ਇੱਕ ਭਾਰੀ ਚਿੰਤਾ ਦਾ ਵਿਸ਼ਾ ਹੈ ਆਪਣਾ ਪੱਛਮੀ ਮੁਲਕਾਂ ਦੇ ਮੁਕਾਬਲੇ ਹਰ ਪੱਖੋਂ ਪਿੱਛੜ ਜਾਣਾ। ਪੱਛਮੀ ਮੁਲਕਾਂ ਵਿੱਚ ਧਰਮ ਦਾ ਬੋਲਬਾਲਾ ਲਗਭਗ ਮਨਫੀ ਹੁੰਦਾ ਜਾਂਦਾ ਹੈ ਤੇ ਉਥੇ ਹੀ ਭਾਰਤ ਵਿੱਚ ਹਰ ਪਾਸੇ ਧਰਮ ਦਾ ਬੋਲਬਾਲਾ ਹੈ। ਪਰ ਫਿਰ ਵੀ ਸਦੀਆਂ ਤੋਂ ਇਸ ਮੁਲਕ ਦੀ ਗਰੀਬੀ ਜਿਉਂ ਦੀ ਤਿਉਂ ਬਣੀ ਹੋਈ ਹੈ । ਵੱਧ ਰਹੇ ਸਾਧਨ ਤੇ ਵਿਕਾਸ ਦੀ ਬਨਿਸਬਤ ਇੱਥੇ ਗਰੀਬੀ ਬੇਰੁਜ਼ਗਾਰੀ ਅਤੇ ਦੁੱਖ ਵੱਧਦੇ ਹੀ ਜਾਂਦੇ ਹਨ ਘਟਣ ਦਾ ਨਾਮ ਹੀ ਨਹੀਂ ਲੈਂਦੇ । ਜਦੋਂ ਕਿ ਪੱਛਮੀ ਲੋਕ ਰੱਬ ਵਿੱਚ ਵਿਸ਼ਵਾਸ ਨਾ ਰੱਖ ਕੇ ਵੀ ਸਾਡੇ ਮੁਲਕ ਤੋਂ ਹਰ ਪੱਖੋਂ ਕਈ ਗੁਣਾ ਵੱਧ ਤਾਕਤਵਰ ਤੇ ਵਿਕਾਸਸ਼ੀਲ ਬਣੇ ਹਨ। ਭਾਰਤ ਦੇ ਲੋਕ ਗਰੀਬੀ ਨਾਲ ਜੂਝਦੇ ਹੋਏ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਆਉਣ ਵਾਲੇ ਨਿੱਕੇ ਨਿੱਕੇ ਦੁੱਖਾਂ ਤੋਂ ਹੀ ਛੁਟਕਾਰਾ ਨਹੀ ਪਾ ਰਹੇ। ਲੋਕਾਂ ਨੂੰ ਆਪਣੀਆਂ ਨਿੱਕੀਆਂ ਨਿੱਕੀਆਂ ਲੋੜਾਂ ਦੀ ਪੂਰਤੀ ਲਈ ਵੀ ਬਹੁਤ ਸਾਰਾ ਸੰਘਰਸ਼ ਕਰਨਾ ਪੈ ਰਿਹਾ ਹੈ। ਜਿੱਥੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੋਵੇ। ਅਮੀਰ ਲੋਕਾਂ ਦੇ ਮੁਕਾਬਲੇ ਗਰੀਬ ਲੋਕਾਂ ਦੀ ਜ਼ਿੰਦਗੀ ਜੇ ਨਰਕ ਨਹੀ ਤਾ ਨਰਕ ਤੋਂ ਘੱਟ ਵੀ ਨਹੀਂ। ਅਜਿਹੀ ਜਗ੍ਹਾ ਤੇ ਵਿਕਾਸ ਅਤੇ ਸੁਚੱਜੇ ਸਮਾਜ ਦੀ ਆਸ ਕਿਵੇਂ ਰੱਖ ਸਕਦੇ ਹਾਂ! ਜਿੱਥੇ ਅਮੀਰ ਗਰੀਬ ਦਾ ਪਾੜਾ ਨਾ ਭਰਿਆ ਜਾ ਰਿਹਾ ਹੋਵੇ। ਸੋ ਭਾਰਤ ਦੇ ਲੋਕਾਂ ਦੇ ਗਰੀਬ ਅਤੇ ਦੁਖੀ ਹੋਣ ਦੇ ਬਹੁਤ ਸਾਰੇ ਕਾਰਨਾਂ ਵਿੱਚੋਂ ਮੁੱਖ ਇਹ ਹਨ।
ਅਗਿਆਨਤਾ :-
ਗਿਆਨਹੀਣ ਜੀਵ ਆਪਣੇ ਜੀਵਨ ਉਦੇਸ਼ ਨੂੰ ਭੁੱਲ ਕੇ ਨਿੱਜੀ ਹਿੱਤਾਂ ਲਈ ਜੀਉਂਦੇ ਹੋਏ ਸਮਾਂ ਟਪਾ ਰਹੇ ਹਨ। ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਹੁੰਦਾ ਕਿ ਉਹ ਕਦੋਂ ? ਕਿਸ ਤਰ੍ਹਾਂ? ਕਿਸ ਲਈ ਵਰਤੇ ਜਾ ਰਹੇ ਹਨ । ਉਹਨਾ ਨੂੰ ਹਾਕਮ ਜਾਂ ਤਾਕਤਵਰ ਧਿਰ ਕਦੋਂ ਕਿੱਥੇ ਅਤੇ ਕਿਸ ਕੰਮ ਲਈ ਵਰਤ ਗਈ ਹੈ । ਉਹਨਾ ਨੂੰ ਇਸ ਦਾ ਗਿਆਨ ਨਹੀਂ ਹੁੰਦਾ। ਗਿਆਨਹੀਨ ਲੋਕਾਂ ਨੂੰ ਚਾਰ ਅੱਖਰਾਂ ਦਾ ਗਿਆਤਾ ਕਿਵੇਂ ਵੀ ਵਰਤ ਜਾਦਾ ਹੈ ।ਉਹ ਕਿਸੇ ਵੀ ਵਾਕ ਦੇ ਮਨੋਰਥ ਨੂੰ ਜਾਣੇ ਬਿਨਾਂ ਹੀ ਉਸਨੂੰ ਇਨ ਬਿਨ ਮੰਨਣ ਅਤੇ ਅਪਣਾਉਣ ਵਿੱਚ ਕੋਈ ਹਿਚਕਚਾਹਟ ਨਹੀਂ ਕਰਦੇ। ਦੋ ਚਾਰ ਭਾਰੀ ਗੱਲਾਂ ਕਰਕੇ ਹਾਕਮ ਉਸ ਨੂੰ ਵਰਤ ਕੇ ਆਪਣਾ ਕੰਮ ਕਰਵਾ ਲੈਂਦਾ ਹੈ ਉਹ ਸਾਰੀ ਜ਼ਿੰਦਗੀ ਅਗਿਆਨਤਾ ਵੱਸ ਜਾਂ ਆਪਣੀ ਮਜਬੂਰੀ ਬਸ ਆਪ ਤਸੀਹੇ ਤੇ ਦੁੱਖ ਝੱਲ ਕੇ ਗਰੀਬੀ ਵਿੱਚ ਹੀ ਚਲਾ ਜਾਂਦਾ ਹੈ। ਇਹ ਤਰੀਕਾ ਵਰਤ ਕੇ ਹਾਕਮ ਦਿਨੋ ਦਿਨ ਹੋਰ ਅਮੀਰ ਹੋ ਰਹੇ ਹਨ ਜਦਕਿ ਗਰੀਬ ਆਪਣਾ ਉਦੇਸ਼ ਤੇ ਮਨੋਰਥ ਭੁੱਲ ਕੇ ਦਿਨੋ ਦਿਨ ਗਰੀਬ ਤੇ ਦੁਖੀ ਹੁੰਦੇ ਜਾਂਦੇ ਹਨ।
ਪੁਜਾਰੀਵਾਦ :-
ਇਹ ਵੀ ਭਾਰਤੀ ਲੋਕਾਂ ਦੀ ਗਰੀਬੀ ਅਤੇ ਦੁੱਖ ਦਾ ਇੱਕ ਵੱਡਾ ਕਾਰਨ ਹੈ। ਪਾਖੰਡੀ ਪੁਜਾਰੀਆਂ, ਡੇਰੇਦਾਰਾਂ ਦੀ ਗਿਣਤੀ ਵਿੱਚ ਲਗਾਤਾਰ ਹੋ ਰਿਹਾ ਵਾਧਾ ਲੋਕਾਂ ਦੇ ਦੁੱਖ ਤੇ ਗਰੀਬੀ ਦਾ ਕਾਰਨ ਹੈ। ਲੋਕ ਆਪਣੇ ਦੁੱਖਾਂ ਦਾ ਕਾਰਨ ਲੱਭਣ ਦੀ ਬਜਾਏ ਉਨ੍ਹਾਂ ਦਾ ਆਸ਼ੀਰਵਾਦ ਲੈਣ ਵਿੱਚ ਭਲਾ ਸਮਝਣ ਲੱਗ ਪਏ ਹਨ ।ਅਸਲੋਂ ਜੇ ਧਰਮ ਦੀ ਕਮਾਈ ਕਰਨ ,ਤਾਂ ਲੋਕ ਆਪਣੇ ਦੁੱਖਾਂ ਕਰਕੇ ਦੁਖੀ ਨਾ ਹੋਣ ਉਹ ਹਰ ਕੰਮ ਸਾਰਥਕ ਢੰਗ ਨਾਲ ਸੋਚ ਸਮਝ ਕੇ ਕਰਨ। ਜਿਵੇਂ ਪੁਜਾਰੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਉਵੇਂ ਹਰੇਕ ਪਿੰਡ ਦੇ ਹਰ ਕੋਨੇ ਵਿੱਚ ਦਸਾਂ ਘਰਾਂ ਤੋਂ ਬਾਅਦ ਹਰ ਮੋੜ ਤੇ ਕੋਈ ਨਾ ਕੋਈ ਪਖੰਡ ਦੀ ਜਗ੍ਹਾ ਵੇਖਣ ਨੂੰ ਮਿਲ ਜਾਵੇਗੀ। ਜਿੱਥੇ ਕਿਸੇ ਨਾ ਕਿਸੇ ਭੇਖ ਦੇ ਵਿੱਚ ਕੋਈ ਨਾ ਕੋਈ ਪਾਖੰਡੀ ਬੈਠਾ ਨਜ਼ਰ ਆਵੇਗਾ ਜੋ ਲੋਕਾਂ ਨੂੰ ਆਤਮ ਨਿਰਭਰ ਚੰਗੇ ਗੁਣਾਂ ਦਾ ਧਾਰਨੀ ਬਣਾਉਣ ਦੀ ਬਜਾਏ ਉਹਨਾਂ ਨੂੰ ਪਖੰਡ, ਭਰਮ ਭੁਲੇਖਾ ਸ਼ੰਕਾ ,ਦੁਵਿਧਾਵਾਂ ਵਿੱਚ ਪਾ ਕੇ , ਡਰਾ ਕੇ, ਹਰ ਪੱਖੋਂ ਲੁੱਟ ਕੇ ਆਪਣੇ ਖਜ਼ਾਨੇ ਭਰਨ ਦੀ ਮਨਸ਼ਾ ਰੱਖਦਾ ਹੈ।ਧਰਮ ਦੀ ਸਹੀ ਪਰਿਭਾਸ਼ਾ ਸਮਝ ਕੇ ਧਰਮ ਕਮਾਉਣ ਦੀ ਬਜਾਏ, ਲੋਕ ਨਿਰਾਪੁਰਾ ਪੁਜਾਰੀਵਾਦ ਦੇ ਜਾਲ ਵਿੱਚ ਫਸ ਕੇ ਵੱਡੀ ਗਿਣਤੀ ਦੇ ਵਿੱਚ ਆਪਣਾ ਪੈਸਾ, ਸਮਾਂ, ਜ਼ਿੰਦਗੀ ਵਿਅਰਥ ਗਵਾ ਰਹੇ ਹਨ । ਇੱਕ ਉਲਝਣ ਵਿੱਚੋਂ ਨਿਕਲਣ ਲਈ ਜਾਂਦੇ ਹਨ ਤੇ ਹੋਰ ਅਨੇਕਾਂ ਉਲਝਣਾ ਤੇ ਸ਼ੰਕਿਆਂ ਵਿੱਚ ਫਸ ਕੇ ਆ ਜਾਂਦੇ ਹਨ। ਜਿਸ ਤਰ੍ਹਾਂ ਜ਼ਿੰਦਗੀ ਦੀ ਤਾਣੀ ਹੋਰ ਉਲਝ ਜਾਂਦੀ ਹੈ ।ਜਿਸ ਨਾਲ ਪੈਸਾ ਤੇ ਸਮਾਂ ਦੋਨੋਂ ਬਰਬਾਦ ਹੁੰਦੇ ਹਨ । ਇਸ ਕਾਰਨ ਅੱਜ ਮਨੁੱਖ ਨੂੰ ਅਨੇਕਾਂ ਮਾਨਸਿਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਰਕੇ ਵਿਕਾਸਸ਼ੀਲ ਸਮਾਜ ਦੀ ਸੋਚਣ ਸ਼ਕਤੀ ਕਮਜ਼ੋਰ ਤੇ ਖਤਮ ਹੋ ਰਹੀ ਹੈ ਜੋ ਲਗਾਤਾਰ ਬੇਰੁਜ਼ਗਾਰੀ ਤੇ ਗਰੀਬੀ ਦਾ ਕਾਰਨ ਬਣਦੀ ਜਾ ਰਹੀ ਹੈ।
ਜਿੰਨੇ ਗੁਰੂ ਡੰਮ ਬਣਦੇ ਹਨ ਉਹਨਾਂ ਵਿੱਚ ਥਾਂ ਥਾਂ ਤੇ ਦਾਨ ਪਾਤਰ ਗੋਲਕ ਲਾਈ ਜਾਂਦੀ ਹੈ। ਜਿਨਾਂ ਉੱਤੇ ਲਿਖੇ ਸ਼ਬਦ ਬੰਦੇ ਨੂੰ ਇਹ ਯਾਦ ਦਵਾਉਂਦੇ ਹਨ ਕਿ ਇਸ ਬਖਸ਼ੇ ਵਿੱਚ ਪੈਸੇ ਪਾਓ। ਉਹ ਸ਼ਬਦ ਮੋਟੇ ਅੱਖਰਾਂ ਵਿਚ ਲਿਖਣ ਦੇ ਨਾਲ ਨਾਲ ਆਕਰਸ਼ਿਤ ਤਰੀਕੇ ਤੇ ਸੱਭਿਅਕ ਭਾਸ਼ਾ ਵਿੱਚ ਲਿਖੇ ਜਾਂਦੇ ਹਨ ਤਾਂ ਕਿ ਹਰ ਇੱਕ ਬੰਦਾ ਦੂਰੋਂ ਹੀ ਆਪਣਾ ਪਰਸ ਖੋਲ ਕੇ ਪੈਸੇ ਕੱਢ ਲਵੇ। ਉਹ ਥਾਂ ਥਾਂ ਤੇ ਲਾਏ ਦਾਨ ਪਾਤਰ ਅਤੇ ਬਾਰ-ਬਾਰ ਹਰ ਥਾਂ ਲਿਖਿਆ, ਹਰ ਇੱਕ ਵਿਅਕਤੀ ਵਿਸ਼ੇਸ਼ ਨੂੰ ਇਹ ਯਾਦ ਦਵਾਉਂਦਾ ਹੈ ਕਿ ਪੈਸੇ ਪੌਣੇ ਭੁੱਲਣੇ ਨਹੀਂ ਹਰ ਪੜਿ੍ਆ ਅਨਪੜਿ੍ਆ ਵਿਅਕਤੀ ਪੈਸੇ ਪਾਏ ਬਿਨਾ ਨਹੀ ਰਹਿੰਦਾ। ਉਹ ਸਾਰਾ ਪੈਸਾ ਪੁਜਾਰੀਆਂ ਕੋਲ ਜਾਂਦਾ ਹੈ ਜਿਸ ਨੂੰ ਕਿਸੇ ਲੋਕ ਭਲਾਈ ਦੇ ਕਾਰਜ ਤੇ ਨਾ ਖਰਚਕੇ ਉਹ ਸਿਰਫ ਨਿੱਜੀ ਹਿੱਤਾਂ ਅਤੇ ਭੋਗਾਂ ਲਈ ਵਰਤਦੇ ਹਨ। ਪੁਜਾਰੀ ਦੇ ਇਸ ਤਰੀਕੇ ਨੇ ਸਾਡੇ ਦਿਮਾਗ ਤੇ ਇਨਾ ਅਸਰ ਪਾਇਆ ਹੈ ਕਿ ਅਸੀਂ ਚਾਹ ਕੇ ਵੀ ਪੈਸਾ ਦਾਨ ਪਾਤਰ ਚ ਪਾਏ ਬਿਨਾਂ ਨਹੀਂ ਰਹਿੰਦੇ। ‘ਦਾਨ ਪਾਤਰ’ ‘ਮਾਇਆ ਗੋਲਕ ਵਿੱਚ ਪਾਉ ਜੀ’, ਲਿਖੀ ਹੋਈ ਗੱਲ ਨੂੰ ਅਸੀ ਆਪਣੇ ਧੁਰ ਅੰਦਰ ਚੇਤਨ ਵਿੱਚ ਲਿਖ ਬੈਠੇ ਹਾਂ। ਇਹਨਾਂ ਵਿੱਚ ਪਾਏ ਹੋਏ ਪੈਸਿਆਂ ਨਾਲ ਅਸੀ ਪੁਜਾਰੀਆਂ ਨੂੰ ਅਮੀਰ ਬਣਾਉਂਦੇ ਹਾ ਅਤੇ ਦੂਸਰੇ ਪਾਸੇ ਬਾਹਰ ਬੈਠੇ ਭਿਖਾਰੀਆਂ ਨੂੰ ਪੈਸੇ ਦੇ ਕੇ ਦੇਸ਼ ਵਿੱਚ ਬੇਰੁਜ਼ਗਾਰੀ ਤੇ ਕੰਗਾਲਤਾਂ ਨੂੰ ਵਧਾਉਣ ਵਿੱਚ ਪੂਰਾ ਯੋਗਦਾਨ ਪਾਉਂਦੇ ਹਾਂ।
ਚਲਦਾ
ਲੌਂਗੋਵਾਲ ਸਾਬ੍ਹ 489