ਪੈਸਾ ,ਸਿਆਸਤ ਤੇ ਸ਼ਕਤੀ ਦੀ ਪੋੜੀ ਦਾ ਇਸਤੇਮਾਲ ਕਰਕੇ ਕੁਰਸੀ ਹਾਸਿਲ ਕਰਨੀ ਅੱਜ ਕੱਲ੍ਹ ਦੇ ਦੌਰ ਦਾ ਫੈਸ਼ਨ ਬਣਿਆ ਹੋਇਆ ਹੈ। ਪਹਿਲੀਆਂ ਚ ਲੋਕ ਸੇਵਾ ਕਰਨ ਵਾਲਿਆਂ ਨੂੰ ਲੋਕੀ ਖੁਦ ਅੱਗੇ ਲੈ ਕੇ ਆਉਂਦੇ ਸਨ ਤੇ ਸਿਆਸਤ ਵੀ ਲੋਕ ਮੁੱਦਿਆਂ ਤੇ ਹੁੰਦੀ ਸੀ ਲੋਕ ਹਿੱਤ ਲਈ ਪਰ੍ਹੇ ਚ ਕੀਤੇ ਫੈਸਲੇ ਲੋਕੀ ਸਹਿਜੇ ਹੀ ਸਵੀਕਾਰ ਕਰ ਲਿਆ ਕਰਦੇ ਸਨ ਪ੍ਰੰਤੂ ਅੱਜ ਕੱਲ੍ਹ ਇਹ ਨਹੀਂ ਰਿਹਾ ਕਿਉਂਕਿ ਰਾਜਨੀਤੀ ਵੀ ਹੁਣ ਧੰਦਾ ਹੀ ਬਣ ਗਈ ਹੈ।
ਮੌਜੂਦਾ ਸਮੇਂ ਸਾਡੇ ਦੇਸ਼ ਦੀ ਸਿਆਸਤ ਏਨੀ ਭ੍ਰਿਸ਼ਟ ਹੋ ਚੁੱਕੀ ਹੈ ਕਿ ਇਸ ਵਿੱਚ ਇਮਾਨਦਾਰੀ ਅਤੇ ਲੋਕ ਸੇਵਾ ਦੀ ਭਾਵਨਾ ਵਰਗੀ ਕੋਈ ਚੀਜ਼ ਨਜ਼ਰ ਨਹੀਂ ਆਉਂਦੀ। ਅਜੋਕੇ ਸਮੇਂ ਦੇ ਬਹੁਤ ਸਾਰੇ ਸੁਆਰਥੀ ਅਤੇ ਲਾਲਚੀ ਸਿਆਸੀ ਆਗੂਆਂ ਨੇ ਸਿਆਸਤ ਨੂੰ ‘ਦੇਸ਼ ਸੇਵਾ’ ਵਾਲੇ ਜਜ਼ਬੇ ਦੀ ਬਜਾਏ ਇੱਕ ਬਹੁਤ ਵੱਡੇ ਵਪਾਰ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਹੈ, ਤਾਹੀਓਂ ਤਾਂ ਸਾਡੇ ਦੇਸ਼ ਦੇ ਰਾਜਨੀਤਿਕ ਆਗੂਆਂ ਵੱਲੋਂ ਸੱਤਾ ਹਾਸਲ ਕਰਨ ਲਈ ਕਈ ਤਰ੍ਹਾਂ ਦੇ ਪਾਪੜ ਵੇਲੇ ਜਾਂਦੇ ਹਨ। ਜੇਕਰ ਸਾਡੇ ਦੇਸ਼ ਦੇ ਲੋਕ ਸੱਚਮੁੱਚ ਹੀ ਬਿਨਾਂ ਕਿਸੇ ਨਿੱਜੀ ਸਵਾਰਥ ਜਾਂ ਲਾਲਚ ਅਤੇ ਲੋਕ-ਸੇਵਾ ਦੀ ਭਾਵਨਾ ਨਾਲ ਰਾਜਨੀਤੀ ਨੂੰ ਅਪਣਾਉਣ ਵਾਲੇ ਹੁੰਦੇ ਅਤੇ ਰਾਜਨੀਤੀ ਨੂੰ ਪੈਸਾ ਇਕੱਠਾ ਕਰਨ ਦਾ ਜ਼ਰੀਆ ਸਮਝਣ ਦੀ ਬਜਾਏ ਆਪਣੇ ਸਿਆਸੀ ਰੁਤਬੇ ਅਨੁਸਾਰ ਪ੍ਰਾਪਤ ਹੋਣ ਵਾਲੇ ਫ਼ਰਜ਼ਾਂ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਂਦੇ ਤਾਂ ਅੱਜ ਸਾਡਾ ਦੇਸ਼ ਵੀ ਪੱਛਮੀ ਦੇਸ਼ਾਂ ਦੀ ਤਰ੍ਹਾਂ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕਾ ਹੁੰਦਾ।
ਪਰ ਮੌਜੂਦਾ ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਸਿਆਸੀ ਲੋਕਾਂ ਵੱਲੋਂ ਰਾਜਨੀਤਿਕ ਤਾਕਤ ਹਾਸਲ ਕਰਨ ਲਈ ਦੇਸ਼ ਦੀ ਜਨਤਾ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਉਹਨਾਂ ਦੀਆਂ ਵੋਟਾਂ ਹਥਿਆ ਲਈਆਂ ਜਾਂਦੀਆਂ ਹਨ ਅਤੇ ਸਿਆਸਤ ਦੀ ਕੁਰਸੀ ‘ਤੇ ਕਾਬਜ਼ ਹੋਣ ਤੋਂ ਬਾਅਦ ਆਪਣੇ ਫਰਜ਼ਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਬਜਾਏ ਸਿਰਫ ਗੈਰ-ਕਾਨੂੰਨੀ ਢੰਗ ਨਾਲ ਪੈਸਾ ਇਕੱਠਾ ਕਰਨ ‘ਤੇ ਹੀ ਜ਼ੋਰ ਦਿੱਤਾ ਜਾਂਦਾ ਹੈ। ਦੇਸ਼ ਦੇ ਲੋਕਾਂ ਨੂੰ ਸੰਵਿਧਾਨ ਵੱਲੋਂ ਮਿਲੇ ਵੋਟ ਦੇ ਅਧਿਕਾਰ ਨੂੰ ਵੀ ਸੁਆਰਥੀ ਰਾਜਨੀਤਿਕ ਪਾਰਟੀਆਂ ਅਤੇ ਭ੍ਰਿਸ਼ਟ ਸਿਆਸੀ ਲੋਕ ਪੈਸੇ ਦੇ ਜ਼ੋਰ ‘ਤੇ ਪ੍ਰਭਾਵਿਤ ਕਰ ਰਹੇ ਹਨ। ਦੇਸ਼ ਵਿੱਚ ਜੇਕਰ ਕੋਈ ਚੀਜ਼ ਸਭ ਤੋਂ ਭ੍ਰਿਸ਼ਟ ਹੈ ਤਾਂ ਉਹ ਸਾਡੇ ਦੇਸ਼ ਦੀ ਰਾਜਨੀਤੀ ਹੀ ਹੈ, ਤਾਹੀਓਂ ‘ਤੇ ਸਿਆਸੀ ਲੋਕ ਰਾਜਨੀਤਿਕ ਰੁਤਬੇ ਦੀ ਪ੍ਰਾਪਤੀ ਨੂੰ ਕੁਬੇਰ ਦੇ ਖਜ਼ਾਨੇ ਦਾ ਮੁੱਖ ਦਵਾਰ ਸਮਝਦੇ ਹੋਏ ਆਪਣੀ ਸਾਰੀ ਉਮਰ ਕੁਰਸੀ ਹਾਸਿਲ ਕਰਨ ਦੀ ਦੌੜ ਵਿੱਚ ਲੱਗੇ ਰਹਿੰਦੇ ਹਨ।
ਇਹ ਵੀ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਲੋਕਤੰਤਰੀ ਸਰਕਾਰ ਦਾ ਗਠਨ ਆਪਣੀ ਮਰਜ਼ੀ ਨਾਲ ਕਰਨ ਲਈ ਦੇਸ਼ ਦੀ ਜਨਤਾ ਨੂੰ ਸੰਵਿਧਾਨ ਵੱਲੋਂ ਮਿਲਿਆ ਵੋਟ ਦਾ ਅਧਿਕਾਰ ਵੀ ਚੋਣਾਂ ਸਮੇਂ ਸਿਆਸੀ ਲੋਕਾਂ ਲਈ ਖ਼ਰੀਦ ਦੀ ਵਸਤੂ ਬਣ ਜਾਂਦਾ ਹੈ। ਜਿਸਦੇ ਚੱਲਦਿਆਂ ਵੋਟਾਂ ਦੇ ਦਿਨਾਂ ਵਿੱਚ ਸਿਆਸੀ ਪਾਰਟੀਆਂ ਅਤੇ ਰਾਜਨੀਤਿਕ ਲੋਕਾਂ ਵੱਲੋਂ ਜਨਤਾ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਉਹਨਾਂ ਨੂੰ ਪੈਸੇ, ਸ਼ਰਾਬ ਅਤੇ ਕਈ ਤਰ੍ਹਾਂ ਦੇ ਹੋਰ ਲਾਲਚ ਵੀ ਦਿੱਤੇ ਜਾਂਦੇ ਹਨ। ਇਸ ਵਰਤਾਰੇ ਵਿੱਚ ਇਕੱਲੇ ਰਾਜਨੀਤਿਕ ਦਲ ਜਾਂ ਸਿਆਸੀ ਲੋਕ ਹੀ ਜ਼ਿੰਮੇਵਾਰ ਨਹੀਂ, ਸਗੋਂ ਉਹ ਲੋਕ ਵੀ ਬਰਾਬਰ ਦੇ ਜ਼ਿੰਮੇਵਾਰ ਹਨ, ਜੋ ਕਿਸੇ ਕਿਸਮ ਦੇ ਲਾਲਚ ਵਿੱਚ ਆ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਨਹੀਂ ਕਰਦੇ। ਜੇਕਰ ਅਸੀਂ ਚਾਹੁੰਦੇ ਹਾਂ ਕਿ ਅੱਛੇ ਮਿਆਰ ਦੇ ਸਿਆਸਤਦਾਨ ਅੱਗੇ ਆਉਣ ਤਾਂ ਅਸਾਨੂੰ ਆਪਣੇ ਇਖਲਾਕ ਤੇ ਚਰਿੱਤਰ ਨੂੰ ਉੱਚਾ ਚੁੱਕਣਾ ਪਵੇਗਾ ਤੇ ਜ਼ਮੀਰਾਂ ਜਗਾਉਣੀ ਆ ਪੈਣਗੀਆਂ, ਸਿਆਸੀ ਕਿਰਦਾਰ ਦੀ ਚੋਣ ਕਰਨ ਸਮੇਂ ਇੱਕ ਤਾਂ ਉਸ ਦੀ ਪਾਰਟੀ ਨਹੀਂ ਸਗੋਂ ਲਿਆਕਤ, ਚਰਿੱਤਰ, ਸੂਝਬੂਝ ਬਾਰੇ ਵੋਟਰਾਂ ਵੱਲੋਂ ਘੋਖਣਾ ਬਣਦਾ ਹੈ ਦੂਜਾ ਉਮੀਦਵਾਰ ਦੇ ਪ੍ਰਚਾਰ ਸਾਧਨਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਜੇਕਰ ਉਹ ਨਸ਼ੇ ਜਾਂ ਕੋਈ ਹੋਰ ਲਾਲਚ ਦਿੰਦਾ ਹੈ ਤਾਂ ਤੁਰੰਤ ਪਿੰਡ ਜਾਂ ਸ਼ਹਿਰ ਵਾਸੀਆਂ ਸਮੂਹਿਕ ਜਾਂ ਪੰਚਾਇਤੀ ਰੂਪ ਚ ਮੁਖਾਲਫਤ ਕਰਨੀ ਚਾਹੀਦੀ ਹੈ ਤੇ ਹੋਰਨਾਂ ਦੇ ਵੀ ਧਿਆਨ ਚ ਲਿਆਉਣਾ ਚਾਹੀਦਾ । ਸੱਚ ਪੁੱਛੋ ਤਾਂ ਸਾਡੇ ਸਿਆਸੀ ਤਾਣੇ-ਬਾਣੇ ਦੀ ਵੱਡੇ ਪੱਧਰ ਤੇ ਸਫ਼ਾਈ ਕਰਨ ਵਾਲੀ ਹੈ ਦੇਸ਼ ਭਗਤੀ ਦਾ ਜਜ਼ਬਾ ਸਾਡੀ ਰਹਿਨੁਮਾਈ ਕਰਨ ਵਾਲਿਆਂ ਦੀ ਮਾਨਸਿਕਤਾ ਚੋਂ ਮਨਫੀ ਹੋ ਗਿਆ ਜਾਪਦਾ ।
ਡਾ ਜਸਵੀਰ ਸਿੰਘ ਗਰੇਵਾਲ
ਪੰਜਾਬੀ ਚੇਤਨਾ ਸੱਥ ਲੁਧਿਆਣਾ
9914346204
happy4star@gmail.com