ਨਾਟਕ : Forever Queen ਮਹਾਰਾਣੀ ਜਿੰਦਾਂ
ਨਾਟਕਕਾਰ : ਡਾ. ਆਤਮਾ ਸਿੰਘ ਗਿੱਲ
ਸੰਗੀਤ, ਡਿਜ਼ਾਈਨ ਤੇ ਡਾਇਰੈਕਸ਼ਨ : ਈਮੈਨੂਅਲ ਸਿੰਘ
ਮਿਆਦ : 1 ਘੰਟਾ 15 ਮਿੰਟ
ਮਿਤੀ : 27 ਜੂਨ 2025 (ਸ਼ੁਕਰਵਾਰ)
ਸਥਾਨ : ਆਰਟ ਗੈਲਰੀ ਅੰਮ੍ਰਿਤਸਰ
ਸਮਾਂ : 6:00 ਵਜੇ ਸ਼ਾਮ
ਨਾਟਕ ਬਾਰੇ : Forever Queen ਮਹਾਰਾਣੀ ਜਿੰਦਾਂ ਨਾਟਕ ਦਾ ਮੰਤਵ ਅੱਜ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਉਸ ਸੁਨਹਿਰੀ ਦੌਰ ਨਾਲ ਜਾਣੂ ਕਰਵਾਉਣਾ ਹੈ ਜਿਸ ਨੂੰ ਖਾਲਸਾ ਰਾਜ ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਖਿੱਤਾ ਸ਼ੁਰੂ ਤੋਂ ਹੀ ਜੰਗਾਂ-ਯੁੱਧਾਂ ਦਾ ਅਖਾੜਾ ਰਿਹਾ। ਘੁੱਗ ਵੱਸਦੇ ਪੰਜਾਬ ਅੰਦਰ ਕਦੇ ਵੀ ਸਦੀਵੀ ਸਥਿਰਤਾ ਨਹੀਂ ਰਹੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਉਹ ਸੂਰਜ ਪੰਜਾਬੀਆਂ ਲਈ ਚੜਿਆ ਜਿਸਦਾ ਨਿੱਘ ਪੰਜਾਬੀਆਂ ਨੇ ਅੱਧੀ ਸਦੀ ਤੱਕ ਮਾਣਿਆ। ਪੰਜਾਬ ਨਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਅਤੇ ਨਾ ਉਸ ਤੋਂ ਬਾਦ ਕਦੇ ਇੰਨਾ ਖੁਸ਼ਹਾਲ ਅਬਾਦ ਤੇ ਸਥਿਰ ਰਿਹਾ ਜਿੰਨਾ ਕਿ ਉਸ ਵੇਲੇ ਸੀ। ਤਾਰੀਖ ਗਵਾਹ ਹੈ ਜਿੰਨੇ ਵੀ ਹਮਲਾਵਰ ਹਿੰਦੁਸਤਾਨ ਦੀ ਧਰਤੀ ਤੇ ਆਏ ਸਾਰੇ ਪੰਜਾਬ ਦੇ ਰਸਤਿਉਂ। ਮਹਾਰਾਜਾ ਰਣਜੀਤ ਸਿੰਘ ਉਹ ਪਹਿਲਾ ਪੰਜਾਬੀ ਸੂਰਮਾ ਹੈ ਜਿਸ ਦੇ ਲੋਹੇ ਦੀ ਸ਼ਾਨ ਨੇ ਦੱਰਾ-ਏ-ਖੈਬਰ ਵੱਲੋਂ ਆਉਂਦੇ ਹਮਲਾਵਰਾਂ ਦੇ ਰਾਹ ਹਮੇਸ਼ਾਂ ਵਾਸਤੇ ਬੰਦ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਜਿਸਨੂੰ ਸ਼ੇਰ-ਏ-ਪੰਜਾਬ ਵਜੋਂ ਜਾਣਿਆ ਜਾਂਦਾ ਹੈ, ਪੰਜ ਦਰਿਆਵਾਂ ਦੀ ਧਰਤੀ ਉੱਤੇ ਰਾਜ ਕਰਨ ਵਾਲਾ ਪਹਿਲਾ ਮੂਲ ਪੰਜਾਬੀ ਹੈ। ਇੱਕ ਦੁਰਲੱਭ ਭੂ-ਰਣਨੀਤਕ ਦ੍ਰਿਸ਼ਟੀ ਦੇ ਕਾਰਨ, ਮਹਾਰਾਜਾ ਰਣਜੀਤ ਸਿੰਘ ਸਤਲੁਜ ਤੋਂ ਕਾਬੁਲ ਕੰਧਾਰ, ਕਸ਼ਮੀਰ ਅਤੇ ਲੱਦਾਖ ਖੇਤਰਾਂ ਤੱਕ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਖ਼ਾਲਸਾ ਰਾਜ ਦਾ ਇਕ ਨਾਨਕਸ਼ਾਹੀ ਸਿੱਕਾ 13 ਪੌੰਡ ਅਤੇ 36 ਡਾਲਰਾਂ ਦੇ ਬਰਾਬਰ ਸੀ। ਉਸਦੇ ਸਮੇਂ ਸਾਖਰਤਾ ਦਰ ਸਭ ਤੋਂ ਉੱਪਰ ਸੀ। ਉਸਦੇ ਰਾਜ ਵਿੱਚ ਨਾ ਕਿਸੇ ਨੂੰ ਸਜ਼ਾ ਮਿਲੀ ਅਤੇ ਨਾ ਹੀ ਫਾਂਸੀ ਹੋਈ।
ਨਾਟਕ ਵਿੱਚ ਸਿੱਖ ਰਾਜ ਦੀ ਅਧੋਗਤੀ ਦੇ ਨਾਲ ਮਹਾਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ ਦੇ ਦੁਖਾਂਤ ਨੂੰ ਵਿਭਿੰਨ ਨਾਟਕੀ ਜੁਗਤਾਂ ਰਾਹੀਂ ਪ੍ਰਸਤੁਤ ਕੀਤਾ ਗਿਆ ਹੈ। ਅੰਗਰੇਜ਼ ਜਾਣਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੇਵਲ ਮਹਾਰਾਣੀ ਜਿੰਦਾਂ ਹੀ ਰਾਜ ਕਰਨ ਦੇ ਸਮਰੱਥ ਹੈ। ਇਸ ਲਈ ਉਹਨਾਂ ਨੇ ਚਲਾਕੀ ਨਾਲ ਮਹਾਰਾਣੀ ਤੇ ਦਲੀਪ ਸਿੰਘ ਨੂੰ ਜਲਾਵਤਨ ਕੀਤਾ।ਨਾਟਕ ਮਹਾਰਾਣੀ ਜਿੰਦਾਂ ਦੇ ਜੀਵਨ ਸੰਘਰਸ਼ ਅਤੇ ਖੁੱਸੇ ਹੋਏ ਸਿੱਖ ਰਾਜ ਦੀ ਮੁੜ ਪ੍ਰਾਪਤੀ ਲਈ ਅਤੇ ਬਾਲਕ ਮਹਾਰਾਜੇ ਦਲੀਪ ਸਿੰਘ ਨੂੰ ਉਸਦੇ ਹਕੂਕ ਦਿਵਾਉਣ ਲਈ ਜਦੋ-ਜਹਿਦ ਹੈ।
ਮਹਾਰਾਣੀ ਜਿੰਦਾਂ ਉਹ ਮਹਾਨ ਔਰਤ ਸੀ ਜੋ ਅੰਗਰੇਜ਼ਾਂ ਤੋਂ ਬਾਗੀ ਹੋ ਕੇ ਸਾਰੀ ਉਮਰ ਸ਼ੇਰਨੀ ਵਾਂਗ ਸਿੱਖ ਰਾਜ ਵਾਸਤੇ ਲੜਦੀ ਰਹੀ ਤੇ ਅਖੀਰ ਆਪਣੇ ਪ੍ਰਭਾਵ ਸਦਕਾ ਈਸਾਈ ਬਣੇ ਦਲੀਪ ਸਿੰਘ ਵਿੱਚ ਮੁੜ ਸਿੱਖ ਰਾਜ ਦਾ ਮਹਾਰਾਜਾ ਬਨਣ ਲਈ ਚਿਣਗ ਪੈਦਾ ਕਰਦੀ ਹੈ। ਸ਼ਾਹ ਮੁਹੰਮਦ ਦੀ ਕਵਿਤਾ ਸਿੰਘਾਂ ਤੇ ਫਰੰਗੀਆਂ ਨੂੰ ਅਧਾਰ ਬਣਾ ਕੇ ਤੇ ਇਸ ਦੇ ਲਿਖਤਕਾਰ ਸ਼ਾਹ ਮੁਹੰਮਦ ਨੂੰ ਹੀ ਸੂਤਰਧਾਰ ਬਣਾ ਕੇ, ਨਾਟਕੀ ਪੇਸ਼ਕਾਰੀ ਨੂੰ ਕਿੱਸਾਗੋਈ, ਲੋਕ ਵਾਰ-ਕਵੀਸ਼ਰੀ ਦੀ ਵਿਧਾ ਰਾਹੀਂ ਲੋਕਧਾਰਾਈ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।