ਤਰਕਸ਼ੀਲਾਂ ਵੱਲੋਂ ਅੰਧਵਿਸ਼ਵਾਸਾਂ ਦੇ ਭਰਮ ਜਾਲ ਵਿੱਚੋਂ ਨਿਕਲਣ ਦਾ ਸੁਨੇਹਾ
ਭਾਰਤ ਦੇ ਮਿਹਨਤੀ ਤੇ ਇਮਾਨਦਾਰ ਲੋਕ ਅਖੌਤੀ ਸਿਆਣਿਆਂ ਦੇ ਭਰਮ ਜਾਲ ਵਿਚੋਂ ਨਿਕਲ ਨਹੀਂ ਰਹੇ। ਅਖੌਤੀ ਸਿਆਣੇ ਉਨ੍ਹਾਂ ਨੂੰ ਲੁੱਟਣ,ਠੱਗਣ ਲਈ ਤਰਾਂ ਤਰਾਂ ਦੇ ਜਾਲ ਵਿਛਾਂਦੇ ਰਹਿੰਦੇ ਹਨ। ਲੋਕਾਂ ਦਾ ਲੋਕਾਂ ਦਾ ਨਜ਼ਰੀਆ ਵਿਗਿਆਨਕ ਨਾ ਹੋਣ ਕਾਰਨ ਉਹ ਅਖੌਤੀ ਸਿਆਣਿਆਂ, ਬਾਬਿਆਂ ਦੇ ਭਰਮਜਾਲ ਵਿੱਚ ਫਸ ਕੇ ਆਪਣੀ ਸਰੀਰਕ, ਮਾਨਸਿਕ ਤੇ ਆਰਥਿਕ ਲੁੱਟ ਕਰਵਾਉਂਦੇ ਰਹਿੰਦੇ ਹਨ।ਕਿੰਨੀਆਂ ਹੀ ਬਿਮਾਰ ਔਰਤਾਂ ਨੂੰ ਠੀਕ ਕਰਨ ਦੇ ਬਹਾਨੇ ਤਾਂਤਰਿਕਾਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਕਈਆਂ ਦੇ ਘਰਾਂ ਵਿੱਚ ਦੁੱਖ ਦਲਿਦਰ ਦੂਰ ਕਰਨ ਦੇ ਬਹਾਨੇ ਸਾਰੇ ਟੱਬਰ ਨੂੰ ਬੇਹੋਸ਼ ਕਰਕੇ ਸਭ ਕੁੱਝ ਲੁੱਟ ਕੇ ਲੈ ਗਏ। ਤਾਂਤਰਿਕ ਇਸ ਤਰ੍ਹਾਂ ਵੀ ਲੁੱਟ ਕੇ ਲੈ ਜਾਂਦੇ ਹਨ। ਮੈਂ ਇੱਕ ਸੱਚੀ ਘਟਨਾ ਦਾ ਜ਼ਿਕਰ ਕਰ ਰਿਹਾ ਹਾਂ।
ਇੱਕ ਵਾਰ ਇੱਕ ਅੰਧਵਿਸ਼ਵਾਸੀ ਔਰਤ ਇਸ ਗਲ ਦੀ ਵਹਿਮ ਦੀ ਸ਼ਿਕਾਰ ਹੋ ਗਈ ਕਿ ਉਸਨੂੰ ਰੋਜ਼ ਰਾਤ ਨੂੰ ਭੂਤ ਪ੍ਰੇਤ ਨਜ਼ਰ ਆਉਂਦਾ ਹੈ। ਮਨੋਕਲਪਿਤ ਓਪਰੀ ਬਲਾ ਦੂਰ ਕਰਨ ਲਈ ਉਸ ਨੇ ਇੱਕ ਤਾਂਤਰਿਕ ਦੀ ਸੇਵਾ ਲਈ ਜਿਸ ਨੇ ਉਸਨੂੰ ਪੰਜ ਮੂਰਤੀਆਂ ਲਿਆਉਣ ਲਈ ਕਿਹਾ। ਔਰਤ ਪੰਜ ਮੂਰਤੀਆਂ ਲੈ ਆਈ। ਘਰ ਵਿੱਚ ਔਰਤ ਤੇ ਉਸ ਦੇ ਛੋਟੇ ਬੱਚਿਆਂ ਤੋਂ ਬਿਨਾਂ ਹੋਰ ਵਿਅਕਤੀ ਘਰ ਵਿੱਚ ਨਹੀਂ ਸੀ।ਤਾਂਤਰਿਕ ਕੁੱਝ ਊਟ ਪਟਾਂਗ ਮੰਤਰ / ਸ਼ਬਦ ਬੋਲਦਾ ਰਹਿੰਦਾ ਅਤੇ ਹਰ ਮੰਤਰ ਬਾਅਦ ਹਰ ਇੱਕ ਮੂਰਤੀ ਉੱਤੇ 25 – 25 ਹਜ਼ਾਰ ਰੁਪੈ ਰਖਵਾ ਲੈਂਦਾ ਅਤੇ ਇਸ ਪ੍ਰਕਾਰ ਸਵਾ ਲੱਖ ਰੁਪੈ ਹੋ ਗਏ ,ਅੰਤ ਵਿਚ ਉਸਦੀਆਂ ਕੰਨਾਂ ਦੀਆਂ ਵਾਲੀਆਂ ਵੀ ਰਖਵਾ ਲਈਆਂ। ਫੇਰ ਕੁੱਝ ਮੰਤਰ ਬੋਲ ਕੇ ਇੱਕ ਦਮ ਔਰਤ ਨੂੰ ਕਿਹਾ ਕਿ ਇੱਕ ਘੰਟਾ ਛੱਤ ਤੇ ਜਾ ਕੇ ਵੇਖਦੀ ਰਹਿ ਤੈਨੂੰ ਭੂਤ ਭੱਜਦੇ ਹੋਏ ਨਜ਼ਰ ਆਉਣਗੇ। ਘੰਟੇ ਤੋਂ ਪਹਿਲਾਂ ਹੇਠਾਂ ਨਹੀਂ ਆਉਣਾ। ਮੇਰੇ ਕੋਲੋਂ ਡਰਦੇ ਹੋਏ ਕੋਠੇ ਤੋਂ ਭੱਜਣਗੇ। ਮੇਰੀ ਕੋਸ਼ਿਸ਼ ਹੋਵੇਗੀ ਕਿ ਭੂਤ ਪੈਸਿਆਂ ਦਾ ਨੁਕਸਾਨ ਨਾ ਕਰ ਸਕੇ। ਪੈਸੇ ਇਥੇ ਹੀ ਪਏ ਰਹਿਣਗੇ , ਭੂਤ ਨੂੰ ਉਨ੍ਹਾਂ ਨੂੰ ਲਿਜਾਣ ਨਹੀਂ ਦਿੱਤਾ ਜਾਵੇਗਾ, ਸਿਰਫ਼ ਭੂਤ ਹੀ ਭੱਜਣਗੇ।ਔਰਤ ਅੰਧਵਿਸ਼ਵਾਸੀ ਤੇ ਡਰੀ ਹੋਈ ਸੀ।ਔਰਤ ਛੱਤ ਉੱਤੇ ਗਈ, ਕੁੱਝ ਨਹੀਂ ਦਿਸਿਆ ਪਰ ਜਦੋਂ ਵਾਪਿਸ ਆਈ ਤਾਂ ਤਾਂਤਰਿਕ ਨੇ ਕਿਹਾ ਭੂਤ ਪੈਸੇ ਤੇ ਸਮਾਨ ਲੈ ਕੇ ਗਾਇਬ ਹੋ ਗਏ। ਤਾਂਤਰਿਕ ਨੇ ਕਿਹਾ ਹੁਣ ਤੋਂ ਬਾਅਦ ਤੈਨੂੰ ਭੂਤ ਨਹੀਂ ਦਿੱਸਣਗੇ। ਅੰਧਵਿਸ਼ਵਾਸਾਂ ਵਿੱਚ ਗ੍ਰੱਸੀ ਔਰਤ ਨੇ ਸਹੀ ਮੰਨ ਲਿਆ। ਉਸ ਦੀ ਮਨੋਦਸ਼ਾ ਵਿੱਚ ਕੋਈ ਫ਼ਰਕ ਨਹੀਂ ਪਿਆ।ਕੁੱਝ ਦਿਨਾਂ ਬਾਅਦ ਔਰਤ ਘਰ ਵਾਲੇ ਨੂੰ ਲੈ ਕੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਕੋਲ ਆਈ। ਤਰਕਸ਼ੀਲਾਂ ਦੀ ਤਿੰਨ ਮੈਂਬਰੀ ਟੀਮ ਗੁਰਦੀਪ ਸਿੰਘ ਲਹਿਰਾ, ਲੈਕਚਰਾਰ ਕ੍ਰਿਸ਼ਨ ਸਿੰਘ ਤੇ ਮੇਰੇ ਸਮੇਤ ਉਨ੍ਹਾਂ ਤੋਂ ਸਾਰੀ ਵਿਥਿਆ ਸੁਣੀ। ਅਸੀਂ ਕਿਹਾ ਪੈਸੇ ਤਾਂਤਰਿਕ ਲੈ ਗਿਆ ਹੈ, ਪੁਲਿਸ ਕੋਲ ਕੇਸ ਦਰਜ ਕਰਵਾਓ। ਪੁਲਿਸ ਕੋਲ ਕੇਸ ਤਾਂ ਉਨ੍ਹਾਂ ਨਹੀਂ ਕਰਵਾਇਆ ਨਾ ਹੀ ਸਾਨੂੰ ਲਿੱਖ ਕੇ ਦਿੱਤਾ।ਪਰ ਸਾਡੀ ਤਿੰਨ ਮੈਂਬਰੀ ਟੀਮ ਨੇ ਔਰਤ ਦੇ ਅੰਦਰੋਂ ਮਨੋਕਲਪਿਤ ਭੂਤ -ਪ੍ਰੇਤਾਂ ਦੇ ਡਰ ਨੂੰ ਗਲਬਾਤ ਵਿਧੀ ਰਾਹੀਂ ਉਸਾਰੂ ਤੇ ਸਾਰਥਿਕ ਸੁਝਾਵਾਂ ਰਾਹੀਂ ਸਾਫ਼ ਕਰ ਦਿੱਤਾ। ਅਗਲੇ ਹਫਤੇ ਫਿਰ ਬੁਲਾਇਆ ਗਿਆ ਤੇ ਉਸਨੇ ਕਿਹਾ ਮੈਂ ਹੁਣ ਬਿਲਕੁਲ ਠੀਕ ਹਾਂ, ਪੂਰੀ ਨੀਂਦ ਆਉਂਦੀ ਹੈ ਤੇ ਬਿਨਾਂ ਡਰ ਤੋਂ ਘਰ ਦਾ ਕੰਮ ਕਰਦੀ ਹਾਂ।ਸੋ ਲੋਕਾਂ ਦਾ ਨਜ਼ਰੀਆ ਵਿਗਿਆਨਕ ਨਾ ਹੋਣ ਕਰਕੇ ਔਰਤਾਂ ਨਾਲ ਲੁੱਟ ਦੇ ਅਜਿਹੇ ਕੇਸ ਵਾਪਰਦੇ ਰਹਿੰਦੇ ਹਨ।ਜਿਹੜੇ ਦੇਸ਼ ਵਿਚ ਵਿਗਿਆਨ ਨਾਲ ਸਬੰਧਤ ਕਾਲਜ, ਯੂਨੀਵਰਸਿਟੀਆਂ , ਡਾਕਟਰੀ ਸੰਸਥਾਵਾਂ ਤੇ ਹਸਪਤਾਲਾਂ ਨਾਲੋਂ ਧਾਰਮਿਕ ਸਥਾਨ ਵਧ ਹੋਣਗੇ, ਉਥੇ ਲੋਕਾਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਬਣਨ ਦੀ ਥਾਂ ਅੰਧਵਿਸ਼ਵਾਸੀ ਤੇ ਵਹਿਮੀ ਹੀ ਬਣੇਗਾ। ਸਾਡੇ ਲੋਕ ਅਖੌਤੀ ਸਿਆਣਿਆਂ ਦੇ ਭਰਮਜਾਲ ਵਿੱਚ ਪੈ ਕੇ ਆਪਣੀ ਲੁੱਟ ਕਰਵਾਉਂਦੇ ਰਹਿਣਗੇ।ਸਾਡੀ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਵਿਗਿਆਨਕ ਖੋਜਾਂ, ਕਾਢਾਂ ਨੂੰ ਲੋਕਾਂ ਨੂੰ ਵਿਗਿਆਨਕ ਸੋਚ ਪ੍ਰਤੀ ਜਾਗਰੂਕ ਕਰ ਲਈ ਵਰਤੇ ਤਾਂ ਜੋ ਲੋਕਾਂ ਦਾ ਸੋਚਣ ਢੰਗ ਵਿਗਿਆਨਕ ਹੋ ਸਕੇ।ਕਿਸੇ ਵੀ ਧਰਮ ਦੇ ਪਾਖੰਡ ਜਾਂ ਪਾਖੰਡਾਂ ਰਾਹੀਂ ਕੀਤੀ ਜਾਂਦੀ ਲੁੱਟ ਦਾ ਵਿਰੋਧ ਕਰਨਾ ਧਾਰਮਿਕ ਲੋਕਾਂ ਦੀ ਆਸਥਾ ਤੇ ਸੱਟ ਨਹੀਂ ਬਲਕਿ ਲੋਕਾਂ ਨੂੰ ਚੇਤੰਨ ਕਰਨਾ ਹੈ, ਲੋਕਾਂ ਦੇ ਭਲੇ ਦੀ ਗੱਲ ਹੁੰਦੀ ਹੈ। ਪੁਜਾਰੀ ਵਰਗ ਆਪਣੇ ਲਾਲਚ ਵੱਸ ਇਸ ਨੂੰ ਉਲਟ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਵਿੱਚ ਹੁੰਦਾ ਹੈ। ਮਹਾਰਾਸ਼ਟਰ ਵਿਚ ਡਾਕਟਰ ਦਾਭੋਲਕਰ ਅੰਧਵਿਸ਼ਵਾਸ ਦੇ ਵਿਰੁੱਧ ਪ੍ਰਚਾਰ ਕਰਕੇ ਲੋਕਾਂ ਦੇ ਭਲੇ ਦੀ ਗੱਲ ਕਰ ਸਨ ਅਤੇ ਉਹਨਾਂ ਨੇ ਅੰਧਵਿਸ਼ਵਾਸ ਵਿਰੋਧੀ ਕਾਨੂੰਨ ਪਾਸ ਕਰਵਾਉਣਾ ਚਾਹਿਆ। ਕੱਟੜ ਸੋਚ ਵਾਲਿਆਂ ਨੇ ਦਾਭੋਲਕਰ ਦੀਆਂ ਗਤੀਵਿਧੀਆਂ ਧਰਮ ਵਿਰੋਧੀ ਮੰਨਦੇ ਹੋਏ ਉਹਨਾਂ ਮਾਰ ਦਿੱਤਾ। ਇਸੇ ਤਰਾਂ ਕਾਮਰੇਡ ਪਨਸਾਰੇ , ਐਮ ਐਮ ਕਲਬੁਰਜੀ ਅਤੇ ਲੇਖਿਕਾ ਗੌਰੀ ਲੰਕੇਸ਼ ਨੂੰ ਮਾਰ ਦਿੱਤਾ।ਅੱਜ ਦੇ ਸਮੇਂ ਦੀ ਮੰਗ ਹੈ ਕਿ ਲੋਕ ਲਾਈਲੱਗਤਾ, ਅੰਧਵਿਸ਼ਵਾਸ, ਵਹਿਮ ਭਰਮ ਤੇ ਰੂੜ੍ਹੀਵਾਦੀ ਵਿਚਾਰਾਂ ਦੇ ਹਨੇਰੇ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਦੀ ਰੋਸ਼ਨੀ ਵਿੱਚ ਆਉਣ ਤਾਂ ਜੋ ਉਹ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਪਰਜੀਵੀਆਂ ਨੂੰ ਲੁਟਾਉਣ ਦੀ ਥਾਂ ਆਪਣੇ ਪਰਿਵਾਰ ਤੇ ਖਰਚ ਕਰ ਸਕਣ।ਅਸਲ ਵਿੱਚ ਉਹ ਦੇਸ ਵੱਧ ਤਰੱਕੀ ਕਰਦੇ ਹਨ ਤੇ ਲੋਕਾਂ ਦਾ ਜੀਵਨ ਸੁਖੀ ਤੇ ਖੁਸ਼ਹਾਲ ਹੁੰਦਾ ਹੈ ਜਿਸ ਦੇਸ਼ ਦੇ ਲੋਕਾਂ ਦਾ ਨਜ਼ਰੀਆ ਵਿਗਿਆਨਕ ਹੈ।ਇਸ ਲਈ ਸਾਨੂੰ ਲਾਈਲੱਗਤਾ ਛੱਡ ਕੇ ਆਪਣਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ।ਸੋ ਆਓ ਆਪਾਂ ਵਿਗਿਆਨਕ ਸੋਚ ਅਪਣਾਈਏ ਤੇ ਅੰਧਵਿਸ਼ਵਾਸਾਂ ਦੀ ਦਲਦਲ ਤੋਂ ਬਾਹਰ ਆਈਏ।
ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
9417422349