਾਲਾ ਦੀਵਾ ਨਹੀਂ,
ਮੈਨੂੰ ਚਾਨਣ ਬਣਾਉਣ ਵਾਲੀ ਸੋਚ ਚਾਹੀਦੀ ਏ।
ਮੈਨੂੰ ਅੰਧ ਵਿਸ਼ਵਾਸਾਂ ਦੀ ਬਾਂਹ ਨਹੀਂ,
ਮੈਨੂੰ ਤੱਥਾਂ ਦੀ ਬੁਨਿਆਦ ਚਾਹੀਦੀ ਏ।
ਸਿੱਖਿਆ ਤਾਂ ਸਭ ਹੀ ਸਿੱਖਦੇ ਨੇ,
ਪਰ ਕੀ ਹਰ ਕੋਈ ਸਵਾਲ ਕਰ ਸਕਦਾ ਏ?
ਮੈਂ ਪੁੱਛਣਾ ਚਾਹੁੰਦੀ ਹਾਂ,
ਕਿਉਂ? ਕਿਵੇਂ? ਕਦੋਂ? ਕਿਹੜਾ ਸੱਚ?
ਮੈਨੂੰ ਓਹ ਸੱਚ ਨਹੀਂ ਚਾਹੀਦਾ,
ਜੋ ਦਹਾਕਿਆਂ ਤੋਂ ਰੱਟਿਆ ਗਿਆ ਹੋਵੇ।
ਮੈਨੂੰ ਓਹ ਸੱਚ ਚਾਹੀਦਾ ਏ,
ਜੋ ਤਰਕ ਦੀ ਅੱਗ ਵਿਚ ਰੱੜ ਕੇ ਨਿਖਰਿਆ ਹੋਵੇ।
ਰੱਬ ਹੋਵੇ, ਰੀਤ ਹੋਵੇ ਜਾਂ ਰਿਵਾਜ,
ਜੇ ਉਹ ਤਰਕ ਨਹੀਂ ਝੱਲਦੇ,
ਤਾਂ ਉਹ ਮੇਰੇ ਲਈ ਸਿਰਫ਼ ਕਹਾਣੀਆਂ ਹਨ।
ਸੁਣਨ ਯੋਗ, ਪਰ ਮੰਨਣ ਯੋਗ ਨਹੀਂ।
ਮੈਂ ਢੋੰਗੀ ਦਰਵਾਜ਼ਿਆਂ ਦੇ ਅੰਦਰ,
ਸੱਚ ਦੀ ਚੀਕ ਸੁਣੀ ਏ
ਤੇ ਇਸ ਵਾਰ ਮੈਂ ਓਸੇ ਸੱਚ ਨੂੰ,
ਆਜ਼ਾਦ ਕਰਾਉਣਾ ਚਾਹੁੰਦੀ ਹਾਂ।
ਮੈਨੂੰ ਇਮਾਨਦਾਰੀ ਚਾਹੀਦੀ ਏ
ਪਰ ਤਰਕ ਵਾਲੀ।
ਮੈਨੂੰ ਆਸਥਾ ਚਾਹੀਦੀ ਏ
ਪਰ ਜਾਂਚੀ ਹੋਈ।
ਮੈਨੂੰ ਜੀਵਨ ਚਾਹੀਦਾ ਏ ਅਜਿਹਾ,
ਪਰ ਖੁਦ ਦੀ ਸੋਚ ਵਾਲਾ।
ਮੰਜੂ ਰਾਇਕਾ।
(ਭਿੰਡਰਾਂ)ਸੰਗਰੂਰ।