
ਡਾ. ਪਰਮਜੀਤ ਸਿੰਘ ਸਚਦੇਵਾ ਨੇ ਸਿੱਖ ਧਰਮ ਤੇ ਹੋਰ ਧਰਮਾਂ ਬਾਰੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹਨ। ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ, ਯੂਐੱਸਏ ਤੋਂ ਪੀਐਚਡੀ ਦੀ ਡਿਗਰੀ ਹਾਸਲ ਕਰ ਚੁੱਕੇ ਡਾ. ਸਚਦੇਵਾ ਨੇ ਵਾਸ਼ਿੰਗਟਨ, ਡੀਸੀ ਵਿਸ਼ਵ ਬੈਂਕ ਵਿੱਚ ਇੱਕ ਸੀਨੀਅਰ ਪ੍ਰਬੰਧਕੀ ਮਾਹਿਰ ਅਤੇ ਸਲਾਹਕਾਰ ਵਜੋਂ ਸੇਵਾਮੁਕਤ ਹੋਣ ਪਿੱਛੋਂ ਬਹੁਤ ਸਾਰੀਆਂ ਯੂਐੱਸ ਅਤੇ ਅੰਤਰਰਾਸ਼ਟਰੀ ਵਿਕਾਸ ਸੰਸਥਾਵਾਂ ਨਾਲ ਕਾਰਜ ਕੀਤਾ ਹੈ। ਸਿੱਖ ਫ਼ਾਊਂਡੇਸ਼ਨ ਆਫ਼ ਵਰਜੀਨੀਆ ਦੇ ਬੋਰਡ ਆਫ਼ ਟ੍ਰੱਸਟੀਜ਼ ਵਿੱਚ ਕੰਮ ਕਰਨ ਤੋਂ ਬਾਦ ਹੁਣ ਉਹ ਫ਼ੇਅਰਫ਼ੈਕਸ ਕਾਊਂਟੀ ਵਰਜੀਨੀਆ ਯੂਐੱਸਏ ਵਿੱਚ ਇੰਟਰਫ਼ੇਥ ਕਮਿਊਨੀਟੀਜ਼ ਫ਼ਾਰ ਡਾਇਲਾਗ ਦੇ ਬੋਰਡ ਆਫ਼ ਡਾਇਰੈਕਟਰਜ਼ ਦਾ ਚੇਅਰਮੈਨ ਹੈ। ਧਰਮ ਤੇ ਸਿੱਖ ਧਰਮ ਬਾਰੇ ਉਹਦੀਆਂ ਲਿਖੀਆਂ ਅੰਗਰੇਜ਼ੀ ਪੁਸਤਕਾਂ ਵਿੱਚ ਐਪਰੀਸ਼ੀਏਟਿੰਗ ਸਿਖਿਜ਼ਮ, ਐਪਰੀਸ਼ੀਏਟਿੰਗ ਆਲ ਰਿਲੀਜਨਜ਼ – ਰਿਲੀਜਸ ਲਿਟਰੇਸੀ ਇਨ ਸਮਾਲ ਬਾਈਟਸ, ਸਿੱਖ ਧਰਮ, ਅੰਡਰਸਟੈਂਡਿੰਗ ਸਿਖਿਜ਼ਮ – ਐੱਸੇਜ਼ ਆਨ ਸਿੱਖ ਕਾਨਸੈਪਟ ਐਂਡ ਬਿਲੀਫ਼ਸ, ਸਿੱਖੀ ਫ਼ਾਰ ਮੀ – ਹੇਅਰ ਐਂਡ ਨਾਓ, ਦ ਮੈਸੇਜ ਆਫ਼ ਭਗਤਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਸ਼ਾਮਲ ਹਨ। ਸਿੱਖ ਧਰਮ ਬਾਰੇ ਉਹਦੇ ਕਈ ਲੇਖ ਐਬਸਟਰੈਕਟ ਆਫ਼ ਸਿੱਖ ਸਟੱਡੀਜ਼, ਸਿੱਖ ਨੈੱਟ.ਕਾਮ ਅਤੇ ਦ ਸਿੱਖ ਬੁਲਿਟਿਨ ਵਿੱਚ ਵੀ ਛਪ ਚੁੱਕੇ ਹਨ।
ਰੀਵਿਊ ਅਧੀਨ ਕਿਤਾਬ ‘ਸਿੱਖ ਧਰਮ : ਤੁਲਨਾਤਮਕ ਵਿਸ਼ਲੇਸ਼ਣ ਅਤੇ ਮੁਲਾਂਕਣ’ (ਹੇਮਕੁੰਟ ਪਬਲਿਸ਼ਿੰਗ, ਨਵੀਂ ਦਿੱਲੀ, ਪੰਨੇ 224, ਮੁੱਲ 395/-) ਡਾ. ਸਚਦੇਵਾ ਦੀ ਮੂਲ ਕਿਤਾਬ ‘ਐਪਰੀਸ਼ੀਏਟਿੰਗ ਸਿੱਖਿਜ਼ਮ’ ਦਾ ਅਨੁਵਾਦ ਹੈ, ਜੋ ਪ੍ਰੋ. ਪਰਮਿੰਦਰ ਸਿੰਘ ਅਜ਼ੀਜ਼ (ਸੰਪਾਦਕ ਅਤੇ ਅਨੁਵਾਦਕ) ਅਤੇ ਪ੍ਰੋ. ਕੁਲਵੰਤ ਸਿੰਘ (ਸਹਿ ਸੰਪਾਦਕ) ਦੀ ਦੇਖਰੇਖ ਹੇਠ ਨੇਪਰੇ ਚੜ੍ਹੀ ਹੈ। ਇਸ ਪੁਸਤਕ ਵਿੱਚ ਧੰਨਵਾਦੀ ਸ਼ਬਦ (5-6), ਮੁੱਖਬੰਧ (7-8), ਡਾ. ਮਦਨਜੀਤ ਕੌਰ ਵੱਲੋਂ ਮੁੱਖਬੰਧ (9-12), ਭੂਮਿਕਾ (13-15) ਤੋਂ ਇਲਾਵਾ ਮੁੱਖ ਤੌਰ ਤੇ ਚਾਰ ਅਧਿਆਇ ਬਣਾਏ ਗਏ ਹਨ, ਜੋ ਕਿ ਕ੍ਰਮਵਾਰ ਮਾਨਤਾਵਾਂ ਅਤੇ ਗਤੀਵਿਧੀਆਂ (17-54), ਸਿੱਖ ਸਿੱਧਾਂਤ (55-104), ਸਿੱਖੀ ਅਤੇ ਦੂਜੇ ਧਰਮ (105-139), ਸਿੱਖੀ ਦੀ ਸਿਰਜਨਾ (140-175) ਨਾਂ ਦੇ ਸਿਰਲੇਖਾਂ ਹੇਠ ਦਰਜ ਹਨ। ਇਨ੍ਹਾਂ ਮਹੱਤਵਪੂਰਣ ਚੈਪਟਰਾਂ ਤੋਂ ਬਿਨਾਂ 5 ਅੰਤਿਕਾਵਾਂ ਵੀ ਸ਼ਾਮਲ ਹਨ – ਚੋਣਵੇਂ ਧਰਮਾਂ ਦੇ ਸੰਸਥਾਪਕ ਅਤੇ ਧਰਮ ਗ੍ਰੰਥ (176-178), ਕੁਝ ਧਰਮਾਂ ਦੀਆਂ ਚੋਣਵੀਆਂ ਮਾਨਤਾਵਾਂ (179-194), ਸਿੱਖ ਰਹਿਤ ਮਰਯਾਦਾ ਵਿੱਚੋਂ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਹਵਾਲੇ (195-196), ਸਿੱਖ ਰਹਿਤ ਮਰਯਾਦਾ ਵਿੱਚੋਂ ਜੀਵਨ ਨਾਲ ਸੰਬੰਧਿਤ ਘਟਨਾਵਾਂ ਨਾਲ ਸੰਬੰਧਿਤ ਹਵਾਲੇ (197-201), ਪਹਿਲੇ 500 ਸਾਲਾਂ ਵਿੱਚ ਸਿੱਖ ਧਰਮ ਦੀਆਂ ਨਵੀਆਂ ਮਾਨਤਾਵਾਂ, ਗਤੀਵਿਧੀਆਂ ਅਤੇ ਸੰਸਥਾਨ (202-204)। ਪੁਸਤਕ ਦੇ ਅੰਤ ਵਿੱਚ ਸ਼ਬਦਾਵਲੀ (205-210) ਦੇ ਅੰਤਰਗਤ ਅੰਦਰਵਾਰ ਆਏ ਪ੍ਰਮੁੱਖ/ਵਿਸ਼ੇਸ਼ ਸ਼ਬਦਾਂ ਬਾਰੇ ਸੰਖਿਪਤ ਵਿਚਾਰ-ਵਿਮਰਸ਼ ਹੈ; ਪੜ੍ਹਨਯੋਗ ਪੁਸਤਕ ਸੂਚੀ (211-214) ਦੇ ਅਧੀਨ ਸਿੱਖ ਧਰਮ ਨਾਲ ਸੰਬੰਧਿਤ ਮਹੱਤਵਪੂਰਣ ਕਿਤਾਬਾਂ; ਅਤੇ ਵਿਸ਼ਾ ਸੂਚੀ (215-222) ਵਿੱਚ ਪੁਸਤਕ ਵਿੱਚ ਆਏ ਪ੍ਰਤੀਨਿਧ ਸੰਕਲਪਾਂ ਦੇ ਪੰਨਾ ਨੰ. ਅੰਕਿਤ ਕੀਤੇ ਗਏ ਹਨ। ਆਖਰੀ ਦੋ ਪੰਨਿਆਂ (223-224) ਤੇ ਪਬਲਿਸ਼ਰ ਵੱਲੋਂ ਲੇਖਕ ਦੀਆਂ ਲਿਖੀਆਂ ਦੋ ਹੋਰ ਪੁਸਤਕਾਂ ਬਾਰੇ ਸੰਖਿਪਤ ਪਰਿਚੈ ਹੈ।
ਪੁਸਤਕ ਦੇ ਸਿਰਫ਼ ਚਾਰ ਅਧਿਆਇ ਹੀ ਮਹੱਤਵਪੂਰਣ ਨਹੀਂ ਹਨ, ਸਗੋਂ ਇਸ ਵਿੱਚ ਅੰਕਿਤ 5 ਅੰਤਿਕਾਵਾਂ ਵੀ ਉਨੀਆਂ ਹੀ ਵਿਸ਼ੇਸ਼ ਹਨ। ਇਨ੍ਹਾਂ ਅੰਤਿਕਾਵਾਂ ਰਾਹੀਂ ਵਿਦਵਾਨ ਲੇਖਕ ਨੇ ਆਪਣੇ ਮਤਿ ਨੂੰ ਹੋਰ ਵਧੇਰੇ ਵਿਸਤਾਰ ਦਿੱਤਾ ਹੈ। ਜਿਸ ਨਾਲ ਜਗਿਆਸੂ/ਪਾਠਕ ਦੇ ਮਨ ਵਿੱਚ ਪੈਦਾ ਹੋਏ ਬਹੁਤ ਸਾਰੇ ਪ੍ਰਸ਼ਨਾਂ/ਸ਼ੰਕਿਆਂ ਦਾ ਸਮਾਧਾਨ ਹੋ ਜਾਂਦਾ ਹੈ। ਇਹ ਪੁਸਤਕ ਪੜ੍ਹ ਕੇ ਸਿਰਫ਼ ਸਿੱਖ ਧਰਮ ਦੀ ਹੀ ਜਾਣਕਾਰੀ ਨਹੀਂ ਮਿਲਦੀ, ਸਗੋਂ ਹੋਰ ਧਰਮਾਂ (ਯਹੂਦੀ, ਹਿੰਦੂ, ਜੈਨ, ਬੁੱਧ, ਈਸਾਈ, ਇਸਲਾਮ) ਦੇ ਮੁੱਢਲੇ ਸੰਕਲਪਾਂ/ਸਿੱਧਾਂਤਾਂ (ਪਰਮਾਤਮਾ ਦਾ ਸਿੱਧਾਂਤ, ਪਰਮਾਤਮਾ ਦਾ ਮਾਰਗ, ਰਚਨਹਾਰ ਵੱਲੋਂ ਮਾਰਗਦਰਸ਼ਨ, ਜੀਵਨ ਜਾਚ, ਪੂਜਾ ਪਾਠ, ਚੋਣ ਅਤੇ ਨੈਤਿਕ ਜੀਵਨ, ਬਰਾਬਰੀ ਅਤੇ ਸਮਾਜਕ ਨਿਆਂ, ਮੌਤ ਅਤੇ ਉਸਤੋਂ ਬਾਦ) ਦੀ ਨਿਸ਼ਾਨਦੇਹੀ ਵੀ ਹੁੰਦੀ ਹੈ।
ਹਰ ਚੈਪਟਰ ਦੇ ਅੱਗੋਂ ਉਪ-ਸਿਰਲੇਖ ਅਤੇ ਉਪ-ਉਪ-ਸਿਰਲੇਖ ਬਣਾਏ ਗਏ ਹਨ। ਪਹਿਲੇ ਦੋ ਚੈਪਟਰਾਂ ਦੇ ਅੰਤ ਵਿੱਚ ਲੇਖਕ ਨੇ ਸਾਰ-ਅੰਸ਼ ਵੀ ਦਿੱਤਾ ਹੈ। ਜਿਵੇਂ ਪਹਿਲੇ ਚੈਪਟਰ ਦਾ ਸਾਰਾਂਸ਼ – “ਸਿੱਖ ਧਰਮ ਦੀਆਂ ਆਪਣੀਆਂ ਮਾਨਤਾਵਾਂ ਅਤੇ ਗਤੀਵਿਧੀਆਂ ਦੀ ਵਿਲੱਖਣ ਪ੍ਰਣਾਲੀ ਹੈ ਜੋ ਕਿ ਹਿੰਦੂ ਧਰਮ ਨਾਲੋਂ ਕਾਫੀ ਭਿੰਨ ਹੈ। ਸਿੱਖ ਹਿੰਦੂ ਨਹੀਂ ਹਨ; ਸਿੱਖ ਧਰਮ ਹਿੰਦੂ ਧਰਮ ਦਾ ਉਪ-ਧਰਮ ਨਹੀਂ ਹੈ ਅਤੇ ਇਸ ਸੱਚ ਨੂੰ ਤੋੜ ਮਰੋੜ ਕੇ ਪੇਸ਼ ਕਰਨ ਵਾਲੀ ਕਿਸੇ ਵੀ ਚਰਚਾ ਤੋਂ ਹਿੰਦੂਆਂ ਅਤੇ ਸਿੱਖਾਂ ਦੋਵਾਂ ਨੂੰ ਠੇਸ ਪਹੁੰਚਣੀ ਲਾਜ਼ਮੀ ਹੈ।” (47)। ਇਵੇਂ ਹੀ ਦੂਜੇ ਚੈਪਟਰ ਦੇ ਸਾਰਾਂਸ਼ ਵਿੱਚ ਦਰਜ ਹੈ – “ਸਿੱਖ ਧਰਮ ਦੇ ਪ੍ਰਮੁੱਖ ਸਿੱਧਾਂਤਾਂ ਵਿੱਚ ਦਸਾਂ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਧਿਆਤਮਕ ਏਕਤਾ; ਮੀਰੀ-ਪੀਰੀ ਜਾਂ ‘ਸੰਪੂਰਨ ਜੀਵਨ’ ਦਾ ਸਿੱਧਾਂਤ, ਜਿਸ ਨੂੰ ਸਿੱਖ ਗੁਰੂ ਸਾਹਿਬਾਨ ਨੇ ਸਿੱਖਿਆ ਦੇਣ ਦੇ ਨਾਲ ਨਾਲ ਆਪਣੇ ਜੀਵਨ ਵਿੱਚ ਵੀ ਢਾਲਿਆ; ਉਨ੍ਹਾਂ ਦੁਆਰਾ ਵਿਖਾਇਆ ਗਿਆ ਪਰਮਾਤਮਾ ਦੇ ਨਾਮ ਦਾ ਮਾਰਗ; ਮਨੁੱਖੀ ਭਾਈਚਾਰੇ ਅਤੇ ਪੁਰਸ਼ਾਂ ਤੇ ਔਰਤਾਂ ਦੀ ਬਰਾਬਰੀ; ਪੈਸੇ ਦੀ ਠੀਕ ਵੰਡ ਅਤੇ ਦੱਬੇ-ਕੁਚਲੇ ਵਰਗਾਂ ਦੀ ਮਦਦ; ਅਤੇ ਅਨਿਆਂ ਤੇ ਜ਼ੁਲਮ ਦੇ ਵਿਰੁੱਧ ਸੰਘਰਸ਼ ਕਰਨਾ ਸ਼ਾਮਲ ਹੈ। ਇਨ੍ਹਾਂ ਸਿੱਧਾਂਤਾਂ ਵਿੱਚੋਂ ਵਧੇਰੇ ਸਿੱਖ ਧਰਮ ਨੂੰ ਹਿੰਦੂ ਧਰਮ ਸਮੇਤ ਬਾਕੀ ਧਰਮਾਂ ਨਾਲੋਂ ਵੱਖ ਕਰਦੇ ਹਨ।” (100)
ਲੇਖਕ ਦੀ ਵਿਭਿੰਨ ਧਰਮਾਂ ਦੇ ਨਾਲ ਨਾਲ ਸਿੱਖ ਧਰਮ ਤੇ ਡੂੰਘੀ ਪਕੜ ਹੈ ਤੇ ਉਹਨੇ ਵੱਖ ਵੱਖ ਸਰੋਤਾਂ ਤੇ ਹਵਾਲਿਆਂ ਦੇ ਆਧਾਰ ਤੇ ਇਸ ਪੁਸਤਕ ਦੀ ਰਚਨਾ ਕੀਤੀ ਹੈ। ਉਸ ਦੁਆਰਾ ਲਿਖੇ ਵੱਖ ਵੱਖ ਚੈਪਟਰਾਂ ਦੇ ਅੰਤ ਵਿੱਚ ਦਿੱਤੀਆਂ ਟਿੱਪਣੀਆਂ ਤੋਂ ਵਿਦਿਤ ਹੁੰਦਾ ਹੈ ਕਿ ਡਾ. ਸਚਦੇਵਾ ਦੀਆਂ ਮਾਨਤਾਵਾਂ ਆਪੂੰ ਬਣਾਈਆਂ ਹੋਈਆਂ ਨਹੀਂ, ਸਗੋਂ ਉਹਨੇ ਹੋਰਨਾਂ ਲੇਖਕਾਂ, ਵਿਦਵਾਨਾਂ ਦੀਆਂ ਪੁਸਤਕਾਂ ਨੂੰ ਬੜੀ ਬਰੀਕੀ ਨਾਲ ਵਾਚਿਆ ਹੈ। ਇਸ ਵਿੱਚ ਖਾਸ ਤੌਰ ਤੇ ਅੰਗਰੇਜ਼ੀ ਪੁਸਤਕਾਂ ਸ਼ਾਮਲ ਹਨ। ਪਰ ਪੰਨਾ 100, 151, 178 ਅਤੇ 204 ਉੱਤੇ ਡਾ. ਸਚਦੇਵਾ ਦਾ ਇਹ ਮਤਿ ਕਿ “ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ 1678 ਈ. ਵਿੱਚ ਆਦਿ ਗ੍ਰੰਥ ਵਿੱਚ ਸ਼ਾਮਲ ਕਰਕੇ ਸਿੱਖ ਧਰਮ ਗ੍ਰੰਥ ਨੂੰ ਅੰਤਮ ਰੂਪ ਦਿੱਤਾ” ਨਾਲ ਮੇਰਾ ਮਤਿ-ਭੇਦ ਹੈ। ਇਸਦਾ ਕੋਈ ਹਵਾਲਾ ਵੀ ਲੇਖਕ ਨੇ ਉਧ੍ਰਿਤ ਨਹੀਂ ਕੀਤਾ ਕਿ ਇਹ ਸੰਨ ਉਹਨੇ ਕਿੱਥੋਂ ਪ੍ਰਾਪਤ ਕੀਤਾ ਹੈ। ਅਸਲੀਅਤ ਤਾਂ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ (ਤਲਵੰਡੀ ਸਾਬੋ, ਗੁਰੂ ਕਾਸ਼ੀ, ਜ਼ਿਲ੍ਹਾ ਬਠਿੰਡਾ) ਵਿਖੇ ਸੰਨ 1706 ਈ. ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਕੀਤੀ। ਇਸੇ ਬੀੜ ਦਾ ਨਾਂ ‘ਦਮਦਮੀ ਬੀੜ’ ਵਜੋਂ ਪ੍ਰਸਿੱਧ ਹੋਇਆ। ਇਸ ਅਸਥਾਨ ਤੇ ਬਾਕਾਇਦਾ ਹਰ ਸਾਲ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨਤਾ ਦਿਵਸ ਵਿਧੀਵਤ ਢੰਗ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਐੱਸਜੀਪੀਸੀ ਦੇ ਨੁਮਾਇੰਦੇ ਵੀ ਸ਼ਾਮਲ ਹੁੰਦੇ ਹਨ। ਦਮਦਮਾ ਸਾਹਿਬ ਵਿਖੇ ਅਧਿਕਾਰਿਤ ਤੌਰ ਤੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਏਥੇ ਮੌਜੂਦ ਲਿਖਣਸਰ ਦੇ ਸਰੋਵਰ ਵਿੱਚ ਗੁਰੂ ਜੀ ਨੇ ਬਚੀਆਂ ਹੋਈਆਂ ਕਲਮਾਂ ਤੇ ਸਿਆਹੀ ਜਲ-ਪ੍ਰਵਾਹ ਕਰ ਦਿੱਤੀ। ਏਥੇ ਹੀ ਗੁਰੂ ਜੀ ਦੇ ਮੁਖਾਰਬਿੰਦ ਤੋਂ 48 ਗੁਰਸਿੱਖਾਂ ਨੇ ਆਦਿ ਤੋਂ ਅੰਤ ਤੱਕ ਗੁਰਬਾਣੀ ਦੇ ਅਰਥ ਸੁਣੇ ਤੇ ਫਿਰ ਉਹ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚ ਗਏ। ਇਨ੍ਹਾਂ 48 ਗੁਰਸਿੱਖਾਂ ਨੂੰ ਹੀ ਬ੍ਰਹਮ ਗਿਆਨੀ ਕਿਹਾ ਗਿਆ। ਏਥੇ ਹੀ ਬਾਬਾ ਦੀਪ ਸਿੰਘ ਨੇ ਇਸ ਗ੍ਰੰਥ ਦੇ ਹੋਰ ਉਤਾਰੇ ਕੀਤੇ ਜੋ ਹੋਰਨਾਂ ਤਖ਼ਤਾਂ ਤੇ ਭੇਜੇ ਗਏ। ਇਹ ਵੇਰਵਾ ਪ੍ਰਬੁੱਧ ਲੇਖਕ ਗਿਆਨੀ ਬਲਵੰਤ ਸਿੰਘ ਕੋਠਾਗੁਰੂ ਦੀਆਂ ਲਿਖੀਆਂ ਪੁਸਤਕਾਂ (ਤਖ਼ਤ ਸ੍ਰੀ ਦਮਦਮਾ ਸਾਹਿਬ,1959; ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ, 1995; ਸੰਖੇਪ ਇਤਿਹਾਸ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ, 2000) ਵਿੱਚ ਵਿਸਤਾਰ ਸਹਿਤ ਉਪਲਬਧ ਹੁੰਦਾ ਹੈ। ਇਸ ਤੱਥ ਦਾ ਇੱਕ ਹੋਰ ਵੱਡਾ ਪ੍ਰਮਾਣ ਹੈ – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 300 ਸਾਲਾ ਸੰਪੂਰਨਤਾ ਦਿਵਸ ਤੇ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਵੱਲੋਂ 30 ਅਗਸਤ 2006 ਨੂੰ ਰੀਲੀਜ਼ ਕੀਤਾ ਗਿਆ ਕਰੀਬ 100 ਪੰਨਿਆਂ ਦਾ ਅਭਿਨੰਦਨ ਗ੍ਰੰਥ। ਇਸੇ ਕੜੀ ਤਹਿਤ ਦਮਦਮਾ ਸਾਹਿਬ (ਬਠਿੰਡਾ) ਵਿਖੇ ਪੰਜਾਬ ਸਰਕਾਰ ਵੱਲੋਂ 29 ਅਗਸਤ 2006 ਨੂੰ ਰਾਸ਼ਟਰੀ ਪੱਧਰ ਦਾ ਸੈਮੀਨਾਰ ਆਯੋਜਿਤ ਕੀਤਾ ਗਿਆ, ਜਿਸ 25 ਲੇਖਕਾਂ ਨੇ ਸ਼ਮੂਲੀਅਤ ਕੀਤੀ ਸੀ।
ਸ਼ਬਦਜੋੜਾਂ ਦੀਆਂ ਮਾਮੂਲੀ ਗਲਤੀਆਂ (ਚੌਣਵੇਂ, 179; ਅੋਲਡ, 177; ਚੌਣਵੀਆਂ, 179) ਤੋਂ ਬਿਨਾਂ ਪੁਸਤਕ ਬਹੁਤ ਸੋਹਣੇ ਢੰਗ ਨਾਲ ਪ੍ਰਕਾਸ਼ਿਤ ਕੀਤੀ ਗਈ ਹੈ। ਮੂਲ ਲੇਖਕ ਡਾ. ਸਚਦੇਵਾ, ਅਨੁਵਾਦਕ ਪ੍ਰੋ. ਅਜ਼ੀਜ਼ ਅਤੇ ਸਹਿ ਸੰਪਾਦਕ ਪ੍ਰੋ. ਕੁਲਵੰਤ ਸਿੰਘ ਦੀ ਮਿਹਨਤ ਮੂੰਹੋਂ ਬੋਲਦੀ ਹੈ। ਧਰਮ, ਖਾਸ ਕਰਕੇ ਸਿੱਖ ਧਰਮ ਦੇ ਖੇਤਰ ਵਿੱਚ ਮਹੱਤਵਪੂਰਣ, ਵਿਸਤ੍ਰਿਤ ਅਤੇ ਬਾਰੀਕ ਜਾਣਕਾਰੀ ਪ੍ਰਦਾਨ ਕਰਨ ਲਈ ਇਸ ਪੁਸਤਕ ਦਾ ਨਿੱਘਾ ਸਵਾਗਤ ਹੈ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)