ਜਦ ਬੱਚੇ ਲੋੜ ਵੱਧ ਖਰਚਣ ਤਾਂ ਇਸਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਕੇਸ ਰਿਪੋਰਟ
ਕੇਸਾਂ ਨੂੰ ਹੱਲ ਕਰਦਿਆਂ ਤਰਕਸ਼ੀਲ ਸੁਸਾਇਟੀ ਕਾਰਕੁਨਾਂ ਦਾ ਜਿਆਦਾ ਧਿਆਨ ਇਸ ਗੱਲ ਵੱਲ ਹੀ ਰਹਿੰਦਾ ਹੈ ਕਿ ਕਾਰਨ ਕੀ ਹੈ। ਕਿਉਂਕਿ ਜਿੰਨਾ ਸਮਾਂ ਕਾਰਨ ਨਹੀਂ ਲੱਭਦਾ ਉਨਾ ਸਮਾਂ ਤੁਸੀਂ ਕੇਸ ਨੂੰ ਪੱਕੇ ਤੌਰ ਤੇ ਹੱਲ ਨਹੀਂ ਕਰ ਸਕਦੇ। ਜੇਕਰ ਕਾਰਨ ਪਤਾ ਨਹੀਂ ਹੈ ਤਾਂ ਕੇਸ ਭਾਵੇਂ ਵਕਤੀ ਤੌਰ ਤੇ ਤੁਹਾਡੇ ਪ੍ਰਭਾਵ ਅਧੀਨ ਹੱਲ ਹੋ ਵੀ ਜਾਵੇ, ਫਿਰ ਕਿਸੇ ਬਦਲਵੇਂ ਰੂਪ ਵਿੱਚ ਸਾਹਮਣੇ ਆਵੇਗਾ ਹੀ। 5-7 ਪ੍ਰਤੀਸ਼ਤ ਕੁਝ ਕੁ ਸ਼ੈਤਾਨ ਮਾਨਸਿਕਤਾ ਵਾਲੇ ਲੋਕਾਂ ਨੂੰ ਛੱਡ ਕੇ ਬਾਕੀ ਸਾਰੇ ਮਸਲੇ ਪੀੜਤ ਪ੍ਰਤੀ ਹਮਦਰਦੀ ਭਰਿਆ ਰਵਈਆ ਬਣਾਉਣ ਨਾਲ ਹੀ ਹੱਲ ਹੋ ਜਾਂਦੇ ਹਨ ਭਾਵੇਂ ਕੋਈ ਘਰ ਵਿੱਚ ਅੱਗ ਹੀ ਕਿਉਂ ਨਾ ਲਾਉਂਦਾ ਹੋਵੇ, ਕਿਉਂਕਿ ਮੁੱਖ ਦੋਸ਼ੀ ਨੂੰ ਮਾਹੌਲ ਹੀ ਅਜਿਹਾ ਮਿਲਿਆ ਕਿ ਉਹ ਮਾਨਸਿਕ ਰੋਗੀ ਹੋ ਗਿਆ।
ਇੱਕ ਕੇਸ ਦੀ ਰਿਪੋਰਟ ਸਾਂਝੀ ਕਰ ਰਹੇ ਹਾਂ ਤਾਂ ਕਿ ਅਜਿਹੀਆਂ ਹਾਲਤਾਂ ਬਣ ਜਾਣ ਤੋਂ ਪਹਿਲਾਂ ਹੀ ਅਸੀਂ ਗੰਭੀਰਤਾ ਨਾਲ ਬੱਚਿਆਂ ਵੱਲ ਵੱਧ ਧਿਆਨ ਦਈਏ।
ਘਟਨਾ ਮੋਗਾ ਜ਼ਿਲ੍ਹੇ ਦੇ ਇੱਕ ਪਿੰਡ ਦੀ ਹੈ। ਕਰਿਆਨੇ ਦੀ ਦੁਕਾਨ ਕਰਦਾ ਇੱਕ ਛੋਟਾ ਕਾਰੋਬਾਰੀ ਦੁਕਾਨ ਦੇ ਨਾਲ ਨਾਲ ਕਈ ਸਹਾਇਕ ਕੰਮ ਕਰਦਾ ਹੋਇਆ ਆਪਣੀ ਕਬੀਲਦਾਰੀ ਨੂੰ ਵਧੀਆ ਤਰੀਕੇ ਨਾਲ ਚਲਾ ਰਿਹਾ ਸੀ। ਚੰਗੀ ਕਮਾਈ ਕਰਕੇ ਆਪਣੇ ਤਿੰਨਾਂ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਾ ਕੇ ਕੁਝ ਬਣਿਆ ਦੇਖਣ ਲਈ ਦਿਨ ਰਾਤ ਸਖਤ ਮਿਹਨਤ ਕਰਦਾ ਸੀ। ਵੱਡੀ ਲੜਕੀ ਪੜ੍ਹਾਈ ਕਰਕੇ ਟੀਚਰ ਲੱਗ ਗਈ ਸੀ, ਉਸ ਤੋਂ ਛੋਟੀ ਕਾਲਜ ਪੜ੍ਹਦੀ ਬਹੁਤ ਹੁਸ਼ਿਆਰ ਸੀ ਅਤੇ ਪਲੱਸ ਟੂ ਵਿੱਚ ਸਕੂਲੇ ਪੜ੍ਹਦਾ ਲੜਕਾ ਵੀ ਪਹਿਲੀਆਂ ਪੁਜੀਸ਼ਨਾਂ ਤੇ ਹੀ ਆਉਂਦਾ ਸੀ। ਤਿੰਨੇ ਬੱਚੇ ਮਾਪਿਆਂ ਨਾਲ ਕੰਮ ਵਿੱਚ ਵੀ ਪੂਰਾ ਹੱਥ ਵਟਾਉਂਦੇ ਸਨ। ਕਮਾਈ ਦੀ ਬੱਚਤ ਵਿੱਚੋਂ ਪੜ੍ਹਾਈ ਅਤੇ ਕਬੀਲਦਾਰੀ ਦੀਆਂ ਆਉਣ ਵਾਲੇ ਸਮੇਂ ਵਿੱਚ ਦਿਸਦੀਆਂ ਵੱਡੀਆਂ ਲੋੜਾਂ ਲਈ ਪਰਿਵਾਰ ਸਮੇਂ ਸਮੇਂ ਤੇ ਬੈਂਕ ਵਿੱਚ ਪੈਸੇ ਜੋੜਦਾ ਅਤੇ ਸੋਨਾ ਵੀ ਖਰੀਦ ਲੈਂਦਾ। ਹੌਲੀ ਹੌਲੀ ਦੁਕਾਨ ਦੀ ਆਮਦਨ ਘੱਟ ਹੋਣ ਲੱਗੀ, ਸੌਦਾ ਤਾਂ ਪਹਿਲਾਂ ਜਿੰਨਾ ਹੀ ਵਿਕਦਾ ਪਰ ਜਦੋਂ ਅੱਠ ਦਸ ਦਿਨ ਬਾਅਦ ਹਿਸਾਬ ਕਰਦੇ ਤਾਂ ਕਈ ਵਾਰੀ ਬੱਚਤ ਕੁਝ ਵੀ ਨਹੀਂ ਹੁੰਦੀ ਸੀ ਭਾਵ ਗੱਲੇ ਵਿੱਚੋਂ ਪੈਸੇ ਚੋਰੀ ਹੋਣੇ ਸ਼ੁਰੂ ਹੋ ਗਏ। ਕਈ ਵਾਰੀ ਤਾਂ ਜਿੰਦਾ ਲੱਗੀ ਪੇਟੀ ਵਿੱਚ ਲਕੋ ਕੇ ਰੱਖੇ ਪੈਸੇ ਵੀ ਚੋਰੀ ਹੋ ਗਏ। ਚਾਬੀ ਭਾਵੇਂ ਘਰ ਦੀ ਮਾਲਕਨ ਨੇ ਸੰਭਾਲੀ ਹੁੰਦੀ ਸੀ। ਇੱਕ ਵਾਰੀ ਸਕੂਲ ਅਧਿਆਪਕਾ ਲੜਕੀ ਨੇ ਬੱਚਿਆਂ ਤੋਂ ਇਕੱਠੀ ਹੋਈ ਦਾਖਲਾ ਫੀਸ ਦੇ 10 ਹਜਾਰ ਦੇ ਲਗਭਗ ਰੁਪਏ ਪਰਸ ਵਿੱਚ ਘਰ ਲੈ ਆਂਦੇ, ਉਹ ਵੀ ਸਾਰੇ ਗਾਇਬ ਹੋ ਗਏ। ਬਹੁਤ ਭਾਲ ਕੀਤੀ ਪਰ ਕੋਈ ਪਤਾ ਨਾ ਲੱਗਾ।
ਪਰਿਵਾਰ ਦੀ ਦੂਰ ਦੀ ਰਿਸ਼ਤੇਦਾਰੀ ਵਿੱਚ ਇੱਕ ਵਿਅਕਤੀ, ਜੋ ਕਿਸੇ ਵੇਲੇ ਤਰਕਸ਼ੀਲ ਸੁਸਾਇਟੀ ਦਾ ਮੈਂਬਰ ਰਿਹਾ ਸੀ, ਉਹ ਆਪਣੇ ਇੱਕ ਹੋਰ ਸਾਥੀ ਨੂੰ ਕੇਸ ਹੱਲ ਕਰਨ ਲਈ ਲੈ ਕੇ ਆਇਆ। ਜਾਂਚ-ਪੜਤਾਲ ਕਰਕੇ ਉਹ ਇਸ ਨਤੀਜੇ ਉੱਤੇ ਪਹੁੰਚੇ ਕਿ ਇਹ ਸਾਰੀ ਕਾਰਵਾਈ ਪਲੱਸ ਟੂ ਵਿੱਚ ਪੜ੍ਹਦੇ ਲੜਕੇ ਦੀ ਹੈ। ਉਸ ਦਾ ਡੋਪ-ਟੈਸਟ ਵੀ ਕਰਵਾਇਆ ਗਿਆ ਪਰ ਉਸ ਵਿੱਚ ਕੁਝ ਨਾ ਆਇਆ। ਘਰਦਿਆਂ ਨੇ ਚੌਕਸੀ ਵਜੋਂ ਘਰ ਵਿੱਚ ਸੀਸੀਟੀਵੀ ਕੈਮਰੇ ਵੀ ਲਗਵਾ ਲਏ ਅਤੇ ਪੈਸਿਆਂ ਦੀ ਸੰਭਾਲ ਵੀ ਵਧਾ ਦਿੱਤੀ। ਕੁਝ ਹੀ ਦਿਨਾਂ ਬਾਅਦ ਟਾਪਸ ਚੋਰੀ ਹੋ ਗਏ, ਫਿਰ ਦੋ ਛਾਪਾਂ ਅਤੇ ਫਿਰ ਵਾਲੀਆਂ। ਪਰਿਵਾਰ ਦੀ ਚਿੰਤਾ ਦਿਨੋ ਦਿਨ ਵਧਦੀ ਗਈ। ਘਟਨਾਵਾਂ ਦਾ ਸਿਖਰ ਉਹਨਾਂ ਦਾ ਸੱਤ ਤੋਲੇ ਸੋਨਾ ਗਾਇਬ ਹੋ ਗਿਆ। ਇਹਨਾਂ ਦਿਨਾਂ ਵਿੱਚ ਬਾਹਰਲਾ ਵਿਅਕਤੀ ਵੀ ਘਰੇ ਕੋਈ ਨਹੀਂ ਆਇਆ ਸੀ। ਘਰ ਦੀ ਮਾਲਕਣ ਨੂੰ ਦੌਰੇ ਪੈਣੇ ਸ਼ੁਰੂ ਹੋ ਗਏ। ਮਨੋਰੋਗ ਮਾਹਿਰ ਡਾਕਟਰ ਦੀ ਦਵਾਈ ਵੀ ਸ਼ੁਰੂ ਕਰਨੀ ਪਈ। ਆਮਦਨ ਤਾਂ ਪਹਿਲਾਂ ਹੀ ਘਟੀ ਹੋਈ ਸੀ ਉਤੋਂ ਦਵਾਈ ਦਾ ਖਰਚਾ ਸ਼ੁਰੂ ਹੋ ਗਿਆ।
ਇੱਕ ਸੂਝਵਾਨ ਪਰਿਵਾਰਿਕ ਰਿਸ਼ਤੇਦਾਰ ਨੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ ਨਾਲ ਸੰਪਰਕ ਕੀਤਾ ਤੇ ਉਕਤ ਘਟਨਾ ਬਿਆਨ ਕੀਤੀ ਪਰ ਪਹਿਲਾਂ ਪੜਤਾਲ ਕਰਨ ਅਤੇ ਲੜਕੇ ਨੂੰ ਦੋਸ਼ੀ ਟਿੱਕਣ ਵਾਲੀ ਗੱਲ ਉਸਨੇ ਸਾਂਝੀ ਨਾ ਕੀਤੀ। ਇਸ ਕੇਸ ਨੂੰ ਹੱਲ ਕਰਨ ਲਈ ਉਹ, ਗੁਰਪ੍ਰੀਤ ਸ਼ਹਿਣਾ ਅਤੇ ਮੱਖਣ ਸਿੰਘ ਭੋਤਨਾ, ਤਿੰਨ ਮੈਂਬਰੀ ਟੀਮ ਨੇ ਘਰ ਜਾ ਕੇ ਜਾਂਚ ਪੜਤਾਲ ਕੀਤੀ ਤਾਂ ਇਹ ਗੱਲ ਪਹਿਲਾਂ ਹੀ ਸਾਫ ਹੋ ਗਈ ਕਿ ਇਨ੍ਹਾਂ ਘਟਨਾਵਾਂ ਨਾਲ ਲੜਕੇ ਦਾ ਕੋਈ ਸਬੰਧ ਨਹੀਂ। ਹੋਰ ਇਕੱਠੇ ਕੀਤੇ ਸਬੂਤਾਂ ਵਿੱਚੋਂ ਘਰ ਦਾ ਮੁਖੀ ਅਤੇ ਉਸਦੀ ਪਤਨੀ ਵੀ ਨਿਰਦੋਸ਼ ਸਿੱਧ ਹੋਏ। ਹੁਣ ਮਸਲਾ ਦੋਨ੍ਹਾਂ ਲੜਕੀਆਂ ਵਿੱਚੋਂ ਇੱਕ ਨੂੰ ਟਿੱਕਣ ਦਾ ਸੀ। ਹੋਰ ਡੂੰਘਾਈ ਨਾਲ ਕੀਤੀ ਗਈ ਪੜਤਾਲ ਵਿੱਚ ਸਾਹਮਣੇ ਆਇਆ ਕਿ ਛੋਟੀ ਲੜਕੀ ਮਾਂ ਨਾਲ ਘਰੇਲੂ ਕੰਮ ਵਿੱਚ ਬਹੁਤ ਹੱਥ ਵਟਾਉਂਦੀ ਹੈ ਪਰ ਵੱਡੀ ਲੜਕੀ ਘਰ ਵਿੱਚ ਘੱਟ ਹੀ ਗੱਲਬਾਤ ਕਰਦੀ ਹੈ। ਉਹ ਵਿਆਹ ਕਰਵਾ ਕੇ ਵਿਦੇਸ਼ ਜਾਣਾ ਚਾਹੁੰਦੀ ਹੈ। ਪਰ ਉਸਦਾ ਵਿਦੇਸ਼ ਜਾਣ ਵਾਲੇ ਲੜਕੇ ਨਾਲ ਰਿਸ਼ਤਾ ਸਿਰੇ ਨਾ ਚੜਿਆ ਕਿਉਂਕਿ 20-22 ਲੱਖ ਰੁਪਏ ਲਾਉਣਾ ਘਰ ਦੀ ਪਹੁੰਚ ਵਿੱਚ ਨਹੀਂ ਸੀ ਅਤੇ ਮਾਪੇ ਇਹ ਵੀ ਸੋਚਦੇ ਸਨ ਕਿ ਸਰਕਾਰੀ ਅਧਿਆਪਕਾ ਲੱਗੀ ਹੈ, ਇਥੇ ਹੀ ਚੰਗਾ ਰਿਸ਼ਤਾ ਮਿਲ ਜਾਵੇਗਾ। ਪਰ ਰਿਸ਼ਤਾ ਸਿਰੇ ਨਾ ਚੜ੍ਹਨ ਕਰਕੇ ਵੱਡੀ ਲੜਕੀ ਮਾਯੂਸ ਜਿਹੀ ਰਹਿਣ ਲੱਗ ਪਈ ਸੀ। ਸੱਤ ਤੋਲੇ ਸੋਨਾ ਵੀ ਰਿਸ਼ਤਾ ਸਿਰੇ ਨਾ ਚੜ੍ਹਨ ਤੋਂ ਬਾਅਦ ਹੀ ਗਾਇਬ ਹੋਇਆ ਸੀ। ਪਰਿਵਾਰ ਦੇ ਇਕ ਮੈਂਬਰ ਨੇ ਇਹ ਦਲੀਲ ਵੀ ਭਾਰੂ ਕਰ ਦਿੱਤੀ ਕਿ ਵੱਡੀ ਲੜਕੀ ਨੇ ਸੋਨਾ ਵੇਚ ਕੇ ਪੈਸੇ ਜਾਂ ਸੋਨਾ ਹੀ ਉਸ ਲੜਕੇ ਨੂੰ ਦੇ ਦਿੱਤਾ ਹੋਵੇਗਾ,ਜਿਸ ਨਾਲ ਲੜਕਾ ਵਿਦੇਸ਼ ਚਲਾ ਗਿਆ ਹੈ। ਸੋਨਾ ਗਾਇਬ ਹੋਣ ਤੇ ਲੜਕੇ ਦੇ ਵਿਦੇਸ਼ ਜਾਣ ਦੀਆਂ ਤਰੀਕਾਂ ਵਿੱਚ ਤਾਲਮੇਲ ਵੀ ਬੈਠਦਾ ਸੀ। ਵੱਡੀ ਲੜਕੀ ‘ਤੇ ਪ੍ਰੈਸ਼ਰ ਪਾ ਕੇ ਮਨਵਾਉਣਾ ਚਾਹਿਆ ਪਰ ਉਹ ਨਾ ਮੰਨੀ, ਚਾਹੇ ਇਹ ਜਰੂਰ ਕਹੇ ਕਿ ਹੁਣ ਮੈਂ ਪੂਰਾ ਧਿਆਨ ਰੱਖੂੰ ਕਿ ਪੈਸਾ ਸੋਨਾ ਗਾਇਬ ਨਾ ਹੋਵੇ। ਇਸ ਕਰਕੇ ਉਸਤੇ ਸ਼ੱਕ ਕਾਇਮ ਸੀ।
ਪਰਿਵਾਰ ਨੂੰ ਦੋਵਾਂ ਲੜਕੀਆਂ ਦੇ ਫੋਨ ਤੇ ਨਜ਼ਰ ਰੱਖਣ ਲਈ ਵੀ ਕਹਿ ਦਿੱਤਾ ਗਿਆ। ਇਹ ਇਸ ਕਰਕੇ ਵੀ ਜਰੂਰੀ ਸੀ ਕਿਉਂਕਿ ਪੜਤਾਲ ਵਿੱਚ ਪੂਰੀ ਤਸੱਲੀ ਨਹੀਂ ਹੋ ਰਹੀ ਸੀ। ਦੋਵਾਂ ਲੜਕੀਆਂ ਨੂੰ 15 ਦਿਨ ਫੋਨ ਨਾਲ ਲਿਜਾਣ ਤੇ ਪਾਬੰਦੀ ਲਗਾ ਦਿੱਤੀ ਗਈ। ਛੋਟੀ ਲੜਕੀ ਦੇ ਫੋਨ ਉੱਤੇ ਇੱਕ ਦੋ ਵਾਰੀ ਰਿੰਗ ਤਾਂ ਆਈ ਪਰ ਫੋਨ ਉਠਾਉਣ ਤੇ ਅੱਗੋਂ ਕੋਈ ਬੋਲਿਆ ਨਾ ਕਰੇ। ਲੜਕੇ ਨੂੰ ਸ਼ੱਕ ਹੋਇਆ। ਲੜਕਾ ਆਪਣੇ ਫੋਨ ਦਾ ਵਟਸਐਪ ਛੋਟੀ ਭੈਣ ਦੇ ਫੋਨ ਨਾਲ ਅਟੈਚ ਕਰਨ ਵਿੱਚ ਕਾਮਯਾਬ ਹੋ ਗਿਆ। ਲੜਕੀ ਜਿਹੜੀ ਵੀ ਚੈਟ ਕਿਸੇ ਲੜਕੇ ਨਾਲ ਕਰਦੀ ਸੀ ਉਸ ਨੂੰ ਜਲਦੀ ਹੀ ਡਿਲੀਟ ਕਰ ਦਿੰਦੀ, ਪਰ ਲੜਕਾ ਉਸ ਤੋਂ ਵੀ ਤੇਜ਼ ਨਿਕਲਿਆ। ਜਦੋਂ ਵੀ ਕੋਈ ਚੈਟ ਹੁੰਦੀ ਲੜਕਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲੈਂਦਾ। ਸੱਤ ਅੱਠ ਦਿਨ ਦੀ ਚੈਟ ਦੇ ਸਕਰੀਨ ਸ਼ਾਟ ਲੈ ਕੇ ਲੜਕੇ ਨੇ ਰਜਿੰਦਰ ਭਦੌੜ ਦੇ ਫੋਨ ਤੇ ਭੇਜ ਦਿੱਤੇ। ਚੈਟ ਪੜ੍ਹਨ ਤੇ ਇਸ ਗੱਲ ਦੇ ਪੱਕੇ ਸਬੂਤ ਮਿਲ ਗਏ ਕਿ ਪੈਸੇ ਅਤੇ ਸੋਨਾ ਗਾਇਬ ਕਰਨ ਵਿੱਚ ਛੋਟੀ ਲੜਕੀ ਦਾ ਹੀ ਹੱਥ ਸੀ।
ਹੁਣ ਤਰਕਸ਼ੀਲ ਟੀਮ ਦਾ ਦੂਸਰਾ ਗੇੜਾ ਸੀ। ਲੜਕੀ ਨੂੰ ਬਿਨਾਂ ਚੈਟ ਦਿਖਾਇਆਂ ਕਿਹਾ ਗਿਆ ਕਿ ਉਸਦਾ ਕਿਸੇ ਲੜਕੇ ਨਾਲ ਗਲਤ ਤਰ੍ਹਾਂ ਦਾ ਸਬੰਧ ਹੈ। ਉਸਨੇ ਪੈਸਾ ਅਤੇ ਸੋਨਾ ਉਸ ਲੜਕੇ ਨੂੰ ਦਿੱਤਾ ਹੈ। ਪਹਿਲਾਂ ਤਾਂ ਉਸਨੇ ਪੈਰਾਂ ‘ਤੇ ਪਾਣੀ ਨਹੀਂ ਪੈਣ ਦਿੱਤਾ। ਆਖਰੀ ਹਥਿਆਰ ਵਰਤਣਾ ਪਿਆ। ਫੋਨ ਉਤੇ ਕੀਤੀ ਚੈਟ ਦੇ ਸਕਰੀਨ ਸ਼ਾਟ ਉਸਨੂੰ ਦਿਖਾਏ , ਹੁਣ ਉਸ ਕੋਲ ਸਾਰੀ ਸਚਾਈ ਮੰਨ ਲੈਣ ਤੋਂ ਬਿਨਾਂ ਚਾਰਾ ਹੀ ਕੋਈ ਨਹੀਂ ਸੀ। ਉਸਨੇ ਸ਼ੁਰੂ ਤੋਂ ਲੈ ਕੇ ਸਾਰਾ ਕੁਝ ਬਿਆਨ ਕਰ ਦਿੱਤਾ। ਦੋ ਲੱਖ ਰੁਪਏ ਦੇ ਲਗਭਗ ਨਗਦ ਅਤੇ ਲਗਭਗ 10 ਤੋਲੇ ਸੋਨਾ ਇਸ ਲੜਕੀ ਤੇ ਇਸ ਦੇ ਦੋਸਤ ਨੇ ਮਿਲ ਕੇ ਉਡਾ ਦਿੱਤਾ ਸੀ। ਉਸ ਨੂੰ ਕਿਹਾ ਕਿ ਸੋਨਾ ਵਾਪਸ ਕਰ ਦੇਵੇ ਫਿਰ ਉਸਨੇ ਦੱਸਿਆ ਕਿ ਸੋਨਾ ਤਾਂ ਤਿੰਨ ਦੁਕਾਨਦਾਰਾਂ ਨੂੰ ਵੇਚਿਆ ਗਿਆ ਸੀ। ਚੋਰੀ ਚੋਰੀ ਵੇਚਣ ਕਾਰਨ ਪੈਸੇ ਵੀ ਅੱਧੇ ਕੁ ਹੀ ਪੱਲੇ ਪਏ ਸਨ। ‘ਇੰਨੇ ਪੈਸੇ ਕਿੱਥੇ ਖਰਚ ਹੁੰਦੇ ਸਨ?’ ਦੇ ਜਵਾਬ ਵਿੱਚ ਲੜਕੀ ਨੇ ਕਿਹਾ ਕਿ ‘ਕੁਝ ਤਾਂ ਮੋਗੇ ਜਾ ਕੇ ਖਾਣ ਪੀਣ ਵਿੱਚ ਲੱਗ ਜਾਂਦੇ ਸਨ, ਕੁਝ ਉਸਦਾ ਦੋਸਤ ਨਗਦ ਲੈ ਜਾਂਦਾ ਸੀ।’ ਮੁੰਡਾ ਲੁਧਿਆਣੇ ਤੋਂ ਮੋਗੇ ਪਹੁੰਚਦਾ ਸੀ। ਇੱਕ ਐਪਲ ਦਾ ਫੋਨ ਵੀ ਲਿਆ। ਵੱਡੀ ਗੱਲ ਜੋ ਸਾਹਮਣੇ ਆਈ ਕਿ ਹੋਟਲ ਵਾਲੇ ਇੱਕ ਘੰਟਾ ਠਹਿਰਨ ਦੇ 15 ਤੋਂ 20 ਹਜਾਰ ਤੱਕ ਲੈ ਲੈਂਦੇ ਸਨ। ਉਸ ਨੇ ਲੜਕੇ ਦਾ ਨਾਮ ਪਤਾ ਸਭ ਕੁਝ ਦੱਸ ਦਿੱਤਾ।
ਪਰਿਵਾਰ ਨੇ ਆਪਣੇ ਕੁਝ ਰਿਸ਼ਤੇਦਾਰ ਲੈ ਕੇ ਲੜਕੇ ਦੇ ਪਿੰਡ ਦੇ ਪੰਚਾਇਤ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਕਿ ਸੋਨਾ ਅਤੇ ਪੈਸੇ ਦੀ ਵਾਪਸੀ ਕਰਵਾਈ ਜਾ ਸਕੇ। ਉੰਝ ਤਾਂ ਪੰਚਾਇਤ ਮੈਂਬਰਾਂ ਨੇ ਹੀ ਦੱਸ ਦਿੱਤਾ ਸੀ ਕਿ ਪਰਿਵਾਰ ਕੋਲ ਦੇਣ ਲਈ ਕੁਝ ਨਹੀਂ ਹੈ, ਪਰ ਪੀੜਤ ਪਰਿਵਾਰ ਦੀ ਤਸੱਲੀ ਨਹੀਂ ਹੋਈ। ਲੜਕੇ ਦੇ ਪਿੰਡ ਜਾ ਕੇ ਹੋਰ ਚਾਰਾਜੋਈ ਕਰਨ ਦੀ ਕੋਸ਼ਿਸ਼ ਵਜੋਂ ਪੰਚਾਇਤ ਮੈਂਬਰਾਂ ਨੂੰ ਨਾਲ ਲੈ ਕੇ ਲੜਕੇ ਦੇ ਘਰ ਗਏ। ਘਰ ਦਾ ਦ੍ਰਿਸ਼ ਬਹੁਤ ਡਰਾਵਨਾ ਸੀ, ਲੜਕਾ ਸਿਰੇ ਦਾ ਨਸ਼ੇੜੀ ਸੀ, ਪਿਤਾ ਦੀ ਮੌਤ ਹੋ ਚੁੱਕੀ ਸੀ, ਘਰ ਵਿੱਚ ਕੋਈ ਵੀ ਅਜਿਹੀ ਚੀਜ਼ ਨਹੀਂ ਸੀ ਜਿਸ ਨੂੰ ਵੇਚ ਕੇ ਨਸ਼ਾ ਕੀਤਾ ਜਾ ਸਕਦਾ ਹੋਵੇ। ਲੜਕੇ ਦੀ ਮਾਂ ਬਿਮਾਰ ਪਈ ਸੀ। ਬੱਸ ਉਸ ਦਾ ਇੱਕੋ ਇੱਕ ਸਹਾਰਾ ਸੀ ਉਸ ਦੀ ਵਿਆਹੀ ਹੋਈ ਧੀ। ਉਹੀ ਉਸਨੂੰ ਦਵਾਈ ਵਗੈਰਾ ਦਵਾ ਜਾਂਦੀ ਸੀ। ਮਾਈ ਨੂੰ ਰੋਟੀ ਪਾਣੀ ਵੀ ਉਸਦੇ ਸ਼ਰੀਕੇ ਵਾਲੇ ਗੁਆਂਢੀ ਹੀ ਦਿੰਦੇ ਸਨ। ਪੁਲਿਸ ਨੂੰ ਰਿਪੋਰਟ ਕਰਕੇ ਅੱਧ ਮੁੱਲ ਸੋਨਾ ਖਰੀਦਣ ਵਾਲਿਆਂ ਤੋਂ ਕੁਝ ਕੁ ਰਿਕਵਰੀ ਹੀ ਹੱਥ ਲੱਗੀ।
ਤਰਕਸ਼ੀਲਾਂ ਵੱਲੋਂ ਸੁਨੇਹਾ —
ਅੱਜ ਦੇ ਸਮੇਂ ਵਿੱਚ ਮਾਪਿਆਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਜਦੋਂ ਵੀ ਕੋਈ ਬੱਚਾ ਲੋੜ ਤੋਂ ਜ਼ਿਆਦਾ ਖਰਚ ਕਰਦਾ ਹੈ, ਉਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ। ਬੱਚੇ ਸੋਸ਼ਲ ਮੀਡੀਏ ਦੇ ਰਾਹੀਂ ਗੁੰਮਰਾਹ ਹੋ ਜਾਂਦੇ ਹਨ। ਅਜਿਹੇ ਕੇਸ ਹੀ ਅੱਗੇ ਜਾ ਕੇ ਰੇਪ ਜਾਂ ਗੈਂਗ-ਰੇਪ ਵਿੱਚ ਬਦਲ ਜਾਂਦੇ ਹਨ। ਅਜਿਹੇ ਸਮੇਂ ਲੜਕੀਆਂ ਨੂੰ ਖਾਸ ਕਰਕੇ ਸੁਚੇਤ ਹੋਣ ਦੀ ਲੋੜ ਹੈ। 95 ਪ੍ਰਤੀਸ਼ਤ ਕੇਸਾਂ ਵਿੱਚ ਲੜਕੀਆਂ ਨੂੰ ਸਬਜ਼ਬਾਗ ਦਿਖਾ ਕੇ ਉਹਨਾਂ ਦਾ ਆਰਥਿਕ, ਸਰੀਰਕ ਅਤੇ ਸਮਾਜਿਕ ਸ਼ੋਸ਼ਣ ਕੀਤਾ ਜਾਂਦਾ ਹੈ। ਪੰਜ ਕੁ ਪ੍ਰਤੀਸ਼ਤ ਕੇਸਾਂ ਵਿੱਚ ਲੜਕੀਆਂ ਦੇ ਗਲਤ ਸੰਗਤ ਵਿੱਚ ਸਰਗਰਮ ਹੋਣ ਅਤੇ ਲੜਕਿਆਂ ਦਾ ਸ਼ੋਸ਼ਣ ਕਰਨ ਦੇ ਮਸਲੇ ਵੀ ਸਾਹਮਣੇ ਆਏ ਹਨ। ਲੋੜ ਹੈ ਇਸ ਮਾੜੇ ਆਰਥਿਕ ਸਮਾਜਿਕ ਮਾਹੌਲ ਅੰਦਰ ਰੁਜ਼ਗਾਰ ਦੇ ਸਮਰੱਥ ਹੋਣ ਦੀ ਅਤੇ ਰੁਜ਼ਗਾਰ ਨਾ ਮਿਲਣ ਦੇ ਕਾਰਨਾਂ ਨੂੰ ਫਰੋਲ ਕੇ ਰੋਸ਼ਨ ਭਵਿੱਖ ਤਲਾਸ਼ ਕਰਨ ਦੀ।
ਮਾਸਟਰ ਪਰਮ ਵੇਦ
ਜੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349