ਆਪੇ ਲਿਖਦੇ ਆਪੇ ਛਪਦੇ ਆਪੇ ਦੇਣ ਵਿਚਾਰਾਂ।
ਖੁੰਭਾਂ ਵਾਗੂੰ ਉਗ ਪਈਆਂ ਨੇ ਘਰ-ਘਰ ਵਿਚ ਅਖ਼ਬਾਰਾਂ।
ਧਰਤੀ ਵਿੱਚ ਸਿਆਸੀ ਰੰਗ ਦੀ ਕਿਸ ਨੇ ਜ਼ਹਿਰ ਮਿਲਾਈ,
ਖੇਤਾਂ ਦੇ ਵਿਚ ਮੱਕੀ ਬੀਜੀ ਉਗ ਪਈਆਂ ਤਲਵਾਰਾਂ।
ਹਾਕਿਮ ਤੇਰੀ ਅਜਬ ਸੁਰਖਿਆ ਨੇ ਇਹ ਚੰਨ ਚੜ੍ਹਾਏ,
ਨਹਿਰ ਕਿਨਾਰੇ ਪਾਟੀਆਂ ਮਿਲੀਆਂ ਚੁੰਨੀਆਂ ਤੇ ਸਲਵਾਰਾਂ।
ਤੜਕ ਸਵੇਰੇ ਕਿਰਣਾਂ ਨੇ ਫਿਰ ਘੁਟ ਕੇ ਜੱਫ਼ੀ ਪਾਈ,
ਸੁੰਦਰਤਾ ਦੀ ਅੰਗੜਾਈ ਵਿਚ ਫੁੱਟੀਆਂ ਨੇ ਕਚਨਾਰਾਂ।
ਸਾਰਾ ਗੁਲਸ਼ਨ ਪਧਰਾ ਹੋ ਕੇ ਧਰਤੀ ਦੇ ਨਾਲ ਲੱਗਾ,
ਨੇਰ੍ਹੀਆਂ ਚੱਖੜਾਂ ਕਰ ਦਿੱਤੀਆਂ ਨੇ ਲੀਰੋ ਲੀਰ ਬਹਾਰਾਂ।
ਸਿਰਫ਼ ਸਥਾਈ ਆਵਾਸ ਲਈ ਕੀ ਕੀ ਕੀਤੇ ਕਾਰੇ,
ਪਰਦੇਸਾਂ ਵਿਚ ਧਰਮ ਬਦਲ ਲਏ ਮੁੰਡਿਆਂ ਤੇ ਮੁਟਿਆਰਾਂ।
ਨਾ ਕੋਈ ਵਿਦਿਆ ਨਾ ਪਰਸਿਖਿਅਨ ਨਾ ਗੁਰੂ ਨਾ ਚੇਲਾ ਹੈ,
ਅਨੁਸ਼ਾਸਨ ਦੇ ਭੇਦ ਸਿਖਾਵਣ ਉਡਦੀਆਂ ਜਾਂਦੀਆਂ ਡਾਰਾਂ।
ਖ਼ਾਬਾਂ ਦੀ ਤਾਬੀਰ ਹਮੇਸ਼ਾਂ ਢਹਿ ਢੇਰੀ ਹੋ ਜਾਂਦੀ,
ਜਿੰਨੀਆਂ ਮਰਜ਼ੀ ਉਚੀਆਂ ਕਰ ਲੈ ਰੇਤੇ ਨਾਲ ਦੀਵਾਰਾਂ।
ਉਥੋਂ ਦਾ ਭਵਿਖ ਹਮੇਸ਼ਾਂ ਸੂਰਜ ਬਣ ਕੇ ਚੜ੍ਹਦਾ,
ਜਿਸ ਨਗਰੀ ਵਿਚ ਨਿਯਮਤ ਰੂਪ ’ਚ ਹੁੰਦੀਆਂ ਨੇ ਸਰਕਾਰਾਂ।
ਉਚ ਵਿਦਿਆ ਦੇ ਆਉ ਦੱਸਾਂ ਕੀ ਹੁੰਦੇ ਨੇ ਗਹਿਣੇਂ,
ਭੁੱਖੇ ਢਿੱਡ ’ਚੋਂ ਨਿਕਲ ਰਹੀਆਂ ਨੇ ਮੂੰਹ ਦੇ ਵਿੱਚੋਂ ਲਾਰਾਂ।
ਸੂਰਜ ਮੇਰੀ ਹਸਤੀ ਅੰਦਰ ਵਾਸਾ ਕਰਕੇ ਰਹਿੰਦਾ,
ਦਿਨ ਦੇ ਵੇਲੇ ਧਰਤੀ ਦੇ ਲਈ, ਅੰਬਰੀ ਰਾਤ ਗੁਜ਼ਾਰਾਂ।
ਭੁੱਖਮਰੀ ਤੇ ਬਰਬਾਦੀ ਦਾ ਨਰਕ ਸਦਾ ਹੈ ਦਿੱਤਾ,
ਸੁੱਖ ਸਹੂਲਤ ਕਦ ਦਿੱਤੀ ਹੈ ਬੰਦੇ ਨੂੰ ਹਥਿਆਰਾਂ।
ਪਰਿਵਾਰਾਂ ਦੀ ਹੋਂਦ ਨੂੰ ਬਾਲਮ ਮਿਲਦਾ ਤੜਕ ਸਵੇਰਾ,
ਧੀਰਜ ਸੰਜਮ ਅਕਲ ਸੁਚੱਜੀ ਰਖਦੀਆਂ ਨੇ ਜੋ ਨਾਰਾਂ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409