
ਅੰਗੂਰਾਂ ਦੀ ਵੇਲ ਨੂੰ ਲੱਗਿਆ ਫਲ਼ ਕੁਦਰਤ ਦਾ ਰਸ ਭਰਿਆ ਤੋਹਫਾ ਜਾਪ ਰਿਹਾ ਹੈ। ਜਦੋਂ ਮਨੁੱਖ ਕੁਦਰਤ ਨਾਲ ਜੁੜਦਾ ਹੈ ਤਾਂ ਕੁਦਰਤ ਵੀ ਆਪਣਾ ਆਸ਼ੀਰਵਾਦ ਝੋਲ਼ੀਆਂ ਭਰ ਕੇ ਬਖਸ਼ਦੀ ਹੈ। ਇਹ ਕਾਲ਼ੇ ਅੰਗੂਰਾਂ ਦੀ ਵੇਲ ਹੈ ਜੋ ਪੰਜ ਕੁ ਸਾਲ ਪਹਿਲਾਂ ਬੀਜ਼ੀ ਸੀ ਆਪਣੇ ਘਰ ਦੀ ਛੋਟੀ ਜਿਹੀ ਬਗੀਚੀ ਵਿੱਚ। ਇਸ ਬਗੀਚੀ ਵਿੱਚ ਥਾਂ ਤਾਂ ਥੋੜੀ ਜਿਹੀ ਹੈ ਪਰ ਵਾਤਾਵਰਨ ਨਾਲ ਬਚਪਨ ਤੋਂ ਹੀ ਪਿਆਰ ਹੋਣ ਕਾਰਨ ਇਸਦੇ ਅੰਦਰਲੇ ਅਤੇ ਬਾਹਰਲੇ ਪਾਸੇ ਬੀਜ਼ੇ ਅਨੇਕਾਂ ਹਰੇ ਭਰੇ ਬੂਟੇ ਹਰ ਇੱਕ ਨੂੰ ਸਕੂਨ ਬਖਸ਼ਦੇ ਹਨ।
ਅੱਜ ਇਸ ਬਗੀਚੀ ਵਿਚਲੀ ਕਾਲ਼ੇ ਅੰਗੂਰਾਂ ਦੀ ਵੇਲ ਨੂੰ ਰਸ ਨਾਲ ਭਰੇ ਤਿਆਰ ਅੰਗੂਰਾਂ ਦੇ ਗੁੱਛੇ ਲਟਕਦੇ ਵੇਖ ਕੇ ਮਨ ਬਾਗੋ ਬਾਗ ਹੋ ਗਿਆ। ਬੱਦਲਵਾਈ ਵਾਲੇ ਖੁਸ਼ਗਵਾਰ ਸੁਹਾਵਣੇ ਮੌਸਮ ਵਿੱਚ ਬੱਚਿਆਂ ਨੂੰ ਬੁਲਾ ਕੇ ਅੰਗੂਰਾਂ ਦੇ ਰਸ ਭਰੇ ਗੁੱਛਿਆਂ ਨੂੰ ਤੋੜਿਆ ਅਤੇ ਸਾਰਿਆਂ ਨੇ ਬੜੇ ਚਾਅ ਨਾਲ ਖਾਧੇ। ਇਸ ਵੇਲ ਨੂੰ ਪਿਛਲੇ ਤਿੰਨ ਕੁ ਸਾਲ ਤੋਂ ਫਲ਼ ਆਉਣਾ ਸ਼ੁਰੂ ਹੋਇਆ ਸੀ। ਪਹਿਲੇ ਸਾਲ ਜਦ ਇਸ ਵੇਲ ਨੂੰ ਫਲ਼ ਆਇਆ ਤਾਂ ਨਿੱਕੇ-ਨਿੱਕੇ ਹਰੇ- ਹਰੇ ਰੰਗ ਦੇ ਅੰਗੂਰ ਵੇਖੇ ਫੇਰ ਇਹਨਾਂ ਉੱਤੇ ਜਿਵੇਂ ਕੋਈ ਸੁਆਹ ਰੰਗੀ ਪਰਤ ਵੇਖੀ ਘਸਮੈਲ਼ੀ ਜਿਹੀ ਮਨ ਨੇ ਸੋਚਿਆ ਇਹ ਕਿਹੋ ਜਿਹੇ ਅੰਗੂਰ ਹਨ? ਫੇਰੇ ਦਿਨੋ ਦਿਨ ਇਹਨਾਂ ਨੇ ਗੂੜ੍ਹੀ ਲਾਲ ਕਾਲ਼ੀ ਜਿਹੀ ਭਾਅ ਮਾਰਨੀ ਸ਼ੁਰੂ ਕੀਤੀ ਤਾਂ ਮਨ ਨੂੰ ਬੜਾ ਚੰਗਾ ਲੱਗਿਆ। ਛੋਟੀਆਂ ਕਾਲ਼ੀਆਂ ਚਿੜੀਆਂ ਅਤੇ ਬੁਲਬੁਲਾਂ ਦੀ ਆਮਦ ਹੋਣ ਲੱਗੀ। ਇਹਨਾਂ ਚਿੜੀਆਂ ਨੇ ਵੀ ਇਹਨਾਂ ਪੱਕ ਰਹੇ ਅੰਗੂਰਾਂ ‘ਚੋਂ ਚੁੰਝਾਂ ਭਰਨੀਆਂ ਸ਼ੁਰੂ ਕੀਤੀਆਂ ਤਾਂ ਹੋਰ ਵੀ ਚੰਗਾ ਲੱਗਿਆ। ਪਹਿਲੇ ਸਾਲ ਆਪਾਂ ਸਿਰਫ ਸੁਆਦ ਈ ਵੇਖਿਆ ਬਾਕੀ ਸਾਰੇ ਅੰਗੂਰ ਕੁਦਰਤ ਦੁਆਰਾ ਭੇਜੀਆਂ ਚਿੜੀਆਂ ਹਵਾਲੇ ਰਹੇ। ਅੰਗੂਰਾਂ ਦੀ ਵੇਲ ਬੀਜ਼ਣ ਦਾ ਮਕਸਦ ਪੂਰਾ ਹੋਣ ਲੱਗਿਆ। ਖੰਭ ਫਰਫਰਾਉਂਦੀਆਂ ਚਿੜੀਆਂ,ਬੁਲਬੁਲਾਂ ਵੀ ਆਪਣੇ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਜਾਪਦੀਆਂ ਹਨ। ਇਹਨਾਂ ਬੁਲਬੁਲਾਂ ਨੇ ਘਰ ਦੀ ਬਾਲਕੋਨੀ ਨਾਲ ਲਟਕਦੇ ਛੋਟੇ ਬੂਟਿਆਂ ਵਾਲੇ ਗਮਲੇ ਵਿੱਚ ਆਲ੍ਹਣਾ ਬਣਾਇਆ ਹੋਇਆ। ਰੁਝੇਵਿਆਂ ਚੋਂ ਸਮਾਂ ਕੱਢ ਕੇ ਜਦ ਵੀ ਇਹਨਾਂ ਨੂੰ ਵੇਖਦਾ ਹਾਂ ਤਾਂ ਵੱਖਰਾ ਜਿਹਾ ਅਹਿਸਾਸ ਹੁੰਦਾ ਹੈ। ਸਵੇਰੇ ਸਵੇਰੇ ਜਦੋਂ ਇਹ ਚਿੜੀਆਂ ਘਰ ‘ਚ ਟਹਿਕਦੀਆਂ ਹਨ ਤਾਂ ਪ੍ਰੋ: ਮੋਹਨ ਸਿੰਘ ਦੀ ਕਵਿਤਾ ਦੇ ਬੋਲ ਯਾਦ ਆਉਂਦੇ ਨੇ,” ਨੀ ਅੱਜ ਕੋਈ ਆਇਆ ਸਾਡੇ ਵਿਹੜੇ” ਜਦੋਂ ਸਾਰਥਿਕ ਕੰਮਾਂ ਦੇ ਸਾਰਥਿਕ ਨਤੀਜੇ ਮਿਲਦੇ ਹਨ ਤਾਂ ਕੁਦਰਤ ਦਾ ਸ਼ੁਕਰਨਾ ਕਰੀਦਾ ਹੈ। ਕਹਿੰਦੇ ਨੇ ਕਿ ਮਿਹਨਤ ਦਾ ਫਲ਼ ਮਿੱਠਾ ਹੁੰਦਾ ਹੈ। ਸੱਚਮੁੱਚ ਹੀ ਜਦੋਂ ਇਹ ਮਿਹਨਤ ਬੂਟੇ ਬੀਜ਼ਣ ਲਈ, ਵਾਤਾਵਰਨ ਲਈ ਕੀਤੀ ਹੋਵੇ ਤਾਂ ਕਾਇਨਾਤ ਢੇਰ ਸਾਰੀਆਂ ਨਿਆਮਤਾਂ ਬਖਸ਼ਦੀ ਹੈ। ਸੋ ਦੋਸਤੋ ਕਬੀਲਦਾਰੀ ਦੇ ਨਾਲ-ਨਾਲ ਇਸ ਤਰ੍ਹਾਂ ਦੇ ਸ਼ੌਕ ਪਾਲਣ ਨਾਲ ਵੱਖਰਾ ਸਕੂਨ ਮਿਲਦਾ ਹੈ। ਜਿਹਨਾਂ ਦੇ ਘਰ ਦੇ ਬਾਹਰ ਥੋੜਾ ਜਿਹਾ ਵੀ ਥਾਂ ਹੈ ਇਸ ਤਰ੍ਹਾਂ ਦੀ ਕੋਸ਼ਿਸ਼ ਕਰ ਕੇ ਵੇਖਿਓ ਫੇਰ ਦੇਖਣਾ ਕਿਹੋ ਜਿਹਾ ਮਹਿਸੂਸ ਹੁੰਦਾ।

ਲੇਖਕ- ਰਣਜੀਤ ਸਿੰਘ ਹਠੂਰ
9915513137