ਅਸੀਂ ਸਫ਼ਰ ਤਹਿ ਕਰਨ ਲਈ ਕਿਸੇ ਨਾ ਕਿਸੇ ਵਾਹਨ ਦੀ ਵਰਤੋਂ ਕਰਦੇ ਹਾਂ ਨੇੜੇ ਦਾ ਸਫ਼ਰ ਹੋਵੇ ਤਾਂ ਸਾਈਕਲ, ਮੋਟਰ ਸਾਈਕਲ ਆਦਿ ਜੇ ਦੂਰ ਦਾ ਸਫ਼ਰ ਤਹਿ ਕਰਨਾ ਹੋਵੇ ਕਾਰ, ਬੱਸ, ਰੇਲ ਆਦਿ ਤੇ ਦੇਸ਼ਾਂ ਵਿਦੇਸ਼ਾਂ ਦਾ ਸਫ਼ਰ ਤਹਿ ਕਰਨ ਲਈ ਹਵਾਈ ਜਹਾਜ ਰਾਹੀਂ ਯਾਤਰਾ ਕਰਦੇ ਹਾਂ। ਬੀਤੇ ਦਿਨੀ 12 ਜੂਨ ਨੂੰ ਹੋਈ ਨਾ ਭੁੱਲਣਯੋਗ ਹਵਾਈ ਜਹਾਜ਼ ਦੁਰਘਟਨਾ ਨੇ ਸਭ ਦੇ ਮਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹਵਾਈ ਜਹਾਜ਼ ਜੋ ਕਿ ਅਹਿਮਦਾਬਾਦ ਤੋਂ ਇੰਗਲੈਂਡ ਲਈ ਉਡਾਣ ਭਰੀ ਅਤੇ ਕੁੱਝ ਹੀ ਪਲ ਵਿੱਚ ਕਰੈਸ਼ ਕਰ ਗਿਆ ਇਸ ਦੇ ਪਿੱਛੇ ਦਾ ਕਾਰਨ ਜਾਨਣ ਲਈ ਬਲੈਕ ਬਾਕਸ ਦੀ ਬਹੁਤ ਜਰੂਰਤ ਹੈ ਆਓ ਜਾਣਦੇ ਹਾਂ ਕੀ ਹੈ ਬਲੈਕ ਬਾਕਸ? ਬਲੈਕ ਬਾਕਸ ਹਰ ਜਹਾਜ਼ ਦਾ ਇੱਕ ਮਹੱਤਵਪੂਰਨ ਹਿੱਸਾ ਹੁੰਦਾ ਹੈ ਤੇ ਜਿਸ ਵਿੱਚ ਉਡਾਣ ਦਾ ਸਾਰਾ ਡਾਟਾ ਦਰਜ ਹੁੰਦਾ ਹੈ। ਇਸ ਲਈ ਹਾਦਸੇ ਤੋਂ ਬਾਅਦ ਪਹਿਲਾਂ ਇਸ ਨੂੰ ਖੋਜਿਆਂ ਜਾਂਦਾ ਹੈ ਤਾਂ ਜੋ ਹਾਦਸੇ ਦਾ ਕਾਰਨ ਪਤਾ ਲੱਗ ਸਕੇ। ਬਲੈਕ ਬਾਕਸ ਦੀ ਖੋਜ ਅਸਟ੍ਰੇਲੀਆ ਦੇ ਵਿਗਿਆਨੀ ਡਾ ਡੇਵਿਡ ਵਾਰਨ ਨੇ 1950 ਈ ਵਿੱਚ ਕੀਤੀ ਸੀ। ਹਵਾਈ ਜਹਾਜ਼ ਵਿੱਚ ਵਰਤਿਆ ਜਾਣ ਵਾਲਾ ਬਲੈਕ ਬਾਕਸ ਅਸਲ ਵਿੱਚ ਚਮਕਦਾਰ ਸੰਤਰੀ ਰੰਗ ਦਾ ਬਣਾਇਆ ਜਾਂਦਾ ਹੈ ਪਰ ਤਕਨੀਕੀ ਕਾਰਨਾਂ ਕਰਕੇ ਇਸ ਨੂੰ ਬਲੈਕ ਬਾਕਸ ਨਾਮ ਦਿੱਤਾ ਗਿਆ ਹੈ। ਬਲੈਕ ਬਾਕਸ ਨੂੰ ਚਮਕਦਾਰ ਸੰਤਰੀ ਰੰਗ ਵਿਚ ਪੇਂਟ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਕਿਸੇ ਹਾਦਸੇ ਤੋਂ ਬਾਅਦ ਇਸ ਨੂੰ ਆਸਾਨੀ ਨਾਲ ਲੱਭਿਆ ਜਾ ਸਕੇ। ਜਹਾਜ਼ ਹਾਦਸੇ ਤੋਂ ਬਾਅਦ ਮਲਬੇ ਵਿੱਚ ਬਲੈਕ ਬਾਕਸ ਲੱਭਣਾ ਮੁਸ਼ਕਲ ਹੁੰਦਾ ਹੈ। ਸੰਤਰੀ ਰੰਗ ਆਸਾਨੀ ਨਾਲ ਦਿਖਾਈ ਦਿੰਦਾ ਹੈ। ਇਹ ਯੰਤਰ ਸਟੀਲ ਜਾਂ ਟਾਈਟੇਨੀਅਮ ਵਰਗੀਆਂ ਮਜ਼ਬੂਤ ਧਾਤਾਂ ਦੇ ਬਣੇ ਹੁੰਦੇ ਹਨ ਤੇ ਇਹ ਅੱਗ, ਪਾਣੀ ਅਤੇ ਭਾਰੀ ਦਬਾਅ ਦਾ ਸਾਹਮਣਾ ਕਰ ਸਕਦੇ ਹਨ। ਬਲੈਕ ਬਾਕਸ ਨੂੰ 1100°C ਤੱਕ ਦੇ ਤਾਪਮਾਨ ਵਿੱਚ ਲਗਭਗ 60 ਮਿੰਟਾਂ ਲਈ ਬਚਣ ਲਈ ਤਿਆਰ ਕੀਤਾ ਗਿਆ ਹੈ। ਭਾਵੇਂ ਜਹਾਜ਼ ਸੜ ਜਾਵੇ, ਇਸ ਦਾ ਡੇਟਾ ਸੁਰੱਖਿਅਤ ਰਹਿੰਦਾ ਹੈ। ਬਲੈਕ ਬਾਕਸ ਵਿੱਚ ਇਕ ਬੀਕਨ ਹੈ, ਜੋ ਪਾਣੀ ਵਿਚ ਵੀ 30 ਦਿਨਾਂ ਲਈ ਸਿਗਨਲ ਭੇਜਦਾ ਰਹਿੰਦਾ ਹੈ। ਯੰਤਰ ਦਾ ਸੰਤਰੀ ਰੰਗ ਸਮੁੰਦਰ ਦੇ ਅੰਦਰ ਇਸ ਨੂੰ ਲੱਭਣ ਵਿਚ ਮਦਦ ਕਰਦਾ ਹੈ। ਬਲੈਕ ਬਾਕਸ ਦੇ ਦੋ ਮੁੱਖ ਹਿੱਸੇ ਹੁੰਦੇ ਹਨ। ਪਹਿਲਾ ਫਲਾਈਟ ਡੇਟਾ ਰਿਕਾਰਡਰ ਹੈ। ਜਿਸ ਨੂੰ FDR ਵਜੋਂ ਜਾਣਿਆ ਜਾਂਦਾ ਹੈ। ਇਹ ਉਡਾਣ ਨਾਲ ਸਬੰਧਤ ਤਕਨੀਕੀ ਜਾਣਕਾਰੀ ਰਿਕਾਰਡ ਕਰਦਾ ਹੈ। ਇਹ ਜਹਾਜ਼ ਦੀ ਗਤੀ, ਉਚਾਈ, ਦਿਸ਼ਾ, ਇੰਜਣ ਦੀ ਕਾਰਗੁਜ਼ਾਰੀ, ਜਹਾਜ਼ ਦੇ ਪਾਇਲਟ ਦੁਆਰਾ ਖੋਜੇ ਗਏ ਨਿਯੰਤਰਣ ਪੱਧਰਾਂ ਦੀ ਸਥਿਤੀ ਨੂੰ ਰਿਕਾਰਡ ਕਰਦਾ ਹੈ।ਬਲੈਕ ਬਾਕਸ ਦਾ ਦੂਜਾ ਹਿੱਸਾ ਕਾਕਪਿਟ ਵਾਇਸ ਰਿਕਾਰਡਰ ਹੈ। ਇਸ ਨੂੰ CVR ਵਜੋਂ ਜਾਣਿਆ ਜਾਂਦਾ ਹੈ। ਇਹ ਕਾਕਪਿਟ ਵਿਚ ਹੋਣ ਵਾਲੀਆਂ ਗੱਲਬਾਤਾਂ ਅਤੇ ਆਵਾਜ਼ਾਂ ਨੂੰ ਰਿਕਾਰਡ ਕਰਦਾ ਹੈ। ਇਹ ਪਾਇਲਟ ਵਿਚਕਾਰ ਗੱਲਬਾਤ ਨੂੰ ਰਿਕਾਰਡ ਕਰਦਾ ਹੈ। ਸੋ ਜੇਕਰ ਹਾਦਸੇ ਦਾ ਕਾਰਨ ਪਤਾ ਲੱਗ ਜਾਵੇ ਤਾਂ ਭਵਿੱਖ ਵਿੱਚ ਯਾਤਰਾ ਹੋਰ ਸੁਰੱਖਿਅਤ ਹੋ ਸਕਦੀ ਹੈ ਅਤੇ ਜਾਨੀ ‘ਤੇ ਮਾਲੀ ਬਚਾ ਹੋ ਸਕਦਾ ਹੈ।

ਦੀਪਕ ਗਾਂਧੀ
ਹੈੱਡਮਾਸਟਰ
ਸਰਕਾਰੀ ਹਾਈ ਸਕੂਲ ਪਿੰਡੀ (ਜ਼ਿਲ੍ਹਾ ਫ਼ਿਰੋਜ਼ਪੁਰ)
ਸੰਪਰਕ ਨੰਬਰ – 9855999733