ਮੇਰੇ ਵੱਡੇ ਭਾ ਜੀ ਪ੍ਰੋ. ਸੁਖਵੰਤ ਸਿੰਘ ਗਿੱਲ(ਬਟਾਲਾ) ਨੇ ਬਾਪੂ ਜੀ ਸ. ਹਰਨਾਮ ਸਿੰਘ ਜੀ ਨੂੰ ਉਨ੍ਹਾਂ ਦੇ 8 ਜੁਲਾਈ 1987 ਨੂੰ ਹੋਏ ਵਿਛੋੜੇ ਨੂੰ ਯਾਦ ਕਰਦਿਆਂ ਲਿਖ ਭੇਜਿਆ ਹੈ।
ਆਪਣੇ ਬਾਪੂ ਜੀ ਨੂੰ ਯਾਦ ਕਰਦਿਆਂ
ਅੱਜ ਆਪਣੇ ਬਾਪੂ ਜੀ ਨੂੰ ਯਾਦ ਕਰਦਿਆਂ, ਮੈਂ ਬਾਕੀ ਸਾਰੇ ਲੋਕਾਂ ਵਾਂਗੂ ਕਈ ਵਾਰ ਇਹੀ ਸੋਚਣ ਲੱਗ ਪੈਂਦਾ ਹਾਂ ਕਿ ਪਤਾ ਨਹੀਂ ਏਨੇ ਸਾਰੇ ਲੋਕ , ਜਿਹੜੇ ਇਥੇ ਸਾਡੇ ਸਾਰਿਆਂ ਦੇ ਦਰਮਿਆਨ ਹੁੰਦੇ ਹਨ, ਉਹ ਪਤਾ ਨਹੀਂ ਕਿੱਧਰ ਚਲੇ ਜਾਂਦੇ ਹਨ? ਮੈਨੂੰ ਯਾਦ ਆਇਆ ਕਿ ਜਦੋਂ ਲੁਧਿਆਣੇ 8 ਜੁਲਾਈ 1987 ਨੂੰ ਬਾਪੂ ਜੀ ਸਾਨੂੰ ਸਾਰਿਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਤਾਂ ਉਸ ਸਮੇਂ ਮੈਨੂੰ ਇੰਝ ਲੱਗਾ ਸੀ ਕਿ ਜਿਵੇਂ ਸਾਡੇ ਸਾਰੇ ਪਰਿਵਾਰ ਉੱਪਰ ਇੱਕ ਤਣਿਆ ਹੋਇਆ ਵੱਡਾ ਸਾਰਾ ਤੰਬੂ ਅੱਧ ਵਿਚਕਾਰੋਂ ਪਾਟ ਗਿਆ ਹੈ। ਉਹਨਾਂ ਨਾਲ ਬਿਤਾਇਆ ਜੀਵਨ ਦਾ ਵੱਡਾ ਸਮਾਂ ਅਤੇ ਅਨੇਕਾਂ ਯਾਦਾਂ ਬਹੁਤ ਯਾਦ ਆਉਂਦੀਆਂ ਹਨ।
ਖਾਸ ਤੌਰ ਤੇ ਉਹ ਅਕਸਰ ਕਿਆ ਕਰਦੇ ਸਨ ਕਿ ਪੜ੍ਹਾਈ ਅਤੇ ਅਕਲ ਦਾ ਆਪਸ ਵਿੱਚ ਕੋਈ ਬਹੁਤ ਗੂੜ੍ਹਾ ਰਿਸ਼ਤਾ ਨਹੀਂ ਹੁੰਦਾ। ਪੜ੍ਹਾਈ ਤਾਂ ਅੱਖਰ ਪਛਾਣ ਹੁੰਦੀ ਹੈ ਅਤੇ ਅਕਲ ਤਾਂ ਜੀਵਨ ਚੋਂ ਮਿਲਦੀ ਹੈ।
ਅੱਜ ਜਦੋਂ ਉਹਨਾਂ ਦਾ ਸਾਡੇ ਤੋਂ ਵਿਛੜਿਆਂ ਨੂੰ 38 ਸਾਲ ਤੋਂ ਵੱਧ ਸਮਾਂ ਬੀਤ ਚੁੱਕਾ ਹੈ, ਪਰ ਉਹਨਾਂ ਦੀਆਂ ਯਾਦਾਂ ਮੇਰੇ ਜੀਵਨ ਦੇ ਹਰ ਔਖੇ ਸੌਖੇ ਮੋੜ ‘ਤੇ ਮੇਰਾ ਰਾਹ ਰੁਸ਼ਨਾਉਂਦੀਆਂ ਹਨ।
▪️
ਨਾਲ ਜੁੜਵੀਂ
ਮੈਂ ਆਪਣੇ ਬਾਪੂ ਜੀ ਨੂੰ ਸਮਰਪਿਤ ਇਹ ਗ਼ਜ਼ਲ 2005 ਵਿੱਚ ਲਿਖੀ ਸੀ ਜੋ ਮੇਰੀ 2007ਚ ਛਪੀ ਪੁਸਤਕ “ਮਨ ਤੰਦੂਰ” ਵਿੱਚ ਸ਼ਾਮਿਲ ਹੈ। ਤੁਹਾਡੀ ਪੜ੍ਹਤ ਲਈ ਇਹ ਗ਼ਜ਼ਲ ਪੇਸ਼ ਹੈ।
ਗੁਰਭਜਨ ਗਿੱਲ
ਗ਼ਜ਼ਲ
ਚਿਰ ਹੋਇਆ ਏ ਬਾਪੂ ਜੀ ਤਾਂ ਤੁਰ ਗਏ ਲੰਮੀ ਵਾਟੇ।
ਚੇਤੇ ਆ ਗਏ ਅੱਜ ਉਨ੍ਹਾਂ ਦੇ, ਪੈਰ ਬਿਆਈਆਂ ਪਾਟੇ।
ਤੁਰਦੇ-ਤੁਰਦੇ ਤੁਰਦੇ ਭਾਵੇਂ, ਜਾਂਦੇ ਅੱਖੀਂ ਵੇਖੇ,
ਪਰ ਤੇਰੇ ਵਿਚ ਹਾਜ਼ਰ ਨਾਜ਼ਰ ਅੱਜ ਵੀ ਸੂਹੀ ਲਾਟੇ।
ਘਰ ਤੋਂ ਮੰਜ਼ਿਲ ਤੀਕ ਪਹੁੰਚਦੇ, ਮਿਥਦੇ ਪਹਿਲਾਂ ਦਾਈਆ,
ਸੁਪਨੇ ਵਿਚ ਵੀ ਮੈਂ ਨਹੀਂ ਵੇਖੇ, ਖੜ੍ਹੇ ਕਿਤੇ ਅਧਵਾਟੇ।
ਰਿਸ਼ਤੇ ਦੀ ਪਾਕੀਜ਼ ਡੋਰ ਨੂੰ, ਧਰਮ ਦੇ ਵਾਂਗੂੰ ਫੜਦੇ,
ਮਰਦੇ ਦਮ ਤੱਕ ਡਿੱਠੇ ਹੀ ਨਹੀਂ, ਗਿਣਦੇ ਵਾਧੇ ਘਾਟੇ।
ਅਨਪੜ੍ਹ ਸੀ ਪਰ ਸਦਾ ਆਖਦੇ ਤੇ ਸਮਝਾਉਂਦੇ ਸਾਨੂੰ,
ਢਿੱਡੋਂ ਇਕ ਨੇ, ਕੁਰਸੀਆਂ ਵਾਲੇ, ਟਾਟੇ ਬਿਰਲੇ ਬਾਟੇ।
ਨਿਰਭਉ ਤੇ ਨਿਰਵੈਰ ਜਿਸਮ ਵਿਚ ਰਹਿੰਦਾ ਰੱਬ ਸੀ ਓਹੀ,
ਕਾਲ ਮੁਕਤ ਸਮਕਾਲੀ ਬਾਬਲ, ਅੱਜ ਵੀ ਬੰਧਨ ਕਾਟੇ।
ਅਸਲ ਨਸ਼ਾ ਤਾਂ ਕਿਰਤ ਕਮਾਈ, ਜਾਗਿਓ, ਰਾਖੀ ਕਰਿਉ,
ਚਾਤਰ ਸ਼ਾਤਰ ਬੜਾ ਚਾਹੁਣਗੇ, ਲਾਉਣਾ ਪੁੱਠੀ ਚਾਟੇ।
ਧਰਤੀ ਧਰਮ ਨਿਭਾਉਣਾ ਦੱਸਿਆ ਤੇ ਏਦਾਂ ਸਮਝਾਇਆ,
ਮਰਿਆਦਾ ਦੀ ਸ਼ਕਤੀ ਸਾਂਭੋ, ਰੱਖ ਕੇ ਸਿੱਧੇ ਗਾਟੇ।
ਅਣਖ਼ ਦੀ ਰੋਟੀ ਸਦਾ ਕਮਾਇਓ, ਮੇਰੇ ਬਰਖੁਰਦਾਰੋ,
ਪੈਸੇ ਦੇ ਪੁੱਤ ਕਰਨ ਹਕੂਮਤ, ਖੇਡਣ ਝੂਟੇ ਮਾਟੋ।
ਗੁਰਭਜਨ ਗਿੱਲ