ਨਸ਼ਾ ਇਕ ਬਹੁਤ ਬੁਰੀ ਆਦਤ ਹੈ।ਇਹ ਨਸ਼ਾ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ। ਅੱਜ਼ ਕੱਲ ਦੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਭ ਨੂੰ ਸਮਾਰਟ ਮੋਬਾਇਲ ਫ਼ੋਨ ਚਲਾ ਕੇ ਸੋਸ਼ਲ ਮੀਡੀਆ ਦੇਖਣ, ਗੇਮਾਂ ਖੇਡਣ ਅਤੇ ਵੀਡਿਓਜ਼ ਬਣਾਉਣ ਦੇਖਣ ਦਾ ਨਸ਼ਾ ਲੱਗਿਆ ਹੋਇਆ ਹੈ।ਸਭ ਤੋਂ ਜ਼ਿਆਦਾ ਨਸ਼ਾ ਅੱਜ਼ ਕੱਲ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਲੱਗ ਚੁੱਕਿਆ ਹੈ। ਛੋਟੇ ਬੱਚਿਆਂ ਨੂੰ ਮੋਬਾਇਲ ਫ਼ੋਨ ਦਾ ਨਸ਼ਾ ਇਸ ਹੱਦ ਤੱਕ ਲੱਗ ਗਿਆ ਹੈ ਕਿ ਉਹ ਮੋਬਾਇਲ ਫ਼ੋਨ ਦੇਖੇ ਬਿਨਾਂ ਖਾਣਾ ਹੀ ਨਹੀਂ ਖਾਂਦੇ, ਨਾਂ ਹੀ ਦੁੱਧ ਪੀਂਦੇ ਹਨ ਅਤੇ ਨਾਂ ਹੋਰ ਕੁਝ ਖਾਂਦੇ ਹਨ। ਬੱਚੇ ਕਹਿੰਦੇ ਹਨ ਸਾਨੂੰ ਮੋਬਾਇਲ ਫ਼ੋਨ ਦਿਉਂਗੇ ਤਾਂ ਹੀ ਰੋਟੀ ਖਾਵਾਂਗੇ।ਇਸ ਲਈ ਮਾਂ -ਬਾਪ ਬੱਚੇ ਨੂੰ ਇਹ ਸੋਚ ਕੇ ਮੋਬਾਇਲ ਦੇ ਦਿੰਦੇ ਹਨ ਕਿ ਚਲੋ ਇਸ ਬਹਾਨੇ ਸਾਡਾ ਬੱਚਾ ਰੋਟੀ ਖਾ ਲਵੇਗਾ। ਮੋਬਾਇਲ ਫ਼ੋਨ ਦੇ ਨਾਲ ਨਾਲ ਰੋਟੀ ਖਾਂਦੇ ਹੋਏ ਬੱਚੇ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਬੱਚਾ ਖਾਣਾ ਖਾ ਰਿਹਾ ਹੈ ਜਾਂ ਨਹੀਂ।ਕਈ ਵਾਰ ਤਾਂ ਬੱਚੇ ਫ਼ੋਨ ਦੇਖਦੇ ਹੋਏ ਲਿਮੀਟ ਤੋਂ ਵੀ ਵੱਧ ਖਾਣਾ ਖਾ ਜਾਂਦੇ ਹਨ ਕਿਉਂਕਿ ਬੱਚੇ ਦਾ ਧਿਆਨ ਹੀ ਫ਼ੋਨ ਦੇਖਣ ਵਿੱਚ ਹੁੰਦਾ ਹੈ ਨਾਂ ਕਿ ਖਾਣਾ ਖਾਣ ਵਿੱਚ। ਅਜਿਹਾ ਕਰਨ ਨਾਲ ਉਸ ਦੀ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ। ਬੱਚਾ ਫੋਨ ’ਚ ਰੁੱਝ ਜਾਂਦਾ ਹੈ ਅਤੇ ਉਸ ਦੀ ਖਾਣ ਦੀ ਸਮਰੱਥਾ ਪ੍ਰਭਾਵਿਤ ਹੋ ਜਾਂਦੀ ਹੈ।ਮੋਬਾਇਲ ਫ਼ੋਨ ਦੇਖਣਾਂ ਸਾਡੇ ਸਾਰਿਆਂ ਲਈ ਛੋਟੇ ਵੱਡਿਆਂ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ।ਪਰ ਬੱਚਿਆਂ ਦੇ ਲਈ ਸਭ ਤੋਂ ਜ਼ਿਆਦਾ ਹਾਨੀਕਾਰਕ ਹੈ ਕਿਉਂਕਿ ਬੱਚੇ ਬਹੁਤ ਜ਼ਿਆਦਾ ਨਾਜ਼ੁਕ ਹੁੰਦੇ ਹਨ ਅਤੇ ਮੋਬਾਇਲ ਫ਼ੋਨ ਵਿਚੋਂ ਨਿਕਲ ਰਹੀਆਂ ਖ਼ਤਰਨਾਕ ਕਿਰਨਾਂ ਬੱਚਿਆਂ ਤੇ ਬਹੁਤ ਜ਼ਿਆਦਾ ਬੁਰਾ ਅਸਰ ਕਰਦੀਆਂ ਹਨ। ਮੋਬਾਇਲ ਫੋਨ ਦੇ ਜ਼ਿਆਦਾ ਇਸਤੇਮਾਲ ਕਾਰਨ ਬਹੁਤ ਸਾਰੇ ਬੱਚੇ ਕਿਤਾਬਾਂ ਤੋਂ ਦੂਰ ਰਹਿਣ ਲੱਗ ਪਏ ਹਨ। ਉਹ ਆਨਲਾਇਨ ਕਲਾਸ ਦਾ ਬਹਾਨਾ ਬਣਾ ਕੇ ਫੋਨ ਦੀ ਵਰਤੋਂ ਕਰਦੇ ਰਹਿੰਦੇ ਹਨ।ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਬੱਚਿਆਂ ਨੂੰ ਮੋਬਾਇਲ ਫ਼ੋਨ ਨਾਂ ਦਿੱਤਾ ਜਾਵੇ। ਬੱਚਿਆਂ ਨੂੰ ਖਿਡੋਣਿਆ ਨਾਲ ਖੇਡਣ ਦੀ ਆਦਤ ਪਾਈ ਜਾਵੇ।ਇਕ ਵਾਰ ਮਾਪਿਆਂ ਲਈ ਔਖਾ ਜ਼ਰੂਰ ਹੋਵੇਗਾ ਪਰ ਹੋਲੀ ਹੋਲੀ ਬੱਚਿਆਂ ਨੂੰ ਖਿਡੋਣਿਆ ਨਾਲ ਖੇਡਣ ਦੀ ਆਦਤ ਪੈ ਜਾਵੇਗੀ। ਜੇਕਰ ਬੱਚਾ ਮੋਬਾਇਲ ਫ਼ੋਨ ਬਿਨਾਂ ਰੋਟੀ ਨਹੀਂ ਖਾਂਦਾ ਤਾਂ ਬੱਚੇ ਨੂੰ ਖਿਡੋਣੇ ਨਾਲ ਖਿਡਾਉਂਦੇ ਹੋਏ ਰੋਟੀ ਖਾਣ ਦੀ ਆਦਤ ਪਾਈ ਜਾਵੇ। ਇੰਟਰਨੈੱਟ ਤੇ ਅੱਜ਼ ਕੱਲ ਬਹੁਤ ਤਰਾਂ ਦਾ ਮਾੜਾ ਚੰਗਾ ਡਾਟਾ ਮਿਲ ਜਾਂਦਾ ਹੈ ਪਰ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਸਾਡਾ ਬੱਚਾ ਮੋਬਾਇਲ ਤੇ ਚੰਗੀ ਚੀਜ਼ ਦੇਖ ਰਿਹਾ ਹੈ ਜਾਂ ਕੁਝ ਅਸ਼ਲੀਲ ਵੀਡੀਓ ਦੇਖ ਰਿਹਾ ਹੈ। ਜ਼ੇਕਰ ਬੱਚਾ ਇਕ ਵਾਰ ਅਸ਼ਲੀਲ ਵੀਡੀਓ ਵੇਖਣ ਲੱਗ ਗਿਆ ਤਾਂ ਫਿਰ ਵਾਰ ਵਾਰ ਸਕਰੋਲ ਕਰਨ ਤੇ ਅਸ਼ਲੀਲ ਵੀਡੀਓ ਹੀ ਸਕਰੀਨ ਤੇ ਦਿਖਾਈ ਦੇਣਗੀਆਂ ਜਿਸ ਨੂੰ ਦੇਖ ਕੇ ਸਾਡਾ ਬੱਚਾ ਘਰ ਬੈਠਿਆਂ ਹੀ ਵਿਗੜ ਸਕਦਾ ਹੈ ਅਤੇ ਬੁਰੇ ਰਸਤੇ ਪੈ ਸਕਦਾ ਹੈ।ਜੇਕਰ ਬੱਚਾ ਕੋਈ ਕ੍ਰਾਈਮ ਕਰਨ ਵਾਲੀਆਂ ਵੀਡਿਓਜ਼ ਦੇਖਣ ਲੱਗ ਗਿਆ ਤਾਂ ਫਿਰ ਸਕ੍ਰੀਨ ਤੇ ਸਕਰੋਲ ਕਰਨ ਤੇ ਕ੍ਰਾਈਮ ਕਰਨ ਵਾਲੀਆਂ ਵੀਡਿਓਜ਼ ਹੀ ਦਿਖਾਈ ਦੇਣਗੀਆਂ।ਇਹ ਵੀਡਿਓਜ਼ ਦੇਖ ਕੇ ਬੱਚਾ ਗਲਤ ਸੁਸਾਇਟੀ ਵਿੱਚ ਪੈ ਸਕਦਾ ਹੈ ਜਿਸ ਨਾਲ ਸਾਡੇ ਬੱਚਿਆਂ ਦਾ ਭਵਿੱਖ ਤਬਾਹ ਹੋ ਸਕਦਾ ਹੈ। ਤੁਹਾਨੂੰ ਹਰ ਸਮੇਂ ਬੱਚਿਆਂ ਤੇ ਪੂਰੀ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ। ਜਦੋਂ ਤੱਕ ਬਹੁਤ ਜ਼ਰੂਰੀ ਨਾਂ ਹੋਵੇ ਬੱਚਿਆਂ ਨੂੰ ਮੋਬਾਇਲ ਫ਼ੋਨ ਨਾ ਦਿੱਤਾ ਜਾਵੇ।ਕਈ ਮਾਤਾ-ਪਿਤਾ ਅਜਿਹੇ ਹਨ, ਜੋ ਆਪਣੇ ਕੰਮਾਂ ’ਚ ਵਿਅਸਥ ਹੋਣ ਕਰਕੇ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ। ਉਹ ਕੰਮ ਦੇ ਚੱਕਰ ’ਚ ਖੁਦ ਬੱਚੇ ਨੂੰ ਮੋਬਾਇਨ ਫੋਨ ਦੇ ਕੇ ਬਿਠਾ ਦਿੰਦੇ ਹਨ, ਜੋ ਗ਼ਲਤ ਹੈ।ਮੋਬਾਇਲ ਫ਼ੋਨ ਦੀ ਆਦਤ ਛੁਡਵਾ ਕੇ ਬੱਚਿਆਂ ਨੂੰ ਵੱਧ ਤੋਂ ਵੱਧ ਆਊਟਡੋਰ ਖੇਡਾਂ ਨਾਲ ਜੋੜਿਆ ਜਾਵੇ। ਮਾਪਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਖੇਡ ਗਰਾਊਂਡ ਲੈ ਕੇ ਜਾਇਆ ਜਾਵੇ ਅਤੇ ਖ਼ੁਦ ਵੀ ਬੱਚਿਆਂ ਨਾਲ ਗਰਾਊਂਡ ਵਿੱਚ ਖੇਡਿਆ ਜਾਵੇ ਤਾਂ ਜ਼ੋ ਬੱਚਿਆਂ ਦੀ ਖੇਡਾਂ ਪ੍ਰਤੀ ਰੁਚੀ ਵੱਧ ਸਕੇ। ਬੱਚਿਆਂ ਦੇ ਸਾਹਮਣੇ ਕਦੇ ਵੀ ਫੋਨ ਦੀ ਵਰਤੋਂ ਨਾ ਕਰੋ। ਤੁਹਾਨੂੰ ਵੇਖ ਕੇ ਤੁਹਾਡਾ ਬੱਚਾ ਵੀ ਫੋਨ ਦੀ ਵਰਤੋਂ ਨਹੀਂ ਕਰੇਗਾ।ਸਾਨੂੰ ਸੋਣ ਲੱਗਿਆਂ ਵੀ ਮੋਬਾਇਲ ਫ਼ੋਨ ਨੂੰ ਘੱਟੋ ਘੱਟ 5 ਫੁੱਟ ਦੂਰ ਰੱਖਣਾ ਚਾਹੀਦਾ ਹੈ।
ਸੰਦੀਪ ਕੰਬੋਜ
ਪ੍ਰਧਾਨ ਐਂਟੀ ਕੁਰੱਪਸ਼ਨ ਬਿਊਰੋ ਇੰਡੀਆ ਗੁਰੂਹਰਸਹਾਏ
ਸੰਪਰਕ ਨੰਬਰ -98594-00002