ਤੜਕ ਸਵੇਰਾ ਸ਼ਿਖ਼ਰ ਦੁਪਹਿਰਾਂ ਸ਼ਾਮ ਢਲੇ ਦਾ ਨਾਮ ਹੈ ਬਾਪੂ।
ਸੂਰਜ ਦੀ ਮਰਿਆਦਾ ਸ਼ਰਧਾ ਸ਼ਕਤੀ ਦਾ ਪੈਗ਼ਾਮ ਹੈ ਬਾਪੂ।
ਵੱਡੇ-ਵੱਡੇ ਮੈਖ਼ਾਨੇ ਵਿਚ ਕਿਧਰੇ ਵੀ ਮਿਲ ਸਕਦਾ ਨਈਂ ਏ,
ਸੁੱਖਾਂ ਵਾਲਾ ਧੀਰਜ ਵਾਲਾ ਕਿਰਪਾ ਵਾਲਾ ਜਾਮ ਹੈ ਬਾਪੂ।
ਦੁਨੀਆਂ ਉਤੇ ਐਸਾ ਤੋਹਫ਼ਾ ਹੋਰ ਕਿਤੇ ਵੀ ਮਿਲਦਾ ਨਈਂ ਏਂ,
ਮੁਫ਼ਤ ਅਦਾਵਾਂ ਮੁਫ਼ਤ ਕਲਾਵਾਂ ਮੁਫ਼ਤੋਂ ਮੁਫ਼ਤੀ ਦਾਮ ਹੈ ਬਾਪੂ।
ਉਸ ਦੇ ਕਦਮਾਂ ਦੇ ਵਿਚ ਰਬ ਦੇ ਦਰਸ਼ਨ ਖ਼ੁਦ-ਬ-ਖ਼ੁਦ ਹੋ ਜਾਂਦੇ,
ਸਭ ਧਰਮਾਂ ਤੋਂ ਉਚਾ-ਸੁੱਚਾ ਸੱਚਖੰਡ ਤੀਰਥ-ਧਾਮ ਹੈ ਬਾਪੂ।
ਜਿਸ ਵਿਚ ਸ਼ੁੱਭ ਅਸੀਸਾਂ ਹੁੰਦੀਆਂ ਜਿਸ ਵਿਚ ਸ਼ੁੱਭ ਦੁਆਵਾਂ ਹੁੰਦੀਆਂ,
ਨਿਮਰ ਅਵਸਥਾ ਦੀ ਝੋਲੀ ’ਚੋਂ ਕਰਦਾ ਇੱਕ ਸਲਾਮ ਹੈ ਬਾਪੂ।
ਜਿਸ ਦੀ ਭਗਤੀ ਸ਼ਕਤੀ ਅਰਪਨ ਧਰਮਨ ਕਰਮਨ ਦੀ ਵਡਿਆਈ,
ਅੱਲਾਂ ਈਸ ਮਸੀਹਾ ਵਾਹਿਗੁਰ ਸਭ ਤੋਂ ਉਚਾ ਰਾਮ ਹੈ ਬਾਪੂ।
ਕੱਲਾਂ ਚੱਪੂਆਂ ਦੀ ਸ਼ਕਤੀ ਦਾ ਸਾਹਿਲ ਤਕ ਹੈ ਖੇਵਨਹਾਰਾ,
ਘਰ ਦੀ ਬੇੜੀ ਪਾਰ ਲਗਾਵਣ ਵਾਲ ਇਕ ਵਰਿਆਮ ਹੈ ਬਾਪੂ।
ਦੋਵੇਂ ਇੱਕ ਪਰਾਏਵਾਚੀ ਇਕ ਦੂਜੇ ਦੇ ਨੇ ਹਮਰਾਹੀ,
ਮਾਂ ਦਾ ਜੋ ਸਿੰਦੂਰ ਹੈ ਅੰਕਿਤ ਉਹ ਅਸਲੀ ਉਪਨਾਮ ਹੈ ਬਾਪੂ।
ਬਾਲਮ ਜਿਸ ਦੇ ਕਾਰਣ ਦਿਸਦੀ ਹਰਿਆਲੀ ਖ਼ੁਸ਼ਹਾਲੀ ਪਲ-ਪਲ,
ਵਹਿੰਦੇ ਹੋਏ ਦਰਿਆ ਵਾਂਗੂੰ ਨਿਰਮਲ ਚਿਤ ਪ੍ਰਣਾਮ ਹੈ ਬਾਪੂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409