ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਅਜੀਤ ਪ੍ਰਦੇਸੀ ਜੀ ਦੱਸਦੇ ਹਨ ਕਿ 2 ਜੁਲਾਈ ਦੀ ਸਵੇਰੇ ਦਾ ਸਮਾਂ ਸੀ, ਸ਼ਾਇਦ ਪੌਣੇ ਦਸ। ਉਹ ਚੱਲਿਆ ਬਲੌਂਗੀ ਲਾਇਬ੍ਰੇਰੀ ਨੂੰ। ਰਸਤੇ ਵਿੱਚ ਪੈਂਦਾ ਸੀ ਸਕੂਲ ਸਹੌੜਾਂ ਜਿੱਥੇ ਪ੍ਰਿੰਸੀਪਲ ਸਾਹਿਬ ਲਾਇਬ੍ਰੇਰੀ ਵਿੱਚ ਖੜ੍ਹੇ ਸਨ। ਉਨ੍ਹਾਂ ਤਰਕਸ਼ੀਲ ਮੈਗਜ਼ੀਨ ਫੜ੍ਹਿਆ, ਧੰਨਵਾਦ ਕੀਤਾ ਤੇ ਉਹ ਬਲੌਂਗੀ ਲਾਇਬ੍ਰੇਰੀ ਪਹੁੰਚ ਗਿਆ ਤੇ ਬਾਅਦ ਦੁਪਹਿਰ ਪੰਜਾਬ ਬੁੱਕ ਸੈਂਟਰ ਚੰਡੀਗੜ੍ਹ ਤਰਕਸ਼ੀਲ ਮੈਗਜ਼ੀਨ ਰੱਖ ਕੇ ਉਸ ਨੇ ਰਸਤੇ ਵਿੱਚ ਪੈਂਦੀ ਇੱਕ ਕਲੌਨੀ ਵਿੱਚ ਰਹਿੰਦੇ ਮਾਸਟਰ ਦੀ ਕੋਠੀ ਤਰਕਸ਼ੀਲ ਮੈਗਜ਼ੀਨ ਵਗਾਹ ਮਾਰਿਆ ਤੇ ਉਨ੍ਹੀਂ ਪੈਰੀਂ ਮੋਰਿੰਡਾ ਬੁੱਕ ਸਟਾਲ ਤੇ ਆ ਕੇ ਰੁਕਿਆ। ਚਾਹ ਪੀਤੀ ਪੱਤਰਕਾਰ ਬੁੱਕ ਸਟਾਲ ਨਾਲ ਗੱਲਾਂ ਕੀਤੀਆਂ, ਮੈਗ਼ਜ਼ੀਨਾਂ ਦਾ ਹਿਸਾਬ ਕਰਕੇ ਰਾਣਵਾਂ ਬੁੱਕ ਸਟਾਲ ਤੇ ਮੈਗਜ਼ੀਨ ਦਿੱਤੇ, ਸੰਘੋਲ ਨਵਤੇਜ ਧੂੰਦਾ ਦੇ ਮੈਗਜ਼ੀਨ ਦੇ ਕੇ ਉਹ ਕਾਲੇਵਾਲ ਵਾਟਰ ਵਰਕਸ ਤੇ ਮੈਗਜ਼ੀਨ ਦੇਣ ਗਿਆ ਤੇ ਉੱਥੋਂ ਮੋਰਿੰਡੇ ਰਹਿੰਦੇ ਦੋ ਕਾਮਰੇਡਾਂ ਦੇ ਘਰ ਮੈਗਜ਼ੀਨ ਦੇਣ ਚਲਾ ਗਿਆ। ਮੋਰਿੰਡੇ ਤੋਂ ਕਾਈਨੌਰ ਬੱਸ ਅੱਡੇ ਤੇ ਹਾਰਡਵੇਅਰ ਦੀ ਦੁਕਾਨ ਤੇ ਮੈਗਜ਼ੀਨ ਫੜਾ ਪਾਵਰ ਕਲੌਨੀ ਆ ਕੇ ਇੱਕ ਹੋਰ ਮੈਗਜ਼ੀਨ ਕੇਬਲ ਨੈੱਟਵਰਕ ਵਾਲੇ ਨੂੰ ਉਸ ਨੇ ਦਿੱਤਾ ਤੇ ਦੋ ਮੈਗਜ਼ੀਨ ਬਾਜ਼ਾਰ ਦੇ ਕੇ ,ਰਾਤ 8 ਵਜੇ ਦੇ ਨੇੜੇ ਤੇੜੇ ਅਜੀਤ ਪ੍ਰਦੇਸੀ ਲੱਗਭੱਗ 10 ਘੰਟਿਆਂ ਵਿੱਚ 125-30 ਕਿਲੋਮੀਟਰ ਦਾ ਮੋਟਰ ਸਾਇਕਲ ਦਾ ਸਫ਼ਰ ਵਿਗਿਆਨਕ ਸੋਚ ਦਾ ਸੁਨੇਹਾ ਦਿੰਦਾ ਤਰਕਸ਼ੀਲ ਸੁਸਾਇਟੀ ਦੇ ਲੇਖੇ ਲਾ ਕੇ ਆਪਣੇ ਘਰੇ ਆ ਵੜਿਆ।
ਉਹ ਕਹਿੰਦਾ ਹੈ ਕਿ 500 ਮੈਗ਼ਜ਼ੀਨਾਂ ਦੀ ਵੰਡ ਵੰਡਾਈ ਦਾ ਕੰਮ ਇੰਝ ਹੀ ਕਰਕੇ ਨੇਪਰੇ ਚੜ੍ਹਦਾ ਹੈ। ਧੁੱਪ ਹੋਵੇ ਜਾਂ ਤਪਸ਼, ਹੁੰਮਸ ਹੋਵੇ ਜਾਂ ਹੁੱਟ, ਚਰਖ਼ਾ ਤਾਂ ਘੂਕਦਾ ਰੱਖਣਾ ਹੀ ਪੈਂਦਾ ਹੈ। ਇਸੇ ਕਰਕੇ ਇਕਹਿਰੀ ਹੱਡੀ ਦਾ ਇਹ ਢਾਂਚਾ ਸਟੀਲਹੈੱਡ ਬਣ ਗਿਆ ਹੈ। ਉਹ ਕਹਿੰਦਾ ਹੈ
ਇੱਛਾ-ਸ਼ਕਤੀ,ਦ੍ਰਿੜ ਇਰਾਦਾ,ਲਗਨ, ਸਮਰਪਿਤ ਭਾਵਨਾ ਤੇ ਇਤਿਹਾਸ ਸਿਰਜਣ ਦੀ ਚਾਹਤ ਹੇਠਲੀ ਉੱਤੇ ਕਰਵਾ ਦਿੰਦੀ ਹੈ ਤੇ ਇਨਕਲਾਬਾਂ ਦੇ ਸੂਰਜ ਵੀ ਚੜ੍ਹਾ ਦਿੰਦੀ ਹੈ, ਮੈਗ਼ਜ਼ੀਨਾਂ ਦੀ ਗਿਣਤੀ ਵਧਾਉਣ ਦਾ ਕੰਮ ਤਾਂ ਇਸ ਆਪਾ-ਵਾਰੂ ਬਿਰਤੀ ਅੱਗੇ ਬਹੁਤ ਨਿੱਕਾ ਜਿਹੈ।ਉਹ ਕਹਿੰਦਾ ਹੈ ਆਓ! ਸਾਥੀਓ,ਅੱਗੇ ਵਧੋ।
ਮੈਗ਼ਜ਼ੀਨਾਂ ਦੀ ਗਿਣਤੀ ਵਧਾਉਣ ਲਈ:ਉਹ ਸੁਝਾਅ ਦਿੰਦਾ ਹੈ
- ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ, ਮੁਲਾਜ਼ਮਾਂ,ਗਲੀ ਮੁਹੱਲੇ ਵਾਲਿਆਂ, ਦੁਕਾਨਦਾਰਾਂ ਅਤੇ ਹੋਰ ਜਾਣ-ਪਛਾਣ ਵਾਲਿਆਂ ਦੀਆਂ ਲਿਸਟਾਂ ਬਣਾਓ, ਇਨ੍ਹਾਂ ਵਿਚੋਂ ਵੱਧ ਨੇੜਤਾ ਵਾਲਿਆਂ ਦੀ ਛਾਂਟੀ ਕਰ ਲਵੋ ਤੇ ਫ਼ਿਰ ਉਨ੍ਹਾਂ ਨਾਲ ਸੰਪਰਕ ਕਰੋ ਤੇ ਮੈਗਜ਼ੀਨ ਬਾਰੇ ਚਰਚਾ ਕਰੋ।
- ਸਕੂਲਾਂ ਵਿੱਚ ਜਾਓ। ਸਕੂਲ ਮੁਖੀਆਂ ਨਾਲ ਸੰਪਰਕ ਕਰੋ।
- ਸਕੂਲਾਂ ਵਿੱਚ ਜਾਦੂ ਦੇ ਸ਼ੋਅ ਕਰੋ ਤੇ ਸੁਸਾਇਟੀ ਦੀ ਸਮਝ ਅਤੇ ਵਹਿਮਾਂ ਭਰਮਾਂ ਤੇ ਅੰਧਵਿਸ਼ਵਾਸ ਆਦਿ ਬਾਰੇ ਵਿਚਾਰ ਸਾਂਝੇ ਕਰੋ ਤੇ ਮੈਗਜ਼ੀਨ ਲੱਗ ਜਾਂਦੇ ਹਨ।
- ਮੈਗਜ਼ੀਨ ਹਫ਼ਤਾ,ਪੰਦਰਵਾੜਾ , ਮਹੀਨਾ ਜਾਂ ਕਿਸੇ ਮਹੱਤਵਪੂਰਨ ਦਿਵਸ ਨੂੰ ਮੈਗਜ਼ੀਨ ਦੇ ਚੰਦੇ ਲਾਉਣ ਨੂੰ ਸਮਰਪਿਤ ਕਰੋ।
- ਸੂਬਾ ਕਮੇਟੀ ਮੈਂਬਰਾਂ ਤੇ ਜ਼ੋਨ ਆਗੂਆਂ ਨੂੰ ਮੈਗਜ਼ੀਨ ਦੇ ਕੋਟੇ ਲੱਗਾਏ ਜਾਣ।
ਮਾਸਟਰ ਪਰਮ ਵੇਦ
ਜੋਨ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349