ਦਸ ਦੇ ਵਿੱਚੋਂ ਅੱਠ ਗੱਲਾਂ ਜੋ ਮਾਸੀ ਵਾਰੇ ਕਰਦਾ ਹੈ,,
ਮੈਨੂੰ ਲੱਗਦਾ ਉਸ ਬੰਦੇ ਦਾ ਮਾਂ ਤੋਂ ਬਿਨ ਈ ਸਰਦਾ ਹੈ,,
ਆਪਣੇ ਦੁਖੜੇ ਕਿਵੇਂ ਰੋਏਗਾ ਮਾਂ ਦੇ ਫੜ ਕੇ ਕੰਧੇ ਨੂੰ,,
ਮਾਂ ਤੋਂ ਵੱਧ ਕੇ ਲੱਗੇ ਪਿਆਰੀ ਮਾਸੀ ਜਿਹੜੇ ਬੰਦੇ ਨੂੰ।।
ਪੈਦਾ ਕਰਕੇ ਪਾਲਣ ਪੋਸ਼ਣ ਮਾਸੀ ਨਹੀਓ ਕਰ ਸਕਦੀ,,
ਮਾਸੀ ਭਾਵੇਂ ਚੰਗੀ ਹੋਵੇ ਪਰ ਉਹ ਮਾਂ ਨਹੀਂ ਬਣ ਸਕਦੀ,,
ਮਾਸੀ ਦੇ ਉਹ ਲੜ ਲੱਗ ਕੇ ਕੀ ਇਕੱਠਾ ਕਰੇਗਾ ਚੰਦੇ ਨੂੰ,,
ਮਾਂ ਤੋਂ ਵੱਧ ਕੇ ਲੱਗੇ ਪਿਆਰੀ ਮਾਸੀ ਜਿਹੜੇ ਬੰਦੇ ਨੇ।।
ਓਸ ਨਸ਼ਲ ਦੀ ਮਾਣ ਵਡਾਈ ਘਰ ਦੇ ਵਿੱਚ ਓ ਬਣਦੀ ਨਹੀਂ,,
ਆਪਣੇ ਲੋਕਾਂ ਦੇ ਵਿੱਚ ਖੜ ਕੇ ਕਦੇ ਵੀ ਹਿੱਕ ਉਹ ਤਣਦੀ ਨਹੀਂ,,
ਪੂਰੀ ਦੁਨੀਆ ਦੇ ਵਿੱਚ ਫਿਰ ਕੇ ਕਰੀ ਜਾਏ ਓ ਧੰਦੇ ਨੂੰ,,
ਮਾਂ ਤੋਂ ਵੱਧ ਕੇ ਲੱਗੇ ਪਿਆਰੀ ਮਾਸੀ ਜਿਹੜੇ ਬੰਦੇ ਨੂੰ,,
ਅੱਗਾ ਪਿੱਛਾ ਭੁੱਲ ਬੈਠਦੇ ਗੋਦ ਚ ਬੈਠ ਪਰਾਇਆਂ ਦੇ,,
ਦੱਸੋ ਕਿਹੜੇ ਮੁੱਲ ਪਏ ਨੇ ਦਲੀਪ ਦੇ ਕੇਸ ਕਟਾਇਆਂ ਦੇ,,
ਅਕਲ ਨੂੰ ਜਿਹੜੇ ਵੱਜੇ ਹੋਏ ਖੋਲ ਦਵੇਂ ਉਹ ਜਿੰਦੇ ਨੂੰ,,
ਮਾਂ ਤੋਂ ਵੱਧ ਕੇ ਲੱਗੇ ਪਿਆਰੀ ਮਾਸੀ ਜਿਹੜੇ ਬੰਦੇ ਨੂੰ,,
ਰੋਟੀ ਮਾਸੀ ਦੇ ਸਕਦੀ ਹੈ ਲੋਰੀ ਮਾਂ ਤੋਂ ਲੱਭਣੀ ਏ,,
ਮਾਂ ਤੋਂ ਵਾਅਰੇ ਹੋ ਕੇ ਦੱਸੋ ਕਿਹੜੀ ਬੋਟੀ ਚੱਬਣੀ ਏ,,
ਆਸ ਐ ਰਲ ਕੇ ਦੂਰ ਕਰਨਗੇ ਪਏ ਕਲੇਸ਼ ਤੇ ਦੰਦੇ ਨੂੰ,,
ਮਾਂ ਤੋਂ ਵੱਧ ਕੇ ਲੱਗੇ ਪਿਆਰੀ ਮਾਸੀ ਜਿਹੜੇ ਬੰਦੇ ਨੂੰ।।
ਮਾਸੀ ਵੀ ਉਹ ਜਿਸ ਨਾਲ ਮਾਂ ਦਾ ਦੂਰ ਦੂਰ ਦਾ ਨਾਤਾ ਨਹੀਂ,,
ਮਾਂ ਦੀਆਂ ਗਾਲਾਂ ਲਾਡ ਪਿਆਰ ਤੇ ਮਾਂਵਾਂ ਵਾਲੀਆਂ ਬਾਤਾਂ ਨਹੀਂ,,
ਧੁੱਪ ਰੋਸ਼ਨੀ ਬਾਹਰ ਲਿਆਉਦੀ ਠੀਕਰ ਵਿਚਲੇ ਥੰਦੇ ਨੂੰ,,
ਮਾਂ ਤੋਂ ਵੱਧ ਕੇ ਲੱਗੇ ਪਿਆਰੀ ਮਾਸੀ ਜਿਹੜੇ ਬੰਦੇ ਨੂੰ।।
ਲੌਂਗੋਵਾਲ ਸਾਬ੍ਹ 489