ਹੁੰਦਾ ਨਾ ਕੋਈ ਪੜ੍ਹਿਆ-ਪੜ੍ਹਾਇਆ।
ਠੋਕਰਾਂ ਸਭ ਨੂੰ ਸਬਕ ਸਿਖਾਇਆ।
ਹੱਥੀਂ ਸਭ ਕੁਝ ਕਰਨਾ ਪੈਂਦਾ
ਮਿਲਦਾ ਨਾ ਸਭ ਕੀਤਾ-ਕਰਾਇਆ।
ਘਾਲ ਘਾਲਣੀ ਪਵੇਗੀ ਸਾਨੂੰ
ਕਿਤੇ ਨਹੀਂ ਹੈ ਬਣਿਆ-ਬਣਾਇਆ।
ਐਵੇਂ ਹੀ ਨਹੀਂ ਕੁਝ ਵੀ ਮਿਲਦਾ
ਘੱਟ-ਵੱਧ ਸਭ ਨੇ ਹੋਵੇ ਗਵਾਇਆ।
ਬੀਤੇ ਜ਼ਿੰਦਗੀ ਪਲ-ਪਲ ਮੇਰੀ
ਕੀ ਮੈਂ ਖੱਟਿਆ ਕੀ ਮੈਂ ਪਾਇਆ।
ਓਹੀ ਤੇ ਓਨਾਂ ਹੈ ਮਿਲਦਾ
ਜੋ ਕਰਮਾਂ ਵਿੱਚ ਲਿਖ ਲੈ ਆਇਆ।
ਲਿਖਿਆ ਮੈਂ ਜੋ ਇਸ ਕਵਿਤਾ ਵਿੱਚ
ਓਸ ਖ਼ੁਦਾ ਨੇ ਹੈ ਲਿਖਵਾਇਆ।
ਭਵਸਾਗਰ ਉਹ ਪਾਰ ਕਰੇਂਦੇ
ਜਿਨ੍ਹਾਂ ਓਹਦਾ ਨਾਮ ਧਿਆਇਆ।
‘ਨਵ ਸੰਗੀਤ’ ਨੂੰ ਮਾਣ ਇੱਕੋ ਤੇ
ਜੀਹਨੇ ਏਨਾਂ ਮਾਣ ਦਿਵਾਇਆ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)