ਆਓ ਮੇਰੇ ਪਿਆਰੇ ਬੱਚਿਓ, ਆਓ ਜੀ ਆਇਆਂ ਨੂੰ
ਪਿਆਰੇ ਬੱਚਿਓ ਤੁਹਾਨੂੰ ਤੰਦਰੁਸਤ, ਸਹੀ ਸਲਾਮਤ ਖੁਸ਼ ਦੇਖ ਕੇ ਮੇਰਾ ਦਿਲ ਬਾਗੋ ਬਾਗ ਹੋ ਗਿਐ। ਜਿਵੇਂ ਹੱਸਦੇ ਖੇਡਦੇ ਚਾਈਂ ਚਾਈਂ ਮੈਥੋਂ ਰੁਖ਼ਸਤ ਹੋਏ ਸੋ ਓਸੇ ਹਾਲਤ ਵਿੱਚ ਸਕੂਲ ਪਰਤੇ ਓ, ਥੋਨੂੰ ਪਤੈ ਮੈਂ ਕਿਵੇਂ ਇਕ ਮਹੀਨਾ ਲੰਘਾਇਐ ਦਿਲ ਉੱਤੇ ਪੱਥਰ ਧਰਕੇ। ਹੁਣ ਮੇਰੇ ਮਨ ਨੂੰ ਚੈਨ ਆਇਆ ਹੈ ਤੁਹਾਨੂੰ ਕਲਾਵੇ ਵਿੱਚ ਲੈ ਕਿ ਮੇਰੇ ਕਾਲਜੇ ਠੰਢ ਪੈ ਗਈ ਹੈ ਤੁਹਾਨੂੰ ਆਪਣੀ ਛਾਤੀ ਨਾਲ ਲਾ ਕੇ।
ਤੁਹਾਡੀਆਂ ਕਿਲਕਾਰੀਆਂ, ਤੁਹਾਡੀਆਂ ਸ਼ਰਾਰਤਾਂ ਬਾਝੋਂ ਏਥੇ ਚੁੱਪ ਪਸਰੀ ਰਹੀ ਚਾਰ ਚੁਫੇਰੇ। ਸ਼ਾਂਤੀ ਪੂਰਨ ਸ਼ਾਂਤੀ ਸੀ, ਆਪਣਾ ਬਾਗ ਬਗੀਚਾ ਵੀ ਉਦਾਸ ਹੀ ਰਿਹੈ।
ਮੈਂ ,
ਸੁਣਨ ਲਈ
ਤਰਸ ਗਿਆ ਸਾਂ ਤੁਹਾਡੀਆਂ ਨਿੱਕੀਆਂ ਨਿੱਕੀਆਂ ਭੋਲੀਆਂ ਭਾਲੀਆਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਤੋਤਲੀਆਂ ਗੱਲਾਂ ਨੂੰ।
ਤੁਹਾਡੇ ਨਿੱਕੇ ਨਿੱਕੇ ਕਦਮਾਂ ਦੀ ਚਾਲ ਦੀ ਅਵਾਜ਼ ਨੂੰ ,,
ਮੈਂਨੂੰ ਭੁੱਖ ਵੀ ਨਹੀਂ ਲੱਗਦੀ ਸੀ
ਤੇ
ਤਾਂ ਹੀ ਚੁੱਲ੍ਹਾ ਵੀ ਨਹੀਂ ਬਾਲਿਆ
ਤੁਹਾਡੇ ਪਿੱਛੋਂ ,,,
‘ਕੱਲਿਆਂ ਦੇ ਬੁਰਕੀ ਨਹੀਂ ਹੁੰਦੀ ਸੰਘ ਥੱਲੇ,,
ਤੁਸੀਂ ਤਾਂ ਘਰੀਂ
ਜੀਅ ਲਾ ਲਿਆ ਜਿਵੇਂ ਛੁੱਟੀਆਂ ਵਿਚ ਤੁਸੀਂ ਆਪਣੇ ਨਾਨਕੇ, ਮਾਸੀ ਭੂਆ ਕੋਲ ਪੂਰਾ ਜੀਅ ਲਾ ਲਿਆ ਹੁੰਦੈ ਤੇ ਤੁਹਾਡੇ ਮਾਂ ਬਾਪ ਦਾਦਾ ਦਾਦੀ ਦਾ ਮਨ ਉਚਾਟ ਰਹਿੰਦੈ ਤੁਹਾਡੇ ਉਦਰੇਵੇਂ ਕਰਕੇ। ਭਾਵੇਂ ਘਰ ਵਿੱਚ ਤੁਹਾਡੇ ਚਾਚਾ ਚਾਚੀ ਤਾਇਆ ਤਾਈ ਵੀ ਹੁੰਦੇ ਹਨ ਪਰ ਜੋ ਰੌਣਕ ਤੁਹਾਡੇ ਨਾਲ ਹੁੰਦੀ ਆ ਉਹ ਵੱਡੀ ਉਮਰ ਦੇ ਜੀਆਂ ਨਾਲ ਨਹੀਂ ਹੁੰਦੀ ਓਸੇ ਤਰ੍ਹਾਂ ਆਪਣੇ ਸਕੂਲ ਦੇ ਪਰਿਵਾਰ ਵਿੱਚੋਂ ਕਲਰਕ ਸੇਵਾਦਾਰ ਚੌਂਕੀਦਾਰ ਅਤੇ ਕਦੇ ਕਦੇ ਕੁਝ ਅਧਿਆਪਕ ਵੀ ਆਉਂਦੇ ਸਨ ਪਰ ਉਹ ਤਾਂ ਆਪੋ ਆਪਣੇ ਕੰਮ ਕਰਕੇ ਤੁਰਦੇ ਬਣਦੇ। ਮੈਂ ਤਾਂ ਤੁਹਾਡੇ ਬਿਨਾਂ ਪੂਰਾ ਉਦਾਸ ਰਿਹੈਂ।
ਆਓ ਜੀ ਆਇਆਂ ਨੂੰ
ਆਓ ਸ਼ੇਰ ਜਵਾਨੋਂ ਮੇਰੇ ਆਲੇ ਭੋਲਿਓ ਸ਼ੇਰ ਬੱਗਿਓ
ਹੁਣ ਫਿਰ ਆਪਾਂ ਆਪਣੇ ਕੰਮ ਵੱਲ ਹੋਈਏ
ਆਪਾਂ ਰੱਜ ਕੇ ਮਿਹਨਤ ਕਰੀਏ ਆਪਣੇ ਕੰਮ ਨੂੰ ਰੂਹ ਨਾਲ ਕਰੀਏ। ਆਪਾਂ ਦੁਬਾਰਾ ਆਪਣੀ ਪੜ੍ਹਾਈ ਨਾਲ ਜੁੜੀਏ।
ਆਖਿਰ ਵਿੱਚ ਮੈਂ ਤੁਹਾਡੀ ਉੱਨਤੀ ਤਰੱਕੀ ਅਤੇ ਸੁਨਿਹਰੇ ਭਵਿੱਖ ਲਈ ਕਾਮਨਾ ਕਰਦਾ ਹਾਂ ਕਿ ਤੁਸੀਂ ਚੰਗੇ ਨੰਬਰ ਪ੍ਰਾਪਤ ਕਰਕੇ ਆਪਣੇ ਮਾਪਿਆਂ ਦੇ ਨਾਲ ਮੇਰਾ ਨਾਂ ਵੀ ਰੋਸ਼ਨ ਕਰੋਗੇ ਅਤੇ ਚੰਗੇ ਨਾਗਰਿਕ ਬਣਕੇ ਚੰਗੇ ਕੰਮ ਕਰਦੇ ਨਿਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰੋਗੇ।
ਤੁਹਾਡੀ ਉੱਨਤੀ ਤਰੱਕੀ ਲਈ ਹਮੇਸ਼ਾ ਦੁਆ ਕਰਦਾ ਤੁਹਾਡਾ ਪਿਆਰਾ ਸਕੂਲ।
(ਲਿਖ਼ਤ – ਰਵਿੰਦਰ ਸਿੰਘ ਸ.ਸ. ਮਾਸਟਰ ਪੀ.ਐਮ ਸ੍ਰੀ ਸਹਸ ਸੁਰਗਾਪੁਰੀ ਕੋਟਕਪੂਰਾ, ਫਰੀਦਕੋਟ।)