ਜਿਸ ਦਿਨ ਦਾ ਮੁੰਡਾ
ਜ਼ਹਾਜੇ ਚੜੁਿਆ
ਸਾਡੇ ਨਾ ਕੋਈ ਵਿਹੜੇ ਵੜਿਆ।
ਭਾਂਅ ਭਾਂਅ ਕਰਦਾ
ਰਹਿੰਦਾ ਵਿਹੜਾ
ਬੁੜਿਆਂ ਕੋਲੇ ਕਿਹੜਾ ਖੜਦਾ।
ਸਾਡਾ ਕੀ ਏ ਸ਼ੇਰਾ
ਬਾਹਲੀ ਲੰਘ ਗਈ
ਥੋੜੀ ਰਹਿ ਗਈ
ਸਾਡੇ ਵਿਹੜੇ ਕਿਹੜਾ ਵੜਦਾ।
ਸਾਲ ਹੋ ਗਿਆ ਨਾ ਕੋਈ
ਕੋਠੇ ਚੜਿਆ
ਪੇਟੀਆਂ ਵਾਲੇ ਅੰਦਰ
ਵੀ ਕੋਈ ਨੀ ਵੜਿਆ
ਕਿਹੜਾ ਭਾਈ ਕਾਕਾ ਤੂੰ ?
ਸਾਡੇ ਵਿਹੜੇ ਕਿੱਦਾਂ
ਭੁੱਲ ਕੇ ਵੜਿਆ।
ਸਿਆਣ ਮੇਰੇ ਨੀ ਆਇਆ
ਨਿਗਾਹ ਵੀ ਥੋੜੀ ਹੋਈ
ਨਾਲੇ ਭਾਈ ਹੁਣ ਤੇ
ਸੁਣਨ ਵੀ ਹੁਣ ਉਚੀ ਲੱਗਿਆ
ਹੁਣ ਤਾਂ ਕਾਕਾ ਫੋਨ
ਵੀ ਨੀ ਬਹੁਤਾ ਕਦੇ ਵਜਿਆ
ਸੱਜਾ ਹੱਥ ਵੀ ਜਾਵੇ ਖੜਦਾ।
ਕੱਲੇ ਹੀ ਰਹਿੰਦੇਂ ਬੈਠੇ
ਮੈਂ ਤੇਰੀ ਸ਼ੇਰਾ ਤਾਈ ਉਏ
ਚੰਗਾ ਤੂੰ ਆਇਆ ਮੇਰੀ
ਮੁੱਕੀ ਪਈ ਦਵਾਈ ਉਏ
ਸਾਡਾ ਹੈਪੀ ਕਨੇਡਿਉ ਘਲੂ
ਤੈਨੂੰ ਫੋਨ ਤੇਰੇ ਡਾਲੇ ਉਏ
ਦਵਾਈਆਂ ਟਾਈਮ ਤੇ ਲਿਉ
ਨਾਲ ਮੇਰੇ ਹੈ ਫੋਨ ਤੇ ਲੜਦਾ।
ਤਾਈ ਤੇਰੀ ਨਿੱਤ ਪੁੱਛੇ
ਪੈਲੀ ਵਾਲਾ ਘਾਮਾ
ਗੇੜਾ ਲਾਉਣ ਨੀ ਆਇਆ।
ਪੈਂਸਨ ਘਢਾਉਣੀ,
ਕੁੜੀ ਕੋਲ ਵੀ ਜਾਣਾ
ਮੈਂ ਉਹਨੂੰ ਲਾਰਾ ਕੋਈ ਲਾਇਆ।
ਦੱਸ ਖਾਂ ਛੇਤੀ ਕੋਈ
ਜੇ ਕੋਈ ਸੁੱਖ ਸੁਨੇਹਾ ਲਿਆਇਆ।
ਗੱਲ ਹੋਰ ਕੋਈ ਨੀ ਗਰੇਵਾਲ
ਖੂਨ ਹੀ ਨਾਲ ਖੂਨ ਦੇ ਖੜਦਾ।
ਅਪਣਾ ਮਾਰੂ ਛਾਵੇਂ ਸਿੱਟੂ
ਭੱਜੀਆਂ ਬਾਹਵਾਂ ਆਖਣ
ਅਕਸਰ ਗਲ ਨੂੰ ਆਵਣ
ਸਰੀਕ ਹੀ ਔਖੇ ਵੇਲੇ ਖੜਦਾ।
ਆ ਤਾਂ ਘਾਮਿਆ
ਰੰਗ ਤੂੰ ਲਾਇਆ, ਜਿਹੜਾ
ਸੁੱਖ ਨਾਲ ਸਾਡੇ ਵਿਹੜੇ ਆਇਆ।
ਵਧੀਆ ਕੀਤਾ ਸਾਡੀਆਂ
ਦਵਾਈਆਂ ਤੂੰ ਹੈ ਲਿਆਇਆ।
ਤਾਏ ਤੇਰੇ ਦਾ ਸਾਹ ਉਲਟਦਾ
ਔਖਾ ਹੀ ਲੋਟ ਜਿਹਾ ਆਇਆ।
ਅੱਦਰਕ ਲਾਚੀਆਂ ਵਾਲੀ ਚਾਹ ਬਣਾਈ
ਤਾਂ ਸਾਹ ਤੋਂ ਕੁਝ ਰਾਹਤ ਪਾਈ
ਘਾਮੇ ਨੂੰ ਤੰਗ ਨਾ ਕਰਿਆ ਕਰ
ਤੇਰਾ ਤਾਇਆ ਨਿੱਤ ਮੇਰੇ ਨਾਲ ਲੜਦਾ।
ਮੈਂ ਤਾਂ ਤਾਈ ਵਾਂਡਿਉ ਆਇਆ
ਮੁੰਡੇ ਤੁਹਾਡੇ ਘੱਲਿਆ ਜਿਹੜਾ
ਇੱਕ ਆਈ ਫੋਨ ਵੀ ਲਿਆਇਆ।
ਨਾਲੇ ਭੇਜੇ ਬੂਟਾਂ ਦੇ ਜੋੜੇ ਤੇ ਜਾਕਟਾਂ
ਬੈਟਰੀ ਉਹਨਾਂ ਮੈਨੂੰ ਭੇਜੀ ਕਹਿੰਦੇ
ਤੂੰ ਰਾਤੀਂ ਖੇਤੀਂ ਪਾਣੀ ਹੁੰਦਾ ਲਾਉਣਾ।
ਗਰੇਵਾਲ ਕਹਿੰਦਾ ਹੋਰ ਕੁਝ ਭੇਜਣਾ
ਘਾਮਿਆ ਪੁੱਛੀ ਬੇਬੇ ਬਾਪੂ ਨੂੰ ਮੇਰੇ
ਨਾਲੇ ਮੇਰੇ ਵੱਲੋਂ ਪੈਰੀਂ ਹੱਥ ਲਾਉਣਾ।
ਹਾਲੀ ਨੀ ਆ ਹੋਣਾ,ਮੇਰੀ ਆ ਮਜਬੂਰੀ
ਕੌਲਗੜ੍ਹ ਰਹਿੰਦਾ ਕਰਜ਼ ਹੈ ਲਾਹੁਣਾ।
ਡਾ ਜਸਵੀਰ ਸਿੰਘ ਗਰੇਵਾਲ
ਬਸੰਤ ਨਗਰ, ਹੰਬੜਾਂ ਰੋਡ
ਲੁਧਿਆਣਾ।
9814846204